ਡੋਪਾਮਾਈਨ

ਲੇਖਕ: ਅਲਫ਼ਾਜ਼


ਘਬਰਾਹਟ ਦਾ ਸਿਖਰ ਸੀ…. ਮੂੰਹ ਸੁੱਕ ਰਿਹਾ ਸੀ ਤੇ ਜਾਨ ਲੱਤਾਂ 'ਚ ਆ ਗਈ ਸੀ…. ਇੰਝ ਜਾਪ ਰਿਹਾ ਸੀ ਕੋਈ ਬੁਰਕ ਭਰ ਰਿਹਾ ਹੈ…. ਰਹਿ ਰਹਿ ਕੇ ਖਿਝ ਆ ਰਹੀ ਸੀ…. ਸਾਲਾ ਕੋਈ ਵੱਸ ਵੀ ਨਹੀਂ ਸੀ…. ਬੈੱਡ 'ਤੇ ਲੇਟਿਆ ਕਦੇ ਏਧਰ ਪਾਸਾ ਮਾਰ ਛੱਡਦਾ ਕਦੇ ਉਧਰ…. ਉੱਠਣ ਦੀ ਸੱਤਿਆ ਖ਼ਤਮ ਸੀ…. ਤਲਬ ਲੱਗੀ ਪਈ ਸੀ। ਮਨ ਕਰਦਾ ਸੀ ਕਿ ਫੋਨ ਦੀ ਸਕਰੀਨ ਭੰਨ ਦੇਵਾਂ, ਤੋੜ ਦੇਵਾਂ…. ਪਰ ਕਿਉਂ? ਏਹਦਾ ਕੀ ਕਸੂਰ…. ਲੱਖ ਰੁਪਈਆ ਐਵੇਂ ਤਾਂ ਨਹੀਂ ਲਾਇਆ ਸੀ….

ਗੈਲਰੀ ਖੋਲ੍ਹੀ। ਫੋਟੋਆਂ ਵੇਖਣ ਦੀ ਕੋਸ਼ਿਸ਼ ਕਰੀ ਪਰ ਮੱਚਦੀ ਕਾਹਲ਼ ਨੇ ਕੁਝ ਨਾ ਕਰਨ ਦਿੱਤਾ…. ਪੋਰਟਰੇਟ ਮੋਡ 'ਚ ਖਿੱਚੀਆਂ ਫੋਟੋਆਂ ਵੀ ਚੁਭਦੀਆਂ ਲੱਗੀਆਂ…. ਏਹਦਾ ਵੀ ਕੀ ਫ਼ਾਇਦਾ…. ਨੈੱਟ ਬਿਨਾਂ ਤਾਂ ਡੱਬਾ ਈ ਆ।

ਸਿਮਰ ਖਿਝਿਆ ਪਿਆ ਸੀ … ਉਹਨੂੰ ਲੱਗਾ ਉਹਦੀ ਜਾਨ ਨਿਕਲ ਜਾਣੀ ਆ … ਜਾਨ ਹਲ਼ਕ 'ਚ ਸੀ … ਕਲੇਜਾ ਮੂੰਹ ਨੂੰ ਆ ਰਿਹਾ ਸੀ । " ਰੋਟੀ ਲੈ ਕੇ ਆਵਾਂ???" ਮੰਮੀ ਨੇ ਪੁੱਛਿਆ “ਨਹੀਂ ਮੈਂ ਨਹੀਂ ਖਾਣੀ … “ਉਹਨੇ ਤਲਖੀ ਨਾਲ ਜਵਾਬ ਦਿੱਤਾ । "ਕਿਉਂ ਕੀ ਹੋਇਆ ????" ਮੰਮੀ ਨੇ ਦੁਬਾਰਾ ਪੁੱਛਿਆ ਤਾਂ ਹੋਰ ਖਿਝ ਗਿਆ ਤੇ ਬੋਲਿਆ ,”ਜਦੋਂ ਕਹਿ-ਤਾ ਨਹੀਂ ਖਾਣੀ …ਆਪੇ ਖਾ ਲੂੰ ਜਦੋਂ ਮਨ ਹੋਇਆ । " ਘਰਦਿਆਂ ਨੂੰ ਕਿੰਨੀ ਵਾਰ ਕਿਹਾ, " ਵਾਈ ਫਾਈ ਲਵਾ ਲਈਏ …।" 'ਪਰ ਨਹੀੰ ਅਖੇ : "ਕੇਹੜਾ ਘਰ ਰਹਿਣਾ ਹੁੰਦਾ ਆ ? ਹੋਰ ਖ਼ਰਚਾ ਵਧਾਉਣਾ ….ਵਰਤਣਾ ਤਾਂ ਹੈ ਨਹੀਂ ਜਦੋਂ ਲੋੜ ਈ ਹੈ ਨਹੀ … ਕੀ ਕਰਨਾ।” “ਮੰਨਦੇ ਕੇਹੜਾ ਹੈਗਾ ।"

ਲੰਮਾ ਸਾਹ ਲੈ ਕੇ ਸਿਮਰ ਨੇ ਫੇਰ ਸਹਿਜ ਹੋਣ ਦੀ ਕੋਸ਼ਿਸ ਕੀਤੀ … ਪਾਣੀ ਪੀਣ ਲੱਗਾ ਤਾਂ ਹਲਕ ਤੋ ਥੱਲੇ ਨਹੀਂ ਗਿਆ । ਬੱਸ ਭੱਜ ਜਾਣਾ ਚਾਹੁੰਦਾ ਸੀ । ਸਰਕਾਰ ਵੀ ਭੈਣ ਚੋ …. ਜਦੋਂ ਜੀਅ ਕਰਦਾ ਨੈੱਟ ਬੰਦ ਕਰ ਦਿੰਦੀ ਆ …ਇਹ ਸਾਲ਼ੀ ਕੀ ਗੱਲ ….। ਇੰਸਟਾਗ੍ਰਾਮ ਖੋਲ੍ਹਦਾ ਤਾਂ ਇੱਕੋ ਰੀਲ ਵਾਰ ਵਾਰ ਘੁੰਮ ਰਹੀ ਸੀ ਕਿ ਇੰਟਰਨੈੱਟ ਸੇਵਾਵਾਂ ਅਗਲੇ 24 ਘੰਟਿਆਂ ਲਈ ਮੁਲਤਵੀ । ਟਾਇਮ ਵੇਖਿਆ ਤਾਂ 4 ਵੱਜਣ ਵਾਲੇ ਸੀ …. । ਢਾਈ ਕੁ ਵਜੇ ਖ਼ਬਰ ਪੜ੍ਹੀ ਸੀ ਕਿ ਸਰਕਾਰ ਨੇ ਇਲਾਕੇ ਦੀਆਂ ਇੰਟਰਨੈੱਟ ਸੇਵਾਵਾਂ ਅਗਾਊਂ ਡਰ ਦੇ ਮੱਦੇਨਜ਼ਰ ਠੱਪ ਕਰ ਦਿੱਤੀਆਂ ਨੇ । ਐਂਕਰ ਉੱਚੀ ਉੱਚੀ ਚੀਕ ਰਿਹਾ ਸੀ ਕਿ ਸਰਕਾਰ ਨੇ ਸੰਭਾਵੀ ਖ਼ਤਰੇ ਨੂੰ ਭਾਂਪਦਿਆਂ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਨੇ ….ਪੁਲ਼ਿਸ ਮੁਸਤੈਦ ਆ ਤੇ ਹਜ਼ਾਰ ਜਵਾਨ ਸੁਰੱਖਿਆ ਲਈ ਤਾਇਨਾਤ ਕਰ ਦਿੱਤੇ ਨੇ । ਲੋਕਾਂ ਨੂੰ ਬਾਹਰ ਨਾ ਨਿਕਲਣ ਤੇ ਘਰਾਂ ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਸੀ । ਮੰਮੀ ਹੋਰਾਂ ਦੇ ਫੋਨ 'ਤੇ ਤਾਂ ਉਦੋ ਈ ਨੈੱਟ ਬੰਦ ਹੋ ਗਿਆ ਸੀ ਪਰ ਉਹ ਖੁਸ਼ ਸੀ ਕਿ ਉਹਦਾ ਚੱਲ ਰਿਹਾ ਹਾਲੇ ।

ਪਰ ਤਿੰਨ ਕੁ ਵਜੇ ਸਿਮਰ ਦਾ ਫੋਨ ਵੀ ਡੱਬਾ ਹੋ ਗਿਆ । ਕੁਝ ਵੀ ਖੋਲ੍ਹਦਾ ਤਾਂ ਲੋਡਿੰਗ ਆਉਣ ਲੱਗ ਪੈਂਦੀ … ਦੱਸ ਪੰਦਰਾਂ ਮਿੰਟ ਟੱਕਰਾਂ ਮਾਰਿਆ …ਫੋਨ ਐਰੋਪਲੇਨ ਮੋਡ 'ਤੇ ਲਾਇਆ … ਬੰਦ ਕਰਕੇ ਚਲਾਇਆ ਪਰ ਉਹਦੇ ਫੋਨ 'ਤੇ ਨੈੱਟ ਬੰਦ ਹੋ ਚੁੱਕਾ ਸੀ । ਕੇਰਾਂ ਤਾਂ ਖੁਸ਼ ਹੋਣ ਦੀ ਕੋਸ਼ਿਸ਼ ਕਰੀ ਕਿ ਚਲੋ ਖਹਿੜਾ ਛੁੱਟੂ ..ਪਰ ਏਹ ਨਿਰਾ ਪੁਰਾ ਵਹਿਮ ਈ ਸੀ … ਥੋੜ੍ਹੇ ਟਾਈਮ ਬਾਅਦ ਅੰਦਰ ਖੋਹ ਪੈਣ ਲੱਗੀ …ਭੱਜ ਕੇ ਕੋਠੇ ਚੜ੍ਹਿਆ ਪਰ ਹਵਾ ਫੰਧੇ ਵਾਂਗ ਜਾਪੀ ਉਹਨੂੰ ਲੱਗਾ ਖੁੱਲ੍ਹੇ ਆਸਮਾਨ 'ਚ ਵੀ ਦਮ ਘੁੱਟਿਆ ਜਾਣਾ ਆ …। ਉਹਨੂੰ ਲੱਗਾ ਕਿ ਸਭ ਝੂਠ ਆ ਤੇ ਹੁਣੇ ਨੈੱਟ ਚਲ ਪੈਣਾ ਆ …ਫੇਰ ਸਕਰੀਨ ਵੇਖੀ ਲੋਡਿੰਗ ਆ ਰਹੀ ਸੀ ..ਉਹ ਖਿਝਿਆ । ਸਿਰ ਉੱਤੋਂ ਦੀ ਪੰਛੀਆਂ ਦੀ ਡਾਰ ਲੰਘੀ ਤੇ ਜਾਪਿਆ ਜਿਵੇਂ ਚਿੜਾ ਰਹੀ ਆ । ਇੱਕੋਦਮ ਘੁੰਮਣਘੇਰੀ ਆਈ ਤੇ ਉਹਦਾ ਸਿਰ ਚਕਰਾਉਣ ਲੱਗਾ , ਸਿਮਰ ਨੂੰ ਫੇਰ ਲੱਗਾ ਕਿ ਵੱਤ ਆ ਜਾਣਗੇ । ਉਹ ਥੱਲੇ ਉੱਤਰਨ ਲੱਗਾ ਤੇ ਪੈਰ ਗੱਡੇ ਤੋਂ ਵੀ ਭਾਰੇ ਲੱਗੇ …ਜਾਪ ਰਿਹਾ ਸੀ ਗਿੱਟਿਆਂ ਨਾਲ ਜਿਵੇਂ ਵੱਟੇ ਬੰਨ੍ਹ ਦਿੱਤੇ ਹੋਣ …ਉਹ ਮਸੀਂ ਈ ਥੱਲੇ ਉੱਤਰਿਆ ….ਆ ਕੇ ਬੈੱਡ 'ਤੇ ਪਿਆ … ਕੁਝ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਖਿਝ ਈ ਚੜ੍ਹ ਰਹੀ ਸੀ । ਉਹਨੂੰ ਆਪਣੀ ਹਾਲਾਤ ਰੁਲਦੂ ਕੇ ਗੋਲੇ ਵਰਗੀ ਲੱਗੀ ਜੋ ਨਸ਼ੇ ਬਿਨਾਂ ਸੜਕ 'ਤੇ ਗਿੱਟੇ ਰਗੜ ਰਿਹਾ ਸੀ ਤੇ ਉੱਥੇ ਆਪਣੀ ਮਾਂ ਨੂੰ ਉੱਚੀ ਉੱਚੀ ਗਾਲ਼ਾਂ ਦੇ ਰਿਹਾ ਸੀ …ਮਾਂ ਚੁੰਨੀ ਹੱਥਾਂ 'ਚ ਫੜੀ ਕਦੇ ਗੋਲੇ ਦੇ ਪੈਰਾਂ 'ਚ ਰੱਖਦੀ ਤੇ ਕਦੇ ਲੋਕਾਂ ਦੇ । "ਮੇਰਾ ਪੁੱਤ ਬਚਾਲੋ …ਵੇ ਲੋਕੋ ! ਬਚਾਲੋ ਵੇ …ਇਹਨੂੰ ਕੀ ਹੋਈ ਜਾਂਦਾ ।" ਲੋਕ ਦੇਖਦੇ ਤੇ ਅੱਗੇ ਤੁਰਦੇ ਬਣਦੇ … ਕਈ ਦੰਦੀਆਂ ਕੱਢਦੇ ਤੇ ਕਈ ਮਾਂ ਦੀ ਹਾਲਤ 'ਤੇ ਤਰਸ ਕਰਦੇ ।

ਸਿਮਰ ਟੋਲ਼ ਤੋਂ ਉੱਤਰ ਕੇ ਘਰ ਵੱਲ ਨੂੰ ਆ ਰਿਹਾ ਸੀ ਜਦੋਂ ਉਹਨੇ ਗੋਲਾ ਲਿਟਦਾ ਵੇਖਿਆ ਸੀ …ਕੇਰਾਂ ਤਾਂ ਗਾਲ਼ ਜੇਹੀ ਦੇ ਕੇ ਉਹ ਵੀ ਅੱਗੇ ਜਾਣ ਲੱਗਾ ਪਰ ਫੇਰ ਪਤਾ ਨਈਂ ਉਹਦੇ ਮਨ 'ਚ ਕੀ ਆਇਆ । ਉਹਨੇ ਬਾਬੇ ਕੇ ਮਣੇ ਨੂੰ ਆਵਾਜ਼ ਵਾਰ ਕੇ ਗੋਲੇ ਨੂੰ ਘਰ ਛੱਡਣ ਦਾ ਫੈਸਲਾ ਕੀਤਾ । “ਕੁੱਤੀਏ ਮੈਨੂੰ ਨਸ਼ਾ ਲਿਆ ਦੇ ….ਮੈਂ ਮਾਰ ਦੂੰ ਤੈਨੂੰ “…. ਗੋਲਾ ਆਪਣੀ ਮਾਂ ਨੂੰ ਲਗਾਤਾਰ ਗਾਲ਼ਾਂ ਦੇ ਰਿਹਾ ਸੀ । ਸਿਮਰ ਨੂੰ ਪਤਾ ਨ੍ਹੀਂ ਕੀ ਹੋਇਆ ਉਹਨੇ ਦੋ ਚਪੇੜਾਂ ਗੋਲੇ ਦੇ ਧਰ-ਤੀਆਂ ਪਰ ਉਦੋਂ ਈ ਗੋਲੇ ਦੀ ਮਾਂ ਟੁੱਟ ਕੇ ਪੈ ਗਈ, "ਵੇ ਮਾਰਦਾ ਕਿਉਂ ਆ ?" "ਮਾਰਨਾ ਏਹਨੂੰ ਏਹ ਤਾਂ ਪਹਿਲਾਂ ਈ ਮਰਿਆ ਪਿਆ ਆ …" ਗੋਲੇ ਦੀ ਮਾਂ ਟੁੱਟ ਕੇ ਪਈ ਤਾਂ ਸਿਮਰ ਨੂੰ ਲੱਗਾ ਉਹਨੇ ਬੱਜਰ ਗੁਨਾਹ ਕਰ-ਤਾ ਹੋਵੇ। ਪਰ ਉਹ ਨਿੰਮੋਝੂਣਾ ਜਿਹਾ ਹੋ ਕੇ ਕਰ-ਕਰਾ ਕੇ ਮਣੇ ਨੂੰ ਨਾਲ ਲੈ ਕੇ ਗੋਲੇ ਨੂੰ ਘਰੇ ਛੱਡ ਆਇਆ ਸੀ । ਗੋਲੇ ਦੀ ਸੂਰਤ ਅੱਖਾਂ ਮੂਹਰੇ ਘੁੰਮੀ ਤਾਂ ਉਹਨੂੰ ਆਵਦੇ ਤੇ ਗੋਲੇ ਚ ਫ਼ਰਕ ਨਾ ਲੱਗਾ … ਕੇਰਾਂ ਤਾਂ ਲੱਗਾ ਕਿ ਗਾਲ਼ਾਂ ਦਵੇ ਸਭ ਨੂੰ ; ਪਰ ਉਹਨੂੰ ਪਤਾ ਸੀ ਕਿ ਘਰਦਿਆਂ ਨੇ ਚਪੇੜਾਂ ਦਾ ਮੀਂਹ ਵਰ੍ਹਾ ਦੇਣਾ ਆ । ਫੇਰ ਪਤਾ ਨ੍ਹੀਂ ਕੀ ਆਇਆ ਮਨ 'ਚ …ਗੱਡੀ ਦੀ ਚਾਬੀ ਚੁੱਕੀ ਤੇ "ਮੈਂ ਆਇਆ ਮੰਮੀ" ਕਹਿ ਕੇ ਚੌਕ ਨੂੰ ਤੁਰ ਪਿਆ । ਫੋਨ ਵੱਲ ਵੇਖਦਾ ਤਾਂ ਰਹਿ ਰਹਿ ਕੇ ਖਿਝ ਆਉਂਦੀ …ਦੋ ਤਿੰਨ ਕਾਲਾਂ ਤਾਂ ਆਈਆਂ ਪਰ ਚੁੱਕਣਾ ਜ਼ਰੂਰੀ ਨਾ ਸਮਝਿਆ ।

ਸਨੈਕਰਜ ਵਾਲਿਆਂ ਦੇ ਗਿਆ ਤਾਂ ਆਵਦਾ ਫੇਵਰਟ ਚਿਕਨ ਬਰਗਰ ਆਰਡਰ ਕਰ ਦਿੱਤਾ .. ਦੇਖਿਆ ਤਾਂ ਵਾਈ ਫਾਈ ਦਾ ਸਿਗਨਲ ਸ਼ੋਅ ਹੋ ਰਿਹਾ ਸੀ … ਉਹਨੇ ਝੱਟ ਰਿਸੈਪਸ਼ਨ ਤੋ ਪਾਸਵਰਡ ਮੰਗ ਲਿਆ ਤੇ ਉਹਨਾਂ ਨੇ ਵੀ ਦੇਣ 'ਚ ਦੇਰ ਨਾ ਲਾਈ ਉਹ ਪਲਾਂ 'ਚ ਈ ਲਹਿਰਾਂ ਬਹਿਰਾਂ 'ਚ ਹੋ ਗਿਆ ….ਸਰੀਰ ਹੌਲਾ ਫੁੱਲ ਵਰਗਾ ਹੋ ਗਿਆ ਤੇ ਗੱਲ੍ਹਾਂ 'ਤੇ ਲਾਲੀ ਉਮੜ ਪਈ …ਪਾਸਵਰਡ ਭਰਿਆ ਤਾਂ ਇਉਂ ਜਾਪਿਆ ਜਿਵੇਂ ਉਹ ਜੰਗਲ ਤੋ ਬਾਹਰ ਆ ਕੇ ਦੁਨੀਆ ਦੇ ਨਾਲ ਕਨੈਕਟ ਹੋ ਗਿਆ ਹੋਵੇ ਪਰ ਵਾਈ ਫਾਈ ਚੱਲ ਬਹੁਤ ਸਲੋਅ ਰਿਹਾ ਸੀ । ਸਿਮਰ ਨੂੰ ਭੁੱਖ ਨਾਲ ਖੋਹ ਪੈਣ ਲੱਗੀ ਪਰ ਵੱਧ ਚਾਅ ਫੋਨ ‘ਤੇ ਨੈੱਟ ਚੱਲਣ ਦਾ ਸੀ … ਪਰ ਨਾਲ ਹੀ ਆਵਾਜ਼ ਕੰਨੀਂ ਪਈ ਕਿ "ਸਰ ਖਾਣਾ ਕਿ ਪੈਕ ਕਰਨਾ ?" ਡਾਈਨਿੰਗ ਈ ਆ ਉਹਨੇ ਫੋਨ 'ਚ ਮਸਤ ਹੋਏ ਨੇ ਜਵਾਬ ਦਿੱਤਾ । "ਸਰ ਜਲਦੀ ਖਾ ਲਉ ਰਸ਼ ਬਹੁਤ ਆ …ਉਹ ਫੈਮਿਲੀ ਖੜ੍ਹੀ ਆ … ਉਹਨਾਂ ਨੇ ਵੀ ਖਾਣਾ …" ਰਿਸ਼ੈਪਸ਼ਨ ਵਾਲੇ ਨੇ ਐਵੇਂ ਕਾਹਲ਼ ਮਚਾਈ । ਸਿਮਰ ਨੇ ਨਿਗ੍ਹਾ ਘੁਮਾਈ ਤਾਂ ਖਾਲੀ ਰਹਿਣ ਵਾਲਾ ਸਨੈਕਰਜ ਅੱਜ ਫੁੱਲ ਸੀ …ਕਸਟਮਰ ਬਹੁਤ ਸੀ ਤੇ ਸਭ ਦੀ ਨਿਗ੍ਹਾ ਖਾਣ ਨਾਲੋਂ ਜ਼ਿਆਦਾ ਫੋਨ 'ਤੇ ਸੀ । ਸ਼ਾਇਦ ਮਾਲਿਕ ਵੀ ਨਬਜ਼ ਜਾਣ ਗਿਆ ਸੀ ਤੇ ਉਹ ਹਰੇਕ ਆਉਣ ਵਾਲੇ ਨੂੰ ਧੜਾ ਧੜ ਪਾਸਵਰਡ ਦੇ ਰਿਹਾ ਸੀ ਬਿਲਕੁਲ ਉਵੇਂ ਜਿਵੇਂ ਲੁਹਾਰੇ ਚੌਕ ਕੋਲ ਨਸ਼ਾ ਛੁਡਾਊ ਕੇਂਦਰ ਤੇ ਜੀਭ ਦੀਆਂ ਗੋਲੀਆਂ ਵਾਲਿਆਂ ਦੀ ਲਾਈਨ ਲੱਗਦੀ ਆ । ਸਿਮਰ ਨੂੰ ਐਨਰਜੀ ਭਰਪੂਰ ਚਿੱਤ ਲੱਗਿਆ ਤੇ ਟਹਿਕਰੇ 'ਚ ਹੋ ਗਿਆ ਸੀ ਜਿਵੇਂ ਗੋਲੀਆਂ ਲੈਣ ਮਗਰੋਂ ਅਮਲੀ ਉੱਡੇ ਜਾਂਦੇ ਹੁੰਦੇ ਨੇ । ਕੇਰਾਂ ਤਾਂ ਲੱਗਾ ਕਿ ਮੰਜਾ ਡਾਹ ਕੇ ਏਥੇ ਈ ਪੈ ਜਾਵੇ ਪਰ ਰੈਂਸਟੋਂਰੈਂਟ ਦਾ ਮਾਲਿਕ ਵੀ ਚਲਾਕ ਸੀ ਉਹ ਦਸ ਪੰਦਰਾਂ ਮਿੰਟ ਤੋਂ ਵੱਧ ਬੈਠਣ ਨਹੀਂ ਸੀ ਦੇ ਰਿਹਾ …ਕਾਰ ਤੱਕ ਆ ਕੇ ਵਾਈ ਫਾਈ ਨੈੱਟਵਰਕ ਛੱਡ ਗਿਆ । ਉਹ ਫੇਰ ਉਦਾਸ ਹੋ ਗਿਆ …ਹੁਣੇ ਨਿਊਜ਼ ਆ ਰਹੀ ਸੀ ਕਿ ਸ਼ਾਇਦ ਦੋ ਤਿੰਨ ਦਿਨ ਹੋਰ ਨੈੱਟ ਬੰਦ ਰਹੇ …ਪੱਕਾ ਨਹੀਂ ਸੀ …ਸਰਕਾਰ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ ਤੇ ਹਲਾਤਾਂ ਦੇ ਹਿਸਾਬ ਨਾਲ ਫੈਸਲਾ ਲਿਆ ਜਾਣਾ ਸੀ ਤੇ ਹਰੇਕ ਕਦਮ ਫੂਕ ਫੂਕ ਕੇ ਧਰਿਆ ਜਾਣਾ ਸੀ । “ ਜਾ ਰੱਬਾ ਸਾਡੀ ਜਾਨ ਨਿਕਲ ਜੇ ਜਾਂ ਫਿਰ ਈ ਅਫ਼ਵਾਹ ਹੋਵੇ …” ਪਿੱਛੇ ਮੱਠੀ ਮੱਠੀ ਆਵਾਜ਼ ‘ਚ ਚੱਲਦਾ ਅਮਰਿੰਦਰ ਗਿੱਲ ਦਾ ਗਾਣਾ ਕੰਨੀਂ ਪਿਆ … ਰੱਬਾ ! ਸੱਚੀ ਅਫ਼ਵਾਹ ਈ ਹੋਵੇ …ਸਿਮਰ ਨੇ ਮਨ ਹੀ ਮਨ ਅਰਦਾਸ ਕੀਤੀ ।

"ਉਹ ਹੋ ਅੱਜ ਤਾਂ ਮਿੱਠੀ ਨਾਲ ਵੀ ਗੱਲ ਨਹੀਂ ਹੋਣੀ …ਸਰਨਾ ਔਖਾ ਹੋ ਜਾਣਾ …." ਸਿਮਰ ਨੂੰ ਸਹੇਲੀ ਦੀ ਯਾਦ ਆਈ ਤਾਂ ਕਾਰ ਲੌਕ ਕਰਕੇ ਵਾਸ਼ਰੂਮ ਵੱਲ ਨੂੰ ਭੱਜਿਆ …ਏਥੇ ਨੈਟਵਰਕ ਸੀ ਵਾਈ ਫਾਈ ਦਾ … ਕਾਲ ਤਾਂ ਉਹਨੇ ਏਸ ਵੇਲੇ ਚੁੱਕਣੀ ਨਹੀਂ … ਵਟਹਸਅੱਪ ਖੋਲ੍ਹਿਆ ਤਾਂ ਲਾਸਟ ਸੀਨ ਦੋ ਵਜੇ ਦਾ ਸੀ … ਮੈਸਜ ਕੀਤੇ ਇੱਕ ਟਿੱਕ ਆ ਰਹੀ ਸੀ … "ਹੁਣ ਕੀ ਹੋਊ …" ਟੈਕਸਟ ਕਰਨ ਲੱਗਾ ਤਾਂ ਫੇਲ਼ਡ ਆ ਰਿਹਾ ਸੀ … ਯਾਰ ਏਹ ਤਾਂ ਹੋਰ ਵੀ ਔਖਾ , ਵੀਡਿਉ ਕਾਲ ਬਿਨ੍ਹਾਂ ਤਾਂ ਨੀਂਦ ਵੀ ਨਹੀ਼ਂ ਆਉਂਦੀ ਯਰ !। ਮਿੱਠੀ ਦਾ ਅਸਲ ਨਾਮ ਤਾਂ ਸਵੀਟੀ ਸੀ ਤੇ ਸਿਮਰ ਪਿਆਰ ਨਾਲ ‘ਮਿੱਠੀ’ ਕਹਿੰਦਾ ਸੀ … ਗੋਲ ਮਟੋਲ ਪੰਡਿਤਾਂ ਦੀ ਕੁੜੀ ਪੂਰੀ ਬਣਦੀ ਠਣਦੀ ਸੀ … ਪਹਿਲੀ ਵਾਰ ਦੇਖਣ ਸਾਰ ਈ ਲੱਟੂ ਹੋ ਗਿਆ ਸੀ ..ਮਰ ਮਰਾ ਕੇ ਆਈ ਡੀ ਲੱਭੀ ਸੀ ਤੇ ਫੇਰ ਮਨਾਈ ..ਹੁਣ ਸਾਲ ਤੋ ਉੱਤੇ ਹੋ ਚੱਲਿਆ ਸੀ ਗੱਲ ਬਣੀ ਨੂੰ ਤੇ ਸਿਮਰ ਉਹਦੇ ਸਾਹੀਂ ਸਾਹ ਲੈਂਦਾ ਸੀ । ਰੋਜ ਗੱਲਾਂ ਕਰਕੇ ਸੌਣ ਦੀ ਆਦਤ ਸੀ ।ਮੋਗੇ ਬੁੱਘੀਪੁਰੇ ਚੌਕ ਕੋਲ ਬਣੇ ਥਾਪਰ ਕਾਲਜ 'ਚ ਨਰਸਿੰਗ ਕਰਦੀ ਸੀ ਤੇ ਤੀਸਰੇ ਸਾਲ 'ਚ ਸੀ। ਹਾਲੇ ਕੱਲ੍ਹ ਈ ਗੱਲ ਕਰਦੀ ਸੀ, "ਘਰ ਦੇ ਰਿਸ਼ਤੇ ਦੇਖਦੇ ਫਿਰਦੇ ਆ ਮੰਗਣੀ ਕਰਨ ਨੂੰ ਫਿਰਦੇ ਆ … ਵਿਆਹ ਕਹਿੰਦੇ ਸੀ ਫੇਰ ਪੜ੍ਹਾਈ ਤੋ ਬਾਅਦ ਕਰ ਦੇਵਾਂਗੇ । " ਕੇਰਾਂ ਡਰਿਆ ਕਿ ਕਿਤੇ ਮੈਂ ਨੈੱਟ ਬੰਦ 'ਚ ਰਹਿ ਗਿਆ ਹੋਵਾਂ ਤੇ ਵੇਖਣ ਵਾਲੇ ਨਾ ਲੈ ਈ ਨਾ ਗਏ ਹੋਣ । “ਪਰ ਯਾਰ ਏਦਾਂ ਤਾਂ ਨਹੀਂ ਹੋਣਾ …ਰਿਸ਼ਤੇ ਤਾਂ ਘਰ ਦੇ ਵੇਖਦੇ ਈ ਹੁੰਦੇ ਆ … ਮੈਨੂੰ ਕੇਹੜਾ ਨਹੀਂ ਕਹਿੰਦੇ ..ਨਾਲੇ ਮੇਰੀ ਸ਼ੀਂਹਣੀ ਤਾਂ ਮੇਰੇ ਨਾਲ ਆ ,ਏਦਾਂ ਨਹੀਂ ਵਿਆਹ ਕਰਵਾਉਂਦੀ ਉਹ।" ਉਹ ਤੁਰਦਾ ਤੁਰਦਾ ਕਾਰ ਕੋਲ ਆਇਆ ਤਾਂ ਫੇਰ ਪੈਰ ਭਾਰੇ ਲੱਗੇ ਗੱਡੀ 'ਚ ਬੈਠਣ ਦਾ ਮਨ ਨਹੀਂ ਸੀ … ਟਾਈਮ ਦੇਖਿਆ ਤਾਂ ਅੱਠ ਵੱਜਣ ਨੂੰ ਆਏ ਸੀ । ਅੱਗੇ ਅੱਠ ਨੌ ਵਜੇ ਦਾ ਕਮਰੇ ‘ਚ ਵੜ੍ਹਿਆ ਸਿਮਰ ਛੇਤੀ ਬਾਹਰ ਨਹੀਂ ਸੀ ਨਿਕਲਦਾ ਤੇ ਛੁੱਟੀ ਵਾਲੇ ਦਿਨ ਤਾਂ ਬਾਰ੍ਹਾਂ ਵੱਜ ਜਾਂਦੇ। ਉਹਦੇ ਸਿਰ ਦੀ ਪੀੜ ਫ਼ੇਰ ਵਧਣ ਲੱਗੀ ਤੇ ਸਿਰ ਭਾਰਾ ਹੋਣ ਲੱਗਾ … ਪਲ ਦੀ ਖੁਸ਼ੀ ਫੇਰ ਗ਼ਮੀ ਚ ਬਦਲਣ ਲੱਗੀ । ਐਡੀ ਰਾਤ ਕੱਢਣੀ ਕਿੱਦਾਂ ਆ ? ਹਾਏ ਰੱਬਾ ! ਸੋਚਾਂ ਦੇ ਘੋੜੇ ਫੇਰ ਭੱਜਣ ਲੱਗੇ ।

ਇਸ ਵਾਰ ਤਾਂ ਮਾਹੌਲ ਹੋਰ ਈ ਵੇਖਿਆ …. ਉਹਨੂੰ ਸਭ ਬਦਲਿਆ ਬਦਲਿਆ ਲੱਗਾ । ਟੋਲ਼ ਤੋ ਟੱਪਿਆ ਤਾਂ ਲੋਕ ਸੈਰ ਕਰਨ ਨਿਕਲੇ ਹੋਏ ਸੀ … ਇਉਂ ਲੱਗਦਾ ਸੀ ਹਾਈ-ਵੇ ਨਹੀਂ ਪਾਰਕ ਆ … ਵਿਆਹੇ - ਅੱਧਖੜ ਜੋੜੇ ਫਿਰਦੇ ਸੀ .. ਗੋਲਗੱਪਿਆਂ ਵਾਲੇ ਕੋਲ ਕਿੰਨੀ ਭੀੜ ਸੀ ਲੱਗਦਾ ਸਾਲ ਦਾ ਉਹਨੇ ਅੱਜ ਈ ਕਮਾ ਲੈਣਾ …। ਪੁਰਾਣੇ ਘਰ ਕੋਲ ਜਿੱਥੋ ਸਬ-ਵੇ ਸ਼ੁਰੂ ਹੁੰਦਾ ਉੱਥੇ ਘਰਾਂ ਦੇ ਬਾਬੇ ਦੁਕਾਨ ਕੋਲ ਬੈਠੇ ਗੱਲਾਂ ਮਾਰ ਰਹੇ ਸੀ ,ਨਹੀਂ ਤਾਂ ਦੁਕਾਨ ਤੇ ਕੰਮ ਦਾ ਗ੍ਰਾਹਕ ਈ ਹੁੰਦਾ ਸੀ । ਸਾਮ੍ਹਣੇ ਥੜੇ 'ਤੇ ਨੌਜਵਾਨ ਮੁੰਡੇ ਗੱਲਾਂ ਮਾਰੀ ਜਾਂਦੇ ਸੀ …. ਪਰ੍ਹੇ ਆਂਟੀ ਮਨਦੀਪ ਦੋ ਤਿੰਨ ਬੁੜ੍ਹੀਆਂ ਨਾਲ ਗੱਲਾਂ ਮਾਰ ਰਹੀ ਸੀ । ਮੀਂਹ ਤੋ ਬਾਅਦ ਜਿਵੇਂ ਕੀੜੇ ਬਾਹਰ ਨਿਕਲਦੇ ਆ …ਸਿਮਰ ਨੂੰ ਬਾਹਰ ਨਿਕਲੇ ਲੋਕ ਏਵੇ ਦਿਸੇ…. ਕਿਵੇਂ ਭਿਣ ਭੁਣ ਕਰਕੇ ਫਿਰਦੇ । ਉਹਦੇ ਲਈ ਸਭ ਅਲੋਕਾਰਾ ਸੀ। ਉਹਨੇ ਸੋਚਿਆ ਕਿਉਂ ਨਾ ਫਿਰਨੀ 'ਤੇ ਚੱਕਰ ਲਾਇਆ ਜਾਵੇ । ਮੈਂ ਤਾਂ ਲੋਕ ਅੱਠ ਵਜੇ ਤੋੰ ਬਾਅਦ ਘਰਾਂ 'ਚ ਵੜੇ ਵੇਖੇ ਆ …ਸੁੰਨ ਸਰਾਂ ਪਈ ਹੁੰਦੀ ਆ ਪਰ ਅੱਜ ਤਾਂ ਗਲੀਆਂ ਚ ਰੂਹਾਂ ਧੜਕਦੀਆਂ ਲੱਗੀਆਂ । ਪਰ ਉਹਦੀ ਕਾਹਲ਼ ਟਿਕਣ ਨਹੀਂ ਸੀ ਦੇ ਰਹੀ। ਸਾਰੇ ਲੋਕਾਂ 'ਚ ਇੱਕ ਗੱਲ ਸਾਂਝੀ ਦਿਸੀ। ਬਹੁਤੇ ਲੋਕ ਫੋਨ ਇਉਂ ਚੈੱਕ ਕਰ ਰਹੇ ਸੀ ਜਿਵੇਂ ਨਵ ਜੰਮੇ ਦਾ ਪੋਤੜਾ ਚੈੱਕ ਕਰੀਦਾ ਆ। ਫਿਰਨੀ 'ਤੇ ਕਿੰਨੇ ਈ ਚਿਹਰੇ ਵੇਖੇ ਜੋ ਸਾਲਾਂ ਬਾਅਦ ਨਜਰੀਂ ਪਏ ਸੀ । "ਆਹ ਕੌਣ ਆ …" ਗੌਰ ਨਾਲ ਵੇਖਿਆ ਤਾਂ ਲੰਮਿਆਂ ਦਾ ਚਰੜਾਂ ਸੀ …ਹੈਅ ! ਏਹ ਤਾਂ ਬਾਬਾ ਜੇਹਾ ਬਣਿਆ ਫਿਰਦਾ ਪਛਾਣ ਚ ਈ ਨਹੀਂ ਆਉਂਦਾ ..ਉਹਨੂੰ ਹੱਥ ਹਿਲਾ ਕੇ ਫੇਰ ਘਰ ਵੱਲ ਨੂੰ ਆ ਗਿਆ । ਗੱਡੀ ਘਰੇ ਲਿਆ ਖੜਾਈ ਤਾਂ ਇਉਂ ਜਾਪਿਆ ਕਿ ਸਿਮਰ ਮਿੱਟੀ ਵਾਂਗ ਕਿਰ ਕੇ ਬਾਹਰ ਆ ਰਿਹਾ ਹੋਵੇ ।

“ਕਿੱਥੇ ਗਿਆ ਸੀ" ਮੰਮੀ ਨੇ ਪੁੱਛਿਆ। “ ਬੱਸ ਏਥੇ ਈ ਸੀ “ ਅਣਮੰਨੇ ਮਨ ਨਾਲ ਜਵਾਬ ਦਿੱਤਾ । “ਚੱਲ ਠੀਕ ਆ ਕੁਝ ਖਾ ਪੀ ਲੈ …” ਮੰਮੀ ਨੇ ਫੇਰ ਕਿਹਾ “ਨਹੀਂ ਮੇਰਾ ਮਨ … ਬੁਲਾਉ ਨਾ ਮੈਨੂੰ“ ਸਿਮਰ ਨੂੰ ਲੱਗਿਆ ਗੋਲੇ ਦੀ ਰੂਹ ਪ੍ਰਵੇਸ਼ ਕਰ ਰਹੀ ਆ ਤੇ ਉਹ ਹੁਣੇ ਸਭ ਨੂੰ ਗਾਲ਼ਾਂ ਦੀ ਧੂਹ ਵਰਾਹ ਦੇਵੇਗਾ । “ਮੰਮੀ , ਵਾਈ -ਫ਼ਾਈ ਲਵਾ ਲਈਏ ਹੁਣ ?” ਸਿਮਰ ਨੇ ਰੋਣੀ ਆਵਾਜ਼ ‘ਚ ਪੁੱਛਿਆ । “ਕੋਈ ਨਹੀਂ ਜਾਨ ਨਿਕਲਦੀ ਇੱਕ ਦਿਨ ਨਾਲ , ਚੱਲ ਈ ਪੈਣਾ ,ਟਿਕਿਆ ਰਹਿ ਤੂੰ , ਘਰੇ ਟਿਕਣਾ ਨਹੀਂ ਲ਼ਵਾ ਲੋ ਵਾਈ-ਫ਼ਾਈ “ ਮੰਮੀ ਚੌਰੇ ਚੁੱਕ ਕੇ ਪੈ ਗਈ । ਸਿਮਰ ਹੂੰ ਕਰਕੇ ਅੰਦਰ ਵੜ੍ਹ ਗਿਆ । "ਕੁਝ ਹੋ ਜੇ ਕੱਲ੍ਹ ਵਾਈ ਫਾਈ ਲਵਾ ਈ ਲੈਣਾ ਆ … ਭੈਣ ਚੋ … ਘਰਦੇ ਕੁਝ ਨਹੀਂ ਮੰਨਦੇ।" "ਯਾਰ ਮਿੱਠੀ ਨੂੰ ਚੁੰਨੀ ਚੜ੍ਹਾ ਕੇ ਨਾ ਲੈ ਗਏ ਹੋਣ ਕਿਤੇ ….ਫੋਨ ਤਾਂ ਕਰ ਸਕਦੀ ਸੀ …ਕਾਲ ਤਾਂ ਲੱਗਦੀ ਈ ਆ …ਕਿਸੇ ਹੋਰ ਦੇ ਫੋਨ ਤੋਂ ਕਰ ਲੈਂਦੀ । ਮਿੱਠੀ ਨੂੰ ਕਾਲ ਕਰਨ ਦੀ ਟਰਾਈ ਕੀਤੀ ਪਰ ਫ਼ੋਨ ਆਊਟ ਆਫ ਰੇਂਜ ਸੀ ਮੇਰੀ ਤ਼ਾਂ ਸਟਰੀਕ ਟੁੱਟ ਜਾਣੀ ਆ ਸਨੈਪ ਚੈਟ ਤੋ … ਕਿੱਡੀ ਕਿੱਡੀ ਲੰਮੀ ਸਟਰੀਕ ਚੱਲਦੀ ਆ …. ਪੰਦਰਾਂ ਸੌ ਤੋਂ ਉੱਤੇ …. ਡੇਢ ਸੌ ਜਣਿਆਂ ਨਾਲ ਸਟਰੀਕ ਚੱਲਦੀ ਆ । ਹੁਣ ਤਾ ਰੀਸਟੋਰ ਵੀ ਪੰਜ ਜਣਿਆਂ ਨਾਲ ਹੁੰਦੀ ਆ ਨਹੀਂ ਏਹ ਵੀ ਪੈਸੇ ਭਾਲਦੇ ਆ ।

ਸਿਮਰ ਨੂੰ ਯਾਦ ਆਇਆ ਕਿ ਅੱਜ ਤਾਂ ਟਾਈਮ ਨਾਲ ਖੇਤਾਂ ਦੀ ਸਟਰੀਕ ਪਾ ਦਿੱਤੀ ਸੀ …ਸਟਰੀਕ ਤਾਂ ਉਹਨੇ ਉਦੋਂ ਨਹੀਂ ਸੀ ਟੁੱਟਣ ਦਿੱਤੀ ਜਦੋਂ ਦਾਦੇ ਦੀ ਮੌਤ ਹੋ ਗਈ ਸੀ .. ਰਾਤ ਨੂੰ ਦਾਦੇ ਦੀ ਮੌਤ ਹੋ ਗਈ ਸੀ ਤੇ ਕੇਰਾਂ ਉਹਨੂੰ ਧੁੜਕੂ ਲੱਗ ਗਿਆ ਸੀ ਤੇ ਫੇਰ ਸੁਬਹ ਉੱਠਣ ਸਾਰ ਉਹਨੇ ਡਾਰਕ ਕਰ ਕੇ ਸਟਰੀਕ ਪਾ ਦਿੱਤੀ ਸੀ ਰਿਸ਼ਤੇਦਾਰਾਂ ਦੇ ਆਉਣ ਤੋ ਪਹਿਲਾਂ ਪਹਿਲਾਂ । ਦਸ ਦਿਨ ਸੁਬਹ ਉੱਠ ਕੇ ਡਾਰਕ ਸਟਰੀਕ ਪਾਈ ਰੱਖਦਾ ਪਰ ਸਟਰੀਕ ਟੁੱਟਣ ਨਾ ਦਿੱਤੀ ਸੀ ..ਰੋਟੀ ਖਾਣੀ ਤਾਂ ਛੱਡ ਸਕਦਾ ਪਰ ਸਟਰੀਕ ਨਾ ਛੱਡਦਾ … ਕੇਰਾਂ ਚਿੱਤ ਕਰਿਆ ਕਿ ਸੋਨੀ ਦਾ ਜੇ ਬਾਹਰੋਂ ਫੋਨ ਆ ਜਾਵੇ ਤਾਂ ਉਹਨੂੰ ਪਾਸਵਰਡ ਦੇ ਦੇਊ … ਪਤਾ ਨਹੀਂ ਕਿੰਨੇ ਦਿਨ ਨੈੱਟ ਬੰਦ ਰਹਿਣਾ ਆ .. ਉਹ ਆਪੇ ਸਟਰੀਕ ਪਾਈ ਜਾਊਂਗਾ । ਪਰ ਉਹ ਵੀ ਤਾਂ ਵਹਟਸਅਪ ਕਾਲ ਈ ਕਰਦਾ ਆ । ਪਤੰਦਰ ਨੇ ਅੱਜ ਫੋਨ ਵੀ ਨਹੀਂ ਕਰਿਆ …ਅੱਗੇ ਤਾਂ ਟਰੱਕ 'ਤੇ ਹੁੰਦਾ ਫੋਨ ਕਰ ਲੈਦਾ ਅੱਜ ਫੋਨ ਵੀ ਨਹੀਂ ਆਇਆ । ਖ਼ਬਰ ਤਾਂ ਉੱਥੇ ਵੀ ਪਹੁੰਚ ਗਈ ਹੋਣੀ ਆ …ਉਹਨੇ ਖਬਰ ਸਾਰ ਲੈਣ ਲਈ ਈ ਫੋਨ ਕਰ ਲੈਣਾ ਸੀ ਪਤਾ ਨਹੀਂ ਪੱਟੂ ਕਿੱਥੇ ਬਿਜ਼ੀ ਆ?" ਫੋਨ ਚੁੱਕਦਾ ਤੇ ਫੇਰ ਲੌਕ ਕਰਕੇ ਰੱਖ ਦਿੰਦਾ …ਫੇਰ ਅਚਾਨਕ ਸਾਰੇ ਕੰਟੈਕਟ ਨੰਬਰ ਫਰੋਲਣ ਲੱਗਾ … ਕਿੰਨੇ ਨੰਬਰ ਆ ਯਾਰ ….ਕਦੇ ਕਿਸੇ ਨਾਲ ਗੱਲ ਈ ਨਹੀਂ ਹੋਈ ,ਬੱਸ ਸਟੇਟਸ ਵੇਖ ਲਈਦੇ ਆ । ਵੈਰੋਕੇ ਫੋਨ ਕੀਤਾ …. ਡੈਡੀ ਦਾ ਮਾਸੜ ਕਾਫ਼ੀ ਬੀਮਾਰ ਸੀ …ਕਹਿੰਦੇ ਸੀ ਸਾਹਾਂ ਤੇ ਈ ਆ .. ਸੋਚਿਆ ਬੀਬੀ ਨੂੰ ਫੋਨ ਕਰਕੇ ਪਤਾ ਈ ਲੈ ਲਵਾਂ । ਫੋਨ ਲਾ ਤਾਂ ਲਿਆ ਪਰ ਸਿਮਰ ਹਾਲ ਜਾਣ ਕੇ ਬੱਸ ਕੱਟਣ ਦੀ ਕਾਹਲ਼ ਕਰ ਰਿਹਾ ਸੀ … ਬੀਬੀ ਗੱਲ ਲੰਮੀ ਲੈ ਕੇ ਜਾ ਰਹੀ ਸੀ ਤੇ ਅਕੇਵਾਂ ਅੰਦਰ ਕੁਰੇਦ ਰਿਹਾ ਸੀ …ਕੋਈ ਵੀ ਗੱਲ ਪੱਲੇ ਨਾ ਪਈ ਬੱਸ ਹਾਂ ਹੂੰ ਕਰੀ ਗਿਆ … ਪਾਣੀ ਦੀ ਘੁੱਟ ਭਰੀ ਤੇ ਸਤਿ ਸ੍ਰੀ ਅਕਾਲ ਕਹਿ ਕੇ ਫੋਨ ਕੱਟਣ ਦੀ ਤੇਜੀ਼ ਕੀਤੀ । ਫੇਰ ਜੀਜੇ ਨੂੰ ਫੋਨ ਲਾਇਆ ਪਰ ਕੋਈ ਗੱਲ ਈ ਨ੍ਹੀਂ ਆਈ … ਉਹ ਅੱਡ ਨੈੱਟ ਬੰਦ ਹੋਣ ਕਰਕੇ ਦੁਖੀ ਸੀ … ਉਹ ਵੀ ਕੱਲ੍ਹ ਵਾਈ ਫਾਈ ਲਵਾਉਣ ਦੀਆਂ ਗੱਲਾਂ ਕਰ ਰਿਹਾ ਸੀ …ਜਵਾਕਾਂ ਦਾ ਅੱਡ ਚੀਕ ਚਿਹਾੜਾ ਸੁਣ ਰਿਹਾ ਸੀ …ਨਹੀਂ ਤਾਂ ਅੱਗੇ ਫੋਨ ਕਰੀਦਾ ਤਾਂ ਚੁੱਪ ਪਸਰੀ ਹੁੰਦੀ ਆ ….ਕੁੜੀ ਕੋਲ ਟੈਬ ਹੁੰਦਾ ਤਾਂ ਮੁੰਡੇ ਕੋਲ ਭੈਣ ਵਾਲਾ ਫੋਨ … ਗੱਲ ਕਰੀਏ ਤਾਂ ਚੱਜ ਨਾਲ ਗੱਲ ਈ ਨਹੀਂ ਕਰਦੇ ਹੁੰਦੇ । ਪਿੱਛੇ ਚਾਰ ਸਾਲਾਂ ਦੇ ਸਹਿਜਬੀਰ ਦਾ ਰੌਲਾ ਚੁੱਕਿਆ ਸੀ … ਉਹਨੂੰ ਕਿਤੇ ਉਹਦੀ ਭੂਆ ਨੇ ਫੋਨ 'ਤੇ ਕਹਿ-ਤਾ ਸੀ ਕਿ ਸਾਡੇ ਨੈੱਟ ਚੱਲ ਰਿਹਾ ਤਾਂ ਉਹ ਆਪਣੇ ਮੰਮੀ ਡੈਡੀ ਕੋਲ ਜ਼ਿਦ ਫੜੀ ਬੈਠਾ ਸੀ ਕਿ ਮੈਨੂੰ ਲੈ ਕੇ ਚੱਲੋ ਉੱਥੇ ਕੋਕੋਮਿਲਨ ਚੱਲ ਰਹੇ ਆ । ਉਹਨੇ ਅੱਡ ਰੋ ਰੋ ਕੇ ਬੁਰਾ ਹਾਲ ਕੀਤਾ ਸੀ …ਕੁੜੀ ਨੇ ਰੌਲਾ ਪਾ ਰੱਖਿਆ ਸੀ ਕਿ ਵਾਈ ਫਾਈ ਲਵਾਉ ਮੇਰਾ ਹੋਮ ਵਰਕ ਰਹਿ ਜਾਣਾ ਆ ।

ਅੱਖਾਂ ਬੰਦ ਕੀਤੀਆਂ ਤਾਂ ਹੋਰ ਈ ਘੁੰਮਣ ਘੇਰੀਆਂ ਚੱਲਣ ਲੱਗੀਆਂ… ਨਸ਼ਿਆਂ ਦੇ ਛੇਵੇਂ ਦਰਿਆ ਦੀ ਗੱਲ ਹੁੱਬ ਕੇ ਹੁੰਦੀ ਆ ਤਾਂ ਪਰ ਆਹ ਨਸ਼ਾ ਤਾਂ ਕੋਕੀਨ ਤੋੰ ਵੀ ਭੈੜਾ ਆ , ਸਰਕਾਰਾਂ ਨੇ ਆਪ ਪਰੋਸ ਕੇ ਦਿੱਤਾ …ਆਟਾ ਭਾਵੇਂ ਦਿਨੋ ਦਿਨ ਮਹਿੰਗਾ ਹੋ ਰਿਹਾ ਹੈ ਪਰ ਨੈੱਟ ਪੈਕ ਸਸਤੇ ਆ । ਫੇਰ ਸੋਚਣ ਲੱਗਾ ਗਲਤ ਵੀ ਕੀ ਆ ? ਜੇ ਹਰੇਕ ਦੇ ਹੱਥ ਚ ਫੋਨ ਆ ਤਾਂ ਜਾਣਕਾਰੀ ਵੀ ਤਾਂ ਹੈ …. ਜੇਹੜੀ ਨੌਲਿਜ ਪੀਐਚ ਡੀ ਵਾਲਿਆਂ ਕੋਲ ਆ ਉਹ ਕਿਸੇ ਅਨਪੜ੍ਹ ਕੋਲ ਵੀ ਆ …ਜਾਣਕਾਰੀ ਦਾ ਭੰਡਾਰ ਆ ,ਸਭ ਕੁਝ ਤਾਂ ਫੋਨ ‘ਚ ਆ । ਛਿੱਤਰਾਂ ਵਰਗੇ ਸਮਰਾਟ ਫੋਨਾਂ ਨੇ ਦਿਮਾਗੀ ਵਿਕਾਸ ਨੂੰ ਰੋਕ ਰੱਖਿਆ … ਉਹਨੂੰ ਲੱਗਿਆ ਕਿ ਅੰਦਰ ਦੋ ਸਿਮਰ ਟਕਰਾਅ ਰਹੇ ਆ …. ਦੋਵੇਂ ਆਪਾਂ ਆਪਣੀ ਗੱਲ ਰੱਖ ਰਹੇ ਆ ਤੇ ਦੋਵ਼ੇਂ ਸਹੀ ਲੱਗ ਰਹੇ ਆ । “ਗੱਲ ਤਾਂ ਏਹ ਆ ਕਿ ਫੋਨ ਆ ਤਾਂ ਨਾ ਤਾਂ ਘੜੀ ਦੀ ਲੋੜ ਆ ਨਾ ਕੈਲਕੁਲੈਟਰ ਦੀ …. ਪੈਸਿਆਂ ਦਾ ਆਦਾਨ ਪ੍ਰਦਾਨ ਫੋਨ 'ਤੇ …ਵੀਡਿਉ ਕਾਲ … ਨੋਟ ਬੁੱਕ …ਕੈਮਰਾ …ਗਾਣੇ …ਗੇਮਾਂ …ਸ਼ੋਸਲ ਐਪਸ .. ਕੀ ਆ ਜੋ ਫੋਨ 'ਚ ਹੈ ਨਹੀ …ਮਿੰਟ ਚ ਬੰਦਾ ਦੁਨੀਆ ਜਹਾਨ ਨਾਲ ਜੁੜ ਜਾਂਦਾ “ ਪਹਿਲਾਂ ਸਿਮਰ ਬੋਲਿਆ ਵੱਡਿਆਂ ਸਿਆਣਿਆਂ ਸਿਰਫ ਏਹ ਹੀ ਨਹੀਂ ਰਿਸ਼ਤੇ ਵੀ ਖਤਮ ਕਰ ਦਿੱਤੇ ਆ ….ਘਰ 'ਚ ਚਾਰ ਜੀਅ ਤਾਂ ਚਾਰਾਂ ਕੋਲ ਫੋਨ ਹੁੰਦੇ …ਗੱਲ ਕਿਸੇ ਨਾਲ ਕਰਦੇ ਨਹੀਂ ਹੁੰਦੇ …ਸਮਾਜਿਕ ਰਿਸ਼ਤੇ ਖਤਮ ਕਰ ਦਿੱਤੇ "…ਦੂਜਾ ਸਿਮਰ ਤਲਖੀ ਨਾਲ ਬੋਲਿਆ । ਅੰਦਰ ਦੇ ਰੌਲੇ ਨੂੰ ਦਬਾਉਂਦਾ ਉਹ ਉੱਠ ਕੇ ਬਹਿ ਗਿਆ …. ਫੇਰ ਘਬਰਾਹਟ ਛਿੜ ਗਈ। ਆਹ ਫੋਨ ਨੇ ਤਾਂ ਬਥੇਰੇ ਨਾਜਾਇਜ਼ ਰਿਸ਼ਤਿਆਂ ਨੂੰ ਵੀ ਜਨਮ ਦਿੱਤਾ …ਜੇਹੜਾ ਕੰਮ ਲੋਕੀ ਲੁਕ ਕੇ ਕਰਨ ਤੋਂ ਡਰਦੇ ਸੀ ਉਹ ਹੁਣ ਫੋਨ ਆਉਣ ਤੇ ਖੁੱਲ੍ਹ ਕੇ ਕਰਦੇ ਆ । ਸਭ ਤੋ ਵੱਧ ਖਿਝ ਉਦੋਂ ਆਉਂਦੀ ਜਦੋਂ ਸਿਆਣੀ ਬਿਆਣੀ ਮੂੰਹ ਦੇ ਮੂਹਰੇ ਫੋਨ ਕਰਕੇ ਗੱਲ ਕਰਦੀ …ਕਿੰਨਾ ਗੰਦਾ ਲੱਗਦਾ ….ਬੰਦੇ ਵੀ ਕਿੰਨੇ ਅਜੀਬ ਲੱਗਦੇ ….ਚਾਚੇ ਨੂੰ ਵੀ ਭੈੜੀ ਆਦਤ ਆ ਫ਼ੇਰ ਉਹਨੂੰ ਝੋਟਿਆਂ ਦੀ ਵਹੁਟੀ ਦਾ ਖ਼ਿਆਲ ਆ ਗਿਆ ਜੋ ਤਿੰਨ ਜਵਾਕ ਹੁੰਦੇ ਹੋਏ ਵੀ ਵੀਹ ਬਾਈ ਸਾਲ ਦੇ ਮੁੰਡੇ ਨਾਲ ਭੱਜ ਗਈ ਸੀ …ਸੁਣਿਆ ਨੈੱਟ ਤੇ ਈ ਮਿਲਿਆ ਸੀ ਪਿਆਰ ਪੈ ਗਿਆ …ਚੋਰੀ ਚੋਰੀ ਮਿਲਣ ਲੱਗ ਪਈ ਤੇ ਇੱਕ ਦਿਨ ਮੌਕਾ ਵੇਖ ਕੇ ਸਾਰਾ ਗਹਿਣਾ ਗੱਟਾ ਲੈ ਪੱਤਰੇ ਵਾਚ ਗਈ …ਸੱਸ ਦੀ ਲੱਖ ਰੁਪਈਏ ਵਾਲੀ ਕਮੇਟੀ ਵੀ ਲੈ ਗਈ ਸੀ ਜੇਹੜੀ ਉਹਨੇ ਕੱਠੀ ਕਰਕੇ ਬੂੰਗੜੀ ਕਿਆਂ ਨੂੰ ਦੇਣੀ ਸੀ ।

ਕੱਲੀ ਝੋਟਿਆਂ ਦੀ ਵਹੁਟੀ ਥੋੜੀ ਝੁਰਲੂ ਦੀ ਵੌਹਟੀ ਵੀ ਤਾਂ ਨੈੱਟ ਨੇ ਹੀ ਪੱਟੀ ਆ ..ਨਵੀਂ ਵਿਆਹੀ ਆਈ ਅੱਖ ਨਹੀਂ ਸੀ ਚੁੱਕਦੀ ਤੇ ਹੁਣ ਸਕੂਟੀ ਲੈ ਕੇ ਹਰਲ ਹਰਲ ਕਰਦੀ ਫਿਰਦੀ ਹੁੰਦੀ ਤੇ ਫੋਨ ਚੌਵੀ ਘੰਟੇ ਕੰਨ ਨਾਲ ਲੱਗਾ ਰਹਿੰਦਾ ਹੈ । ਸੱਚ ਆਹੋ ! ਸ਼ਹਿਰ ਵਾਲਾ ਬੂਟਾ ਲਾਲਾ ਵੀ ਐਂ ਈ ਮੰਜੀ ਠੁਕਾ ਕੇ ਬੈਠਾ, ਕੇਰਾਂ ਫੇਸਬੁੱਕ ਤੇ ਵੀਡਿਉ ਕਾਲ ਆਈ ਤੇ ਚੁੱਕ ਲਈ ਅੱਗੋ ਨੰਗੀ ਕੁੜੀ ..ਲਾਲੇ ਦੇ ਮੂੰਹ ਚ ਪਾਣੀ ..ਲਾਲੇ ਨੇ ਆਪ ਲੀੜੇ ਲਾਹ ਲਏ ਉਹਨੇ ਸਕਰੀਨ ਰਿਕਾਰਡਿੰਗ ਕਰ ਲਈ ਤੇ ਪੰਜ ਕੁ ਮਿੰਟ ਬਾਅਦ ਲਾਲੇ ਨੂੰ ਮੈਸਜ ਕਿ ਐਨੇ ਪੈਸੇ ਭੇਜ ਨਹੀਂ ਤੇਰੇ ਘਰਦਿਆਂ ਤੇ ਰਿਸ਼ਤੇਦਾਰਾਂ ਨੂੰ ਭੇਜਾਂਗੇ…ਮਰਦਾਂ ਕੀ ਨਾ ਕਰਦਾ … ਚਾਰ ਪੰਜ ਵਾਰੀ ਤਾਂ ਪੈਂਸੇ ਦਿੱਤੇ ਤੇ ਫ਼ੇਰ ਮੁੰਡਿਆਂ ਨੂੰ ਸ਼ੱਕ ਹੋਇਆ ਤਾਂ ਸੱਚ ਪਤਾ ਕੀਤਾ …ਪੁਲੀਸ ਰਿਪੋਰਟ ਕੀਤੀ ਪਰ ਉਦੋਂ ਤੱਕ ਵੀਡਿਉ ਸਭ ਮਿੱਤਰਾਂ ਰਿਸ਼ਤੇਦਾਰਾਂ ਕੋਲ ਪਹੁੰਚ ਗਈ ਸੀ …ਪਰ ਪੁਲੀਸ ਨੇ ਕੀ ਕਰਨਾ ਸੀ …ਮੈਂ ਵੀ ਵੇਖੀ ਸੀ ਲਾਲਾ ਤੌੜੇ ਅਰਗਾ ਢਿੱਡ ਕੱਢੀ ਬੁੱਲ੍ਹਾਂ ਤੇ ਜੀਭ ਮਾਰ ਰਿਹਾ ਸੀ ਉਸਨੂੰ ਕੇਰਾਂ ਹੈਰਾਨੀ ਹੋਈ ਖ਼ੁਦ ਤੇ ਮੈਂ ਕਿੰਨਾ ਸੋਚ ਰਿਹਾ ਆਂ …ਪਹਿਲਾਂ ਕਦੇ ਵਿਹਲ ਈ ਨਹੀਂ ਸੀ ਮਿਲੀ … ਇੰਸਟਾਗ੍ਰਾਮ 'ਤੇ ਨੱਚਣ ਵਾਲੀਆਂ ਬੀਬੀਆਂ ਕਿੱਥੇ ਸੋਚਣ ਦਿੰਦੀਆਂ … ਸਾਰਾ ਦਿਨ ਲਿਸ਼ਕੀਆਂ ਪੁਸ਼ਕੀਆਂ ਈ ਰਹਿੰਦੀਆਂ ਆ ,ਵੇਖ ਵੇਖ ਮੂੰਹ ‘ਚ ਪਾਣੀ ਲਿਆ ਦਿੰਦੀਆਂ । ਯਾਰ ਏਹਨਾਂ ਦਾ ਤਾਂ ਔਖਾ ਹੋ ਗਿਆ ਹੋਣਾ …ਅੱਗੇ ਦਾ ਦਿਨ ‘ਚ ਤਿੰਨ ਚਾਰ ਵਾਰ ਢੂਹਾ ਹਿਲਾ ਕੇ ਵੀਡਿਉ ਪੋਸਟ ਕਰਨ ਵਾਲੀਆਂ ਦਾ ਕਿਵੇਂ ਸਰਿਆ ਹੋਣਾ ….ਨਾ ਤਾ ਏਹਨਾ ਨੂੰ ਲਾਇਕ ਆਉਣੇ ਨਾ ਕੁਮੈਟ ,ਏਨ੍ਹਾਂ ਦੇ ਕਿਹੜਾ ਰੋਟੀ ਹਲ਼ਕ ਥਾਣਿਉ ਲੰਘੀ ਹੋਣੀ । ਉਦੋਂ ਵੱਧ ਔਖਾ ਆਹ ਵਲੌਗਰਾ ਦਾ ਹੋਣਾ ਆ . …ਜੇਹੜੇ ਹੱਗਣ ਮੂਤਣ ਵੀ ਫੋਨ 'ਤੇ ਕਰਦੇ ਆ । ਹੈਲੋ ਫਰੈਡਜ਼ , ਹੈਲੋ ਫ਼ਰੈਡਜ਼ ਈ ਨਹੀਂ ਲੋਟ ਆਉਂਦੇ …ਇੱਕ ਨੇ ਸੁਣਿਆ ਤਾਂ ਮਸ਼ਹੂਰ ਹੋਣ ਲਈ ਆਵਦੀ ਘਰਵਾਲੀ ਨਾਲ ਹੀ ਗੰਦੀ ਫ਼ਿਲਮ ਬਣਾ ਕੇ ਨੈੱਟ ਤੇ ਚਾੜ੍ਹ ਤੀ ਸੀ । ਵੈਸੇ ਚੰਗਾ ਹਨਾ …ਫੋਨ ਸਭ ਤੋਂ ਵੱਡਾ ਰਾਜ਼ਦਾਰ ਆ ..ਬੰਦਾ ਮਰਨੋਂ ਮਰਜੇ ਪਰ ਪਾਸਵਰਡ ਨਾ ਦੱਸ ਕੇ ਮਰੇ …. ਕੀ ਵਿਆਹੇ ਕੀ ਕੁਆਰੇ …ਕੀ ਬੁੱਢਾ ਕੀ ਜਵਾਨ ….ਸਾਰਾ ਦਿਨ ਲੱਕ ਮਰੋੜਦੀਆਂ ਟੈਂਲਟ ਨਾਲ ਭਰੀਆਂ ਬੀਬੀਆਂ ਵੇਖ ਕੇ ਮੂੰਹ ਪਾਣੀ ਨਾਲ ਭਰੀ ਰੱਖਦੇ …ਉੱਤੋਂ ਏਹ ਵੀ ਛਾਤੀਆਂ ਨੰਗੀਆਂ ਕਰ ਤੇ ਪਿੱਛਾ ਕੱਢ ਕੱਢ ਕੇ ਇਉਂ ਤੁਰਦੀਆਂ ਜਿਵੇਂ ਗਿੱਲੀਆਂ ਪਾਥੀਆਂ 'ਤੇ ਕਾਂ ਤੁਰਦਾ ਹੋਵੇ । ਬਾਹਰ ਭਾਵੇਂ ਕੋਈ ਲੱਖ ਸੁਥਰਾ ਬਣ ਜੇ ਪਰ ਇਨਬਾਕਸ ‘ਚ ਅਸਲ ਚਰਿੱਤਰ ਸਾਮ੍ਹਣੇ ਪਏ ਹੁੰਦੇ ਆ । ਜੇ ਕੋਈ ਰੋਕਣ ਦੀ ਕੋਸ਼ਿਸ ਕਰੇ ਤਾ ਅਖੇ ਟੈਂਲ਼ਟ ਦਾ ਨਹੀਂ ਪਤਾ … ਸਾਲਾ ਟੱਟੂ ਦਾ ਟੈਂਲਟ । ਸਿਮਰ ਆਪ ਈ ਜ਼ੋਰ ਦੀ ਹੱਸਿਆ ਮੈਂ ਕੁੜੀ ਹੁੰਦਾ ਤਾਂ ਮੈਂ ਤਾਂ ਆਪ ਬਥੇਰਾ ਟੈਲਟ ਦਿਖਾਉਣਾ ਸੀ , ਫਲ਼ੋਅਰ ਮਿਲੀਅਨ ‘ਚ ਹੁੰਦੇ ਹੁਣ ਤਾਂ ਜਿੰਨੀ ਮਰਜ਼ੀ ਵਧੀਆ ਵੀਡਿਉ ਬਣਾ ਲਈਏ ਤੀਹਾਂ ਤੋਂ ਵੱਧ ਲਾਇਕ ਨਹੀਂ ਟੱਪੇ । ਪਰ ਯਾਰ ! ਸਰਕਾਰ ਨੂੰ ਕਾਨੂੰਨ ਬਣਾ ਦੇਣਾ ਚਾਹੀਦਾ ਕਿ ਫੋਨ ਬੰਦੇ ਦੇ ਮਰਨ ਨਾਲ ਈ ਸਿਵੇ ਦੀ ਅੱਗ ‘ਚ ਸੁੱਟਿਆ ਜਾਵੇ ।

ਅਚਾਨਕ ਹੀ ਸਾਰੇ ਵਲੌਗਰ , ਇਨਫਲੂਸਰ , ਪੌਡਕਾਸਟਰ ,ਰੀਲ੍ਹਾ ਆਲੇ ..ਇਕੱਠੇ ਹੋ ਕੇ ਸਿਮਰ ਦੇ ਗੱਲ ਦੱਬਣ ਨੂੰ ਪੈ ਗਏ ….ਇਕੋਦਮ ਘਬਰਾਹਟ ਮਹਿਸੂਸ ਹੋਈ ਤੇ ਉਹ ਫਿਰ ਤੋਂ ਉੱਠ ਕੇ ਬਹਿ ਗਿਆ । ਮੁੜ੍ਹਕੇ ਦੀਆਂ ਬੂੰਦਾਂ ਪੁਪੜੀ ਤੋਂ ਤੁਰੀਆਂ ਗੱਲ੍ਹ ਤੱਕ ਆ ਗਈਆਂ … ਉਹਨੂੰ ਲੱਗਿਆ ਸਾਰੇ ਸੁਨੇਹਾ ਦੇ ਕੇ ਗਏ ਆ ਤੂੰ ਵੀ ਤਾਂ ਆਹ ਸਵਾਦ ਖੁਣੋਂ ਵਿਲਕੀ ਜਾਨਾਂ ਜੇ ਅਸੀਂ ਨਾ ਹੋਈਏ ਤਾਂ ਤੇਰੇ ਵਰਗੇ ਦਾ ਕੀ ਬਣੇ । ਫਿਰ ਅੱਖਾਂ ਬੰਦ ਕਰੀਆਂ ਤਾਂ ਗੁਰਿੰਦਰ ਅੱਖਾਂ ਮੂਹਰੇ ਆ ਗਿਆ … ਉਹਦਾ ਮਿੱਤਰ … ਜ਼ਹੀਨ ਬੰਦਾ …ਯਾਦ ਆ ਬੜਾ ਖਿਝਿਆ ਰਿਹਾ ਕਰੇ …ਫੋਨ 'ਤੇ ਕੁਝ ਵੀ ਵੇਖ ਕੇ ਗਾਲ਼ਾਂ ਦਵੇ … ਇੱਕ ਦਿਨ ਆਪ ਈ ਕਹਿੰਦਾ "ਯਾਰ ਮਨ ਠੀਕ ਨਹੀਂ ਕੀ ਕਰਾਂ ? ਖਿਝ ਬਹੁਤ ਆਉਂਦੀ …ਸਿਮਰ ਕਹਿੰਦਾ ਫੋਨ ਕਰਕੇ ਤਾਂ ਨਹੀਂ …ਅਖੇ ਆਹੋ …ਯਾਰ …ਲੱਗਦਾ ਫੋਨ ਜਾਣਕਾਰੀ ਲੋੜੋ ਵੱਧ ਦੇ ਰਿਹਾ ਆ ਜੀਹਦੀ ਜ਼ਰੂਰਤ ਵੀ ਨਹੀ …ਹਰੇਕ ਗੱਲ ਨੂੰ ਆਵਦੇ ਹਿਸਾਬ ਨਾਲ ਆਂਕਦੇ ਆ ਤੇ ਜਦੋਂ ਨਤੀਜਾ ਹੋਰ ਹੁੰਦਾ ਤਾ ਖਿੱਝਦੇ ਆ …ਏਹ ਗੱਲਾਂ ਕਰਕੇ ਕਹਿੰਦਾ ਕਿ ਮੈ ਸੋਸ਼ਲ ਅਕਾਊੰਟ ਡਿਲੀਟ ਕਰ ਦੇਣੇ ਆ …ਡਿਲੀਟ ਵੀ ਕੀਤੇ ਪਰ ਇੱਕ ਦਿਨ ਕਰਕੇ ਅਗਲੇ ਦਿਨ ਫੇਰ ਤੜਕੇ ਈ ਆਨਲਾਈਨ ਸੀ …ਹੁਣ ਵਾਰਿਸ ਸ਼ਾਹ ਥੋੜ੍ਹੀ ਝੂਠਾ ਪੈਣ ਦੇਣਾ ? ਸਿਮਰ ਨੂੰ ਸਮਝ ਨਾ ਆਵੇ ਕਿਸੇ ਨੂੰ ਕੀ ਕਹਾਂ ਹੁਣ ਤਾ ਆਵਦੀ ਹਾਲਤ ਉੱਵੇ ਬਣੀ ਹੋਈ ਆ । ਸਾਰੀ ਰਾਤ ਉੱਸਲਵੱਟੇ ਲਏ …ਕਦੇ ਫੋਨ ਚੋਰੀ ਹੋ ਜਾਂਦਾ ਤੇ ਕਦੇ ਨੈੱਟ ਪੱਕਾ ਬੰਦ ਕਰਨ ਦਾ ਐਲਾਨ …ਕਦੇ ਵਾਈ ਫਾਈ ਦਾ ਮਹੀਨੇ ਦਾ ਬਿੱਲ ਲੱਖ ਰੁਪਏ ….ਕਦੇ ਉਹ ਜੰਗਲਾਂ ਚ ਗਵਾਚ ਜਾਂਦਾ ..ਐਨੇ ਅਜੀਬੋ ਗਰੀਬ ਸੁਪਨੇ ਪਹਿਲੀ ਵਾਰ ਆਏ ਸੀ । ਸੁਬਹ ਛੇ ਵੱਜੇ ਜਾਗ ਖੁੱਲ੍ਹੀ ਤਾਂ ਛਾਲ ਮਾਰ ਕੇ ਉੱਠਿਆ ….ਭੱਜ ਕੇ ਪੁਰਾਣੇ ਘਰ ਕੋਲ ਗਿਆ …ਉੱਥੇ ਵਾਈ ਫਾਈ ਵਾਲਿਆਂ ਦਾ ਨੰਬਰ ਕੰਧ ਤੇ ਲਿਖਿਆ ਹੋਇਆ ਸੀ ਫੋਨ ਕਰਿਆ ਤਾਂ ਕਹਿੰਦੇ “ਬਾਈ ਜੀ ,ਦਫ਼ਤਰ ਆ ਜੋ “…ਸ਼ੈਭੀਆਂ ਦੀ ਨਾਲ ਵਾਲੀ ਗਲੀ ‘ਚ ਦਫ਼ਤਰ ਆ । ਗੋਲਾ ਫੇਰ ਸਾਮ੍ਹਣੇ ਆ ਗਿਆ …ਜਿਸ ਦਿਨ ਪੈਸੇ ਮਿਲ ਜਾਂਦੇ ਆ ਤਾਂ ਉੱਡਿਆ ਨਾਲ ਦੇ ਪਿੰਡ ਪੁੜੀ ਲੈਣ ਚਲਾ ਜਾਂਦਾ ਸੀ ਤੇ ਚਾਅ ‘ਚ ਈ ਉੱਥੋਂ ਤੁਰ ਕੇ ਵਾਪਸ ਵੀ ਆ ਜਾਂਦਾ ਸੀ …ਜਾਂਦਾ ਹੋਇਆ ਸਭ ਨੂੰ ਹੱਥ ਹਿਲਾ ਕੇ ਜਾਂਦਾ ਤੇ ਵਾਪਸੀ 'ਤੇ ਪੈਲਾਂ ਪਾਉਦਾ । ਸਿਮਰ ਵੀ ਉੱਡਿਆ ਕੇਬਲ ਵਾਲਿਆਂ ਦੇ ਆਫਿਸ ਗਿਆ ਤਾਂ ਫੇਰ ਨਸ਼ਾ ਛੁਡਾਊ ਕੇਂਦਰ ਵਾਲੀ ਲਾਈਨ ਦਿਸੀ …ਉੱਥੇ ਵੀ ਸੱਤ ਵੱਜਦੇ ਨੂੰ ਇਉਂ ਲਾਇਨ ਲੱਗਣੀ ਸ਼ੁਰੂ ਹੋ ਜਾਂਦੀ ਆ । ਮੂਹਰੇ ਗਿਆ ਤਾ ਬਰਾੜਾਂ ਦਾ ਛਿੰਦਾ ਮਿੰਨਤਾਂ ਕਰੀ ਜਾਵੇ ਯਾਰ ਸਾਡੇ ਲਾ ਦਵੋ ਜਵਾਕਾਂ ਦਾ ਬਾਹਰੋ ਫੋਨ ਆਉਣਾ ਹੁੰਦਾ ..ਬੁੱਧਵਾਰ ਈ ਲੰਮੀ ਗੱਲ ਕਰਦੇ ਆ …ਜਿਵੇ ਬਾਪੂ ਹੀਰਾ ਨਸ਼ਾ ਛੁਡਾਊ ਕੇਂਦਰ ਵਾਲਿਆਂ ਨੂੰ ਕਹਿੰਦਾ ਸੀ ਕਿ ਯਾਰ ਪੱਤਾ ਵੱਧ ਦੇ ਦਵੋ ਮੁੰਡੇ ਨਾਲ ਨਹੀਂ ਆਉਂਦੇ … ਆਉਣਾ ਔਖਾ ਆ । ਬਾਪੂ ਹੀਰਾ ਹੈ ਤਾਂ ਸੱਤਰਾ ਦਾ ਸੀ ਪਰ ਨਸ਼ੇ ਦੀ ਭਾਲ 'ਚ ਸਾਈਕਲ 'ਤੇ ਝੰਡੇਆਣੇ ਤੋਂ ਫ਼ਰੀਦਕੋਟ ਪਹੁੰਚ ਜਾਂਦਾ ਸੀ , ਨਹੀਂ ਤਾਂ ਮੈਂ ਗੋਡੇ ਫੜ੍ਹ ਕੇ ਬੈਠਾ ਈ ਵੇਖਿਆ , ਦੁਨੀਆ ਦੀ ਕਿਹੜੀ ਬੀਮਾਰੀ ਸੀ ਜੋ ਬਾਪੂ ਹੀਰੇ ਨੇ ਨਹੀਂ ਸੀ ਗਿਣਾਈ ਪਰ ਨਸ਼ਾਂ ਲੈਣਾ ਹੋਵੇ ਤਾਂ ‘ਉਸੇਨ ਬੋਲਟ’ ਦਾ ਮਾਸੜ ਬਣ ਜਾਂਦਾ ਸੀ ।

ਵਾਈ ਫਾਈ ਵਾਲਾ ਅੱਜ ਧਰਤੀ ਤੇ ਰੱਬ ਸੀ …ਪਹਿਲਾ ਆਫ਼ਰ ਸੀ ਕਿ 699 ‘ਚ ਤਿੰਨ ਮਹੀਨੇ ਤੇ ਵਾਇਰ ਤੇ ਸੈੱਟਆਪ ਬਾਕਸ ਫ੍ਰੀ ਪਰ ਹੁਣ 699 ਚ ਦੋ ਮਹੀਨੇ ਤੇ ਹਜ਼ਾਰ ਰੁਪਈਆ ਸਕਿਉਰਟੀ । ਦੋ ਦਿਨ ਦੀ ਵੇਟਿੰਗ ਸੀ ਤੇ ਮਕੈਨਿਕ ਮਰਜ਼ੀ ਨਾਲ ਆਉਣੇ ਸੀ । “ਪਹਿਲਾਂ ਜਦੋਂ ਅਸੀਂ ਲਾਉਂਦੇ ਸੀ ਉਦੋਂ ਕੋਈ ਸੁਣਦਾ ਨਹੀਂ ਸੀ , ਹੁਣ ਮਗਰ ਮਗਰ ਫਿਰਦੇ ਆ …ਟਾਈਮ ਹੋਇਆ ਤਾਂ ਵੇਖਾਂਗੇ “ ਵਾਈ ਫਾਈ ਲਾਉਣ ਵਾਲਾ ਗ਼ਰੂਰ 'ਚ ਮਾਂਹਾਂ ਦੇ ਆਟੇ ਵਾਂਗ ਆਕੜਿਆ ਬੈਠਾ ਸੀ । ਕਿਸੇ ਦਾ ਜਵਾਕ ਰੋਟੀ ਨਹੀਂ ਸੀ ਖਾ ਰਿਹਾ ਤੇ ਕਿਸੇ ਦਾ ਸਕੂਲ ਵਰਕ ਨਹੀਂ ਸੀ ਕਰ ਰਿਹਾ ,ਕੋਈ ਬਾਹਰ ਗੱਲ ਖੁਣੋਂ ਔਖਾ ਸੀ ਤੇ ਕੋਈ ਸਹੇਲੀ ਨਾਲ …ਜਿੰਨੇ ਲੋਕ ਸੀ ਉਹਤੋ ਵੱਧ ਤਕਲੀਫ਼ਾਂ …। ਸਿਮਰ ਨੇ ਬਥੇਰੀਆਂ ਮਿੰਨਤਾਂ ਕਰੀਆ ਪਰ ਉਹ ਸਾਫ ਮਨ੍ਹਾ ਕਰ ਰਹੇ ਸੀ । ਉਹਨੂੰ ਲੱਗਾ ਹੁਣ ਉਹ ਮਧਰਿਆਂ ਦੇ ਬੰਸ ਵਾਂਗ ਨਾ ਡਿੱਗ ਪਵੇ ਤੇ ਪ੍ਰਾਣ ਮੌਕੇ 'ਤੇ ਈ ਨਾ ਛੁੱਟ ਜਾਣ । ਮਧਰਿਆਂ ਦਾ ਬੰਸਾ ਚੰਗਾ ਭਲਾ ਪਰਿਵਾਰ ਵਾਲਾ ਕਿਰਤੀ ਬੰਦਾ..ਪੰਜ ਸੱਤ ਵਾਹਣ ਵੀ ਆਉਂਦੇ ਸੀ … ਕੰਮ ਦੀ ਧੁਨ ਕਰਕੇ ਪੋਸਤ ਖਾਣ ਲੱਗਾ ਤੇ ਆਦਤ ਪੈ ਗਈ ਫੇਰ ਪੋਸਤ ਛੱਡਦਾ ਗੋਲੀਆਂ 'ਤੇ ਆ ਗਿਆ ਤੇ ਫੇਰ ਗੋਲੀਆਂ ਦੀ ਘਾਟ ਵਾਧ ਥਾਏ ਜਾਨ ਲੈ ਗਈ ਤੇ ਖੇਤ ‘ਚ ਈ ਪੂਰਾ ਹੋ ਗਿਆ ਸੀ ਹੁਣ ਦੋ ਜਵਾਕ ਵਿਲਕਦੇ ਫਿਰਦੇ ਆ । "ਯਾਰ ਮੈਂ ਵੀ ਲੱਗਦਾ ਅਮਲੀ ਬਣ ਗਿਆ ਹਾਂ ਲੋਕ ਨਸ਼ੇ ਦੇ ਅਮਲੀ ਬਣਦੇ ਤੇ ਮੈਂ ਨੈੱਟ ਦਾ ਅਮਲੀ …". ਕਾਹਲ਼ ਭਾਂਬੜ ਬਣਦੀ ਜਾ ਰਹੀ ਸੀ । ਸਾਮ੍ਹਣੇ ਦਫ਼ਤਰ ‘ਚ ਕਿੰਨੀਆਂ ਈ ਤਾਂਬੇ ਦੀਆਂ ਤਾਰਾਂ ਦੇ ਗੁੱਛੇ ਸੀ ਤੇ ਸਿਮਰ ਦਾ ਜੀਅ ਕਰਿਆ ਕਿ ਆਹ ਤਾਰਾਂ ਸਾਰੇ ਦਫ਼ਤਰ ਵਾਲਿਆਂ ਦੇ ਗਲੇ ਥਾਣੀਂ ਲੰਘਾ ਦੇਵਾਂ ….ਸਾਲੇ ਮੇਰੇ ਸੁਣਦੇ ਈ ਨਹੀ । ਸਿਮਰ ਦਾ ਫੋਨ ਵੱਜਿਆ ਉਹਨੇ ਵੇਖਿਆ ਮਿੱਠੀ ਦਾ ਫੋਨ ਸੀ ਉਹਨੂੰ ਬਿਲਕੁਲ ਚਾਅ ਨਾ ਹੋਇਆ …”ਹੈਲੋ ….ਕੀ ਹਾਲ ਆ … ਕਿਵੇ ੳ?" ਪਿਆਰ ਭਰੀ ਆਵਾਜ਼ ਨਾਲ ਪੁੱਛਿਆ । “ਠੀਕ ਈ ਆ “….ਬਹੁਤ ਸਤੇ ਸਤਾਏ ਨੇ ਜਵਾਬ ਦਿੱਤਾ ਮਿੱਠੀ ਨੇ ਆਵਦੀਆ ਗੱਲਾਂ ਸੁਣਾਉਣੀਆਂ ਸ਼ੁਰੂ ਕਰ-ਤੀਆ ਪਰ ਉਹਦੀ ਸੁਰਤੀ ਮੋਟਰ ਸਾਈਕਲ 'ਤੇ ਸਮਾਨ ਲੱਦ ਰਹੇ ਮਕੈਨਿਕਾਂ ਵੱਲ ਸੀ ਉਹ ਕਿਸੇ ਦੇ ਸੈੱਟਅੱਪ ਬਾਕਸ ਲਾਉਣ ਚੱਲੇ ਸੀ …. । ਹੈਅ ! ਭੈਣ ਚੋ …ਸਾਡੇ ਲਾ ਦੋ ਕੀ ਮੌਤ ਪੈਂਦੀ …ਉਹਨੇ ਅੰਦਰੋ ਕਚੀਚੀ ਵੱਟੀ ।

ਮਿੱਠੀ ਦੀ ਆਵਾਜ਼ ਸੁਣੀ ਨਾ ਗਈ ਤੇ ਮੈਂ "ਫੇਰ ਕਰਦਾਂ" ਕਹਿ ਕੇ ਫੋਨ ਈ ਕੱਟ ਗਿਆ । ਇਹ ਪਹਿਲੀ ਵਾਰ ਸੀ ਜਦੋਂ ਮਿੱਠੀ ਦਾ ਏਦਾਂ ਅੱਕ ਕੇ ਫੋਨ ਕੱਟਿਆ ਹੋਣਾ ਆ । ਸਿਮਰ ਦਾ ਮਨ ਕਰੇ ਕਿ ਭੱਜ ਜਾ ….ਬਾਰਡਰ ਟੱਪ ਜਾ ਹਰਿਆਣੇ ਅੱਲ ਚਲਾ ਜਾਵਾਂ …. ਜਿੱਥੇ ਚੌਵੀ ਘੰਟੇ ਨੈੱਟ ਹੋਵੇ । ਉਦੋਂ ਈ ਧਿਆਨ ਦਫ਼ਤਰ ਦੇ ਸਾਮ੍ਹਣੇ ਲੱਗੀ ਸਕਰੀਨ 'ਤੇ ਗਿਆ …ਚਿੱਟੇ ਦਾ ਪਰਕੋਪ ਜਾਰੀ …ਚਿੱਟੇ ਕਾਰਨ ਪੰਜ ਨੌਜਵਾਨਾਂ ਦੀ ਹੋਈ ਮੌਤ … ਹੁਣ ਸਾਲਿਓ ਨੈੱਟ ਬਿਨ੍ਹਾ ਮੌਤਾਂ ਹੋਣਗੀਆਂ ..ਸਿਮਰ ਤੜਫ਼ਿਆ । ਕੇਰਾਂ ਤਾਂ ਜੀਅ ਕਰਿਆ ਵੱਟਾ ਮਾਰ ਚੱਕ ਕੇ …ਖ਼ਬਰਾਂ ਵੀ ਚਿੜਾਉਣ ਲਈ ਚੱਲਦੀਆਂ ਲੱਗੀਆਂ । ਬਾਰ੍ਹਾਂ ਵਜੇ ਤੱਕ ਵਾਈ ਫਾਈ ਵਾਲਿਆਂ ਨੇ ਕੋਈ ਪੱਲਾ ਨਾ ਫੜਾਇਆ ਤੇ ਟੈਮ ਨਾਲ ਰੋਟੀ ਮੰਗਣ ਵਾਲਾ ਖਾਣਾ ਭੁੱਲੀ ਫਿਰਦਾ ਸੀ । ਉਹਨੂੰ ਸਭ ਕੁਝ ਚੰਗਾ ਲੱਗਣੋਂ ਹਟ ਗਿਆ ਸੀ … ਉਹ ਗੱਡੀ 'ਚ ਆ ਕੇ ਬੈਠਾ ਤਾਂ ਸਾਮ੍ਹਣੇ ਸੜਕੋਂ ਪਾਰ ਨਸ਼ਾ ਵਿਰੋਧੀ ਸਮਾਗਮ ਚੱਲ ਰਿਹਾ ਸੀ । ਜਿਸਦੀ ਆਵਾਜ਼ ਦੂਰੋਂ ….ਪਰ ਕੰਨੀਂ ਸਾਫ ਪੈ ਰਹੀ ਸੀ …ਜਿੱਥੇ ਕਾਫੀ ਪੁਲੀਸ ਵਾਲੇ ਤੇ ਸਿਵਲੀਅਨ ਮੌਜੂਦ ਸਨ …. ਬੁਲਾਰਾ ਬੋਲ ਰਿਹਾ ਸੀ ਕਿ ਚਿੱਟੇ ਦਾ ਸੇਵਨ ‘ਡੋਪਾਮਾਈਨ’ ਦੇ ਪੱਧਰ ਨੂੰ ਵਧਾ ਦਿੰਦਾ ਹੈ ਤੇ ਜਿਸਦੇ ਸਿੱਟੇ ਵਜੋਂ ਸਰੀਰ ਵਿੱਚ ਹੈਪੀ ਹਾਰਮੋਨ ਰਿਲੀਜ਼ ਹੁੰਦੇ ਹਨ ਤੇ ਨਸ਼ੇੜੀ ਆਪਣੇ ਆਪ ਨੂੰ ਉਤਲੀ ਅਵਸਥਾ ਚ ਮਹਿਸੂਸ ਕਰਦਾ ਹੈ ਤੇ ਜਦੋੰ ਨਸ਼ੇ ਦੀ ਤੋਟ ਹੁੰਦੀ ਹੈ ਤੇ ਉਹ ਡੋਪਾਮਾਈਨ ਆਪਣੇ ਪੱਧਰ ‘ ਤੇ ਆਉਣ ਲਈ ਨਸ਼ੇ ਦੀ ਜ਼ਰੂਰਤ ਪੈਂਦੀ ਹੈ ਜਿਸਦੇ ਸਿੱਟੇ ਵਜੋਂ ਤੋਟ ਲੱਗਦੀ ਹੈ । ਇਸਦਾ ਇਲਾਜ ਚੰਗੀ ਖੁਰਾਕ … ਕਸਰਤ …ਤੇ ਅੱਗੋਂ ਉਹਨੇ ਸੁਣਨ 'ਚ ਕੋਈ ਇੱਛਾ ਨਹੀਂ ਵਿਖਾਈ …. ਤੇ ਉਹਨੂੰ ਸਪੀਕਰ 'ਤੇ ਲੰਮੀ ਚੀਕ ਈ ਸੁਣੀ …… “ਇਹ ਵੀ ਗੱਲਾਂ ਈ ਮਾਰਦੇ ਨੇ …ਸਮਾਗਮਾਂ ਨਾਲ ਨਸ਼ੇ ਛੁੱਟਦੇ ਨੇ ..ਬੰਦੇ ਤਾਂ ਫੜਦੇ ਨਹੀਂ ਤੇ ਜਿਹੜੇ ਫੜਦੇ ਆ ਉਹ ਆਪ ਦੋ ਚਾਰ ਸੌ ਦਾ ਕਰਨ ਵਾਲੇ ਹੁੰਦੇ ਆ , ਵੱਡੇ ਮਗਰਮੱਛਾਂ ਨੂੰ ਹੱਥ ਪਾਉ , ਸਮਾਗਮ ਕਰਨ ਵਾਲੇ ਵੀ ਸਰਕਾਰੀ ਬੰਦੇ ਤੇ ਹਾਜ਼ਰੀ ਭਰਨ ਵਾਲੇ ਵੀ ਸਰਕਾਰੀ ..ਆਮ ਲੋਕਾਂ ਤੱਕ ਵੀ ਤਾਂ ਪਹੁੰਚੋ …” ਉਹ ਸੋਚ ਕੇ ਬੁੜਬੁੜਾਇਆ ਤੇ ਫਿਰ ਸੋਚਣ ਲੱਗਾ ਕਿ ਲੱਗਦਾ ਮੋਬਾਇਲ ਛੁਡਾਉਣ ਲਈ ਵੀ ਸੈਮੀਨਾਰ ਲੱਗਿਆ ਕਰਨਗੇ , ਉਹ ਦਿਨ ਵੀ ਕੋਈ ਬਹੁਤੀ ਦੂਰ ਨਹੀਂ … ਚਿੱਟਾ ਤਾਂ ਖੈਰ ਛੁੱਟਜੇ ਆਹ ਤਾਂ ਬਾਹਲ਼ਾ ਔਖਾ ।

ਉਹਨੇ ਗੱਡੀ ਦੇ ਸ਼ੀਸ਼ੇ ਖੋਲ੍ਹ ਕੇ ਤਾਜੀ ਹਵਾ ਨੱਕ ਰਾਹੀ ਅੰਦਰ ਖਿੱਚੀ ਤੇ ਮਨ ਥਾਂ ਸਿਰ ਕਰਨ ਦੀ ਕੋਸ਼ਿਸ਼ ਕੀਤੀ । ਕੋਈ ਚਾਰਾ ਨਾ ਚੱਲਦਾ ਵੇਖ ਕੇ ਘਰ ਆ ਕੇ ਆਪਣੇ ਆਪ ਨੂੰ ਹਨੇਰੇ ‘ਚ ਕਰ ਲਿਆ …. ‘ਡੋਪਾਮਾਇਨ ‘ ਸ਼ਬਦ ਸੋਚ 'ਚ ਅੜਿਆ ਜੇਹਾ ਲੱਗਿਆ ….। ਮਿੱਠੀ ਦਾ ਵਾਰ ਵਾਰ ਆਉਂਦਾ ਫੋਨ ਵੀ ਡਿਸਕੁਨੈਕਟ ਕਰ ਰਿਹਾ ਸੀ …ਮੰਮੀ ਦਰਵਾਜ਼ਾ ਭੰਨ ਰਹੀ ਸੀ …. ਘਬਰਾਹਟ ਦਾ ਸਿਖਰ ਸੀ ….ਲੱਗਦਾ ਸਟਰੀਕਾਂ ਟੁੱਟ ਜਾਣਗੀਆਂ …. ਹਾਏ ਅੱਜ ਕੋਈ ਸਟੋਰੀ ਨਹੀੰ ਪਾਈ ….ਫੇਸਬੁੱਕ ਦੇ ਗਰੁੱਪ ਵਾਲੇ ਮਿੱਤਰਾਂ ਦਾ ਕੀ ਬਣੂ। …ਵਟਹਸ ਅਪ ਦਾ ਸਟੇਟਸ …ਲੱਗਦਾ ਮੈਂ ਪਿੱਛੇ ਨਾ ਰਹਿ ਜਾ …ਖਿਝ ਉਚਾਣ ਤੇ ਸ਼ਾਅ ਸ਼ਾਅ……ਸ਼ੋਰ ਵਧਣ ਲੱਗਦਾ ਹੈ ….ਕਮਰਾ ਘੁੰਮਣ ਲੱਗਦਾ ਹੈ ਸਿਮਰ ਨੇ ਕਚੀਚੀ ਵੱਟਦਿਆਂ ਚਾਦਰ ਘੁੱਟ ਲਈ ਹੈ ….ਚੀਕ ਮਾਰਨ ਲੱਗਦਾ ਹੈ …. ਉਹਨੂੰ ਗੋਲੇ ਦੀ ਯਾਦ ਫੇਰ ਆਉਣ ਲੱਗਦੀ ਹੈ ….ਚੇਹਰਾ ਵਾਰ ਵਾਰ ਅੱਖਾਂ ਅੱਗੇ ਘੁੰਮ ਰਿਹਾ ਹੈ ….ਆਪਣੀ ਛਟਪਟਾਹਟ ਗੋਲੇ ਵਰਗੀ ਲੱਗ ਰਹੀ ਹੈ …ਗੋਲੇ ਦੇ ਨਾਲ ਟੀਕਾ ਲਾਉਣ ਗਿਆ ਟੀਟੂ ਦੱਸਦਾ ਸੀ ਕਿ ਅੰਤਲੇ ਸਮੇਂ ਉਹ ਏਵੇਂ ਤੜਫਿਆ ਸੀ … ਜਾਨ ਤਿਲ਼ ਤਿਲ ਕਰਕੇ ਨਿਕਲੀ ਸੀ … ਹੱਡੀਆਂ ਦੀ ਮੁੱਠ ਗੋਲਾ ਰਿੜਕ ਰਿੜਕ ਕੇ ਪ੍ਰਲੋਕ ਸਿਧਾਰਿਆ ਸੀ… ਉਹਦਾ ਮੂੰਹ ਲੁੜਕ ਗਿਆ ਸੀ …ਹਾਲ ਬੁਰਾ ਸੀ …ਟੀਟੂ ਡਰਦਾ ਭੱਜ ਗਿਆ ਸੀ …ਪਰ ਨਸ਼ੇ ਦਾ ਉਵਰਡੋਜ਼ ਗੋਲੇ ਦੀ ਜਾਨ ਲੈ ਗਿਆ ਸੀ ….ਉਹਨੂੰ ਆਪਣਾ ਹਾਲ ਗੋਲੇ ਵਰਗਾ ਲੱਗ ਰਿਹਾ ਸੀ …ਅੱਜ ਦੀ ਰਾਤ ਜ਼ਿੰਦਗੀ ਦੀ ਆਖ਼ਰੀ ਰਾਤ ਹੋਣ ਵਾਲੀ ਸੀ ਅਚਾਨਕ ਨੋਟੀਫਕੇਸ਼ਨ ਵਾਲੀ ਰਿੰਗ ਵੱਜਦੀ ਹੈ …. ਦਿਮਾਗ਼ ‘ਚ ਅੜ੍ਹਿਆ ‘ਡੋਪਾਮਾਇਨ’ ਨਿਕਲ ਚੱਲਿਆ ਹੈ ….ਸਿਮਰ ਦੇ ਮੂੰਹ 'ਤੇ ਸਮਾਇਲ ਹੈ ।


ਅਲ਼ਫ਼ਾਜ਼

©️®️ ਸਾਰੇ ਹਿੱਤ ਲੇਖਕ ਕੋਲ ਸੁਰੱਖਿਅਤ ਹਨ।
ਬਿਨਾਂ ਇਜਾਜ਼ਤ ਤੋਂ ਕੋਈ ਵੀ ਹਿੱਸਾ ਵਰਤਿਆ ਨਾ ਜਾਵੇ।

+91-988-840-8383


← ਪਿਛਲੀ ਕਹਾਣੀ 📚 ਸਾਰੀਆਂ ਕਹਾਣੀਆਂ ਅਗਲੀ ਕਹਾਣੀ →