ਠੱਕ ਠੱਕ ਲਗਾਤਾਰ ਵੱਜਦੀ ਰਹਿੰਦੀ ਹੈ ਇਹ ਠੱਕ ਠੱਕ ਮਿਸਤਰੀ ਦੇ ਹਥੌੜੇ ਤੋਂ ਵੀ ਭਾਰੀ ਐ।
ਮੇਰਾ ਜੀਅ ਕਰਦਾ ਹੁੰਦਾ ਕਿ ਮੈਂ ਸਭ ਫੱਟ ਜਾਵੇ ਤੇ ਉਸ ਵਿੱਚ ਸਮਾ ਜਾਵਾਂ। ਸਾਰਾ ਕੁਝ ਬਰਦਾਸ਼ਤ ਤੋਂ ਬਾਹਰ ਹੁੰਦਾ ਐ। ਦੁਨੀਆ ਸੱਚੀ ਬੜੀ ਕੁੱਤੀ ਸ਼ੈਅ ਆ। ਇਹ ਸੌ ਗੁਣ ਦਰ-ਕਿਨਾਰ ਕਰਕੇ ਇੱਕ ਔਗੁਣ ਨੂੰ ਵਿਖਾਉਂਦੇ ਹਨ ਤੇ ਉਸੇ ਨੂੰ ਹੀ ਕੁੱਛੜ ਚੁੱਕੀ ਰੱਖਦੇ ਨੇ।
ਕੋਸ਼ਿਸ਼ ਤਾਂ ਬਹੁਤ ਕਰਦਾ ਆ ਕਿ ਖ਼ੁਦ ਨੂੰ ਮਜ਼ਬੂਤ ਰੱਖਾਂ ਤੇ ਰੱਖਦਾ ਵੀ ਆ ਪਰ ਮੈਂ ਰੱਬ ਥੋੜੀ ਆ, ਬੰਦਾ ਆ। ਇਹ ਸਭ ਗੱਲਾਂ ਪ੍ਰੇਸ਼ਾਨ ਕਰ ਦਿੰਦੀਆਂ ਨੇ ਤੇ ਮੈਂ ਖਿਝਦਾ ਆ… ਆਪਣੇ ਆਪ 'ਤੇ, ਕਿਸੇ ਨੂੰ ਕੀ ਕਹਿਣਾ!
ਹਰੇਕ ਈ ਟਿੱਚਰ ਕਰਦਾ ਆ… ਸਾਹਮਣੇ ਨਾ ਸਹੀ, ਪਿੱਠ ਪਿੱਛੇ…
ਹੁਣ ਤੁਸੀਂ ਕਹੋਗੇ ਕਿ ਕੀ ਕਹਾਣੀ ਜਿਹੀ ਪਾ ਰਿਹਾ ਆਂ?… ਹਾਂ, ਸੱਚ ਕਹਾਣੀ ਹੀ ਤਾਂ ਹੈ… ਉਹਦਾ ਪਾਤਰ ਹਾਂ… ਹਾਂ, ਮੁੱਖ ਪਾਤਰ ਮੈਂ ਆ… ਮੈਂ… ਮੈਂ… ਪਰ ਮੈਂ ਮੇਰੇ ਅੰਦਰ ਨਹੀਂ ਆ… ਨਹੀਂ, ਬਿਲਕੁਲ ਵੀ ਨਹੀਂ।
ਚਲੋ ਦੱਸਦਾ ਆ, ਮੇਰਾ ਨਾਮ ਉਂਕਾਰਦੀਪ ਸਿੰਘ ਆ… ਗੋਤ ਧਾਲੀਵਾਲ… ਸੋਹਣਾ ਆ ਨਾ ਨਾਮ ਮੇਰਾ… ਉਂਕਾਰਦੀਪ ਸਿੰਘ ਧਾਲੀਵਾਲ… ਦਾਦੇ ਨੇ ਰੱਖਿਆ ਸੀ ਗੁਰਬਾਣੀ ਵਿੱਚੋਂ… ਸਿਰਫ਼ ਨਾਮ ਹੀ ਨਹੀਂ, ਮੈਂ ਆਪ ਵੀ ਬਹੁਤ ਸੋਹਣਾ ਸੀ ਨਿੱਕੇ ਹੁੰਦਿਆਂ… ਗੋਲ-ਮਟੋਲ, ਗੋਰਾ-ਚਿੱਟਾ… ਨਿੱਕੇ ਹੁੰਦੇ ਦੇ ਮੰਮੀ ਜੂੜਾ ਕਰਦੀ ਤਾਂ ਟਿੱਕਾ ਲਾ ਦਿੰਦੀ ਸੀ, ਕਹਿੰਦੀ ਨਜ਼ਰ ਨਾ ਲੱਗੇ। ਕਦੇ ਪਿਆਰ ਨਾਲ ‘ਜੇਠਾ ਪੁੱਤ’ ਵੀ ਕਹਿੰਦੀ ਸੀ।
ਪਰ ਪਤਾ ਨਹੀਂ ਕਿਉਂ ਮੰਮੀ ਦੇ ਸ਼ਬਦ ਪੂਰ ਨਹੀਂ ਚੜ੍ਹੇ ਤੇ ਮੈਨੂੰ ਨਜ਼ਰ ਲੱਗ ਗਈ… ਹਾਂ, ਮੈਨੂੰ ਲੱਗੀ ਸੀ ਨਜ਼ਰ… ਚੰਗਾ ਭਲਾ ਦੌੜਦਾ-ਕੁੱਦਦਾ ਮੈਂ ਮੰਜੇ ਤੇ ਜਾ ਪਿਆ…
ਮੈਂ ਹਾਲੇ ਚੜ੍ਹਦੀ ਉਮਰ ਚ ਈ ਸਾਂ। ਸਰੀਰ ਮੇਰਾ ਲਗਰ ਵਾਂਗ ਵੱਧ ਰਿਹਾ ਸੀ… ਤੇ ਮੈਂ ਜਵਾਨ ਹੋ ਰਿਹਾ ਸੀ। ਘਰ ਦੀ ਕਬੀਲਦਾਰੀ ਸਾਂਭਣੀ ਸ਼ੁਰੂ ਕਰ ਦਿੱਤੀ ਸੀ। ਬਾਪੂ ਮੇਰਾ ਕੈਨੇਡਾ ਸੀ। ਉਹ ਬੱਸ ਦੋ-ਚਾਰ ਸਾਲ ਬਾਅਦ ਆਉਂਦਾ… ਬੱਸ ਸੁਪਨੇ ਵਰਗਾ ਸੀ ਉਹ… ਦਾਦਾ ਵੀ ਕਹਿ ਛੱਡਦਾ, ਜ਼ਿੰਮੇਵਾਰੀ ਤੂੰ ਹੀ ਸਾਂਭਣੀ ਆ ਹੁਣ… ਮੈਂ ਸਾਂਭ ਵੀ ਰਿਹਾ ਸੀ ਪਰ ਮੇਰਾ ਮਨ ਕਦੇ ਬਾਹਰ ਜਾਣ ਨੂੰ ਨਹੀਂ ਕਰਿਆ। ਮੈਨੂੰ ਸੀ ਮੈਂ ਪੁਲਿਸ ਦਾ ਅਫ਼ਸਰ ਬਣਨਾ… ਵੱਡਾ ਅਫ਼ਸਰ…
ਸਟਾਰ ਚਮਕਦੇ ਹਮੇਸ਼ਾ ਹੀ ਸੋਹਣੇ ਲੱਗਦੇ ਰਹੇ ਮੈਨੂੰ… ਪਰ ਸਾਡੇ ਪਿੰਡਾਂ ਵਿੱਚ ਪੁਲਿਸ ਨੂੰ ਕੋਈ ਬਾਹਲਾ ਚੰਗਾ ਨਹੀਂ ਸਮਝਦੇ… ਗਾਲ੍ਹਾਂ ਈ ਦਿੰਦੇ ਨੇ… ਗਾਲ੍ਹਾਂ ਲੋਕ ਦਿੰਦੇ ਤੇ ਖਿੱਝ ਮੈਨੂੰ ਆਉਂਦੀ… ਮੈਂ ਸੋਚਣਾ ਮੈਂ ਵੱਡਾ ਅਫ਼ਸਰ ਬਣ ਕੇ ਲੋਕਾਂ ਦੇ ਉਲਾਂਭੇ ਦੂਰ ਕਰ ਦੇਣੇ ਆ ਕਿ ਪੁਲਸੀਏ ਚੰਗੇ ਵੀ ਹੁੰਦੇ ਆ।
ਯਾਰ, ਮੈਂ ਵੀ ਕਦੇ ਉਹਨਾਂ ਵਰਗਾ ਤਾਂ ਨਹੀਂ ਬਣਦਾ… ਨਹੀਂ, ਨਹੀਂ… ਕਦੇ ਵੀ ਨਹੀਂ… ਮੈਂ ਤਾਂ ਵਧੀਆ ਬਣ ਕੇ ਦਿਖਾਊ…
ਦਾਦੇ ਨੇ ਕਹਿਣਾ ਭੱਜਿਆ ਕਰ, ਮਿਹਨਤ ਕਰਿਆ ਕਰ ਜੇ ਅਫ਼ਸਰ ਬਣਨਾ ਤਾਂ… ਸਾਡਾ ਘਰ ਪਿੰਡੋਂ ਬਾਹਰ ਵਾਰ ਸੀ… ਜਿੱਥੋਂ ਮੇਨ ਰੋਡ ਤਿੰਨ ਕੁ ਕਿਲੋਮੀਟਰ ਦੂਰ ਸੀ… ਮੈਂ ਸਵੇਰੇ-ਸਵੇਰੇ ਭੱਜਣ ਤੁਰ ਪੈਂਦਾ… ਜਦੋਂ ਨੂੰ ਲੋਕ ਉੱਠ ਕੇ ਖੇਤਾਂ ਵੱਲ ਨੂੰ ਜਾਂਦੇ, ਮੈਂ ਘਰ ਆ ਜਾਂਦਾ ਤੇ ਪੱਠੇ ਲੈਣ ਤੁਰ ਜਾਂਦਾ।
"ਮੇਹਰ ਸਿੰਹੁ, ਪੋਤਾ ਤੇਰਾ ਮਿਹਨਤੀ ਆ… ਨਵੇਂ ਮੁੰਡਿਆਂ ਵਰਗਾ ਹੈ ਨਹੀਂ…"
ਲੋਕ ਦਾਦੇ ਕੋਲ ਤਾਰੀਫ਼ਾਂ ਕਰਦੇ ਤੇ ਦਾਦਾ ਸ਼ਾਹਦੀ ਭਰਦਾ… ਕਿਉਂਕਿ ਮੈਂ ਸਵੇਰੇ ਕੰਮ ਕਰਵਾ ਕੇ ਹੀ ਸਕੂਲ ਜਾਂਦਾ, ਡੰਗਰਾਂ ਦੀ ਸਾਂਭ-ਸੰਭਾਲ ਚ ਮਦਦ ਕਰਦਾ, ਖੇਤੀ-ਬਾੜੀ ਚ ਪੂਰੀ ਮਦਦ ਕਰਵਾਉਂਦਾ।
ਪੜ੍ਹਾਈ ਚ ਮੈਂ ਹੁਸ਼ਿਆਰ ਬਹੁਤ ਸੀ… ਮਨੀਟਰ ਸੀ ਮੈਂ ਕਲਾਸ ਦਾ… ਟੀਚਰ ਸਾਰੇ ਈ ਮੋਹ ਕਰਦੇ ਸੀ… ਜੋ ਟੀਚਰਾਂ ਨੇ ਕਲਾਸ ਚ ਕਰਵਾਉਣਾ ਹੁੰਦਾ ਮੈਂ ਪਹਿਲਾਂ ਹੀ ਪੜ੍ਹ ਲੈਂਦਾ ਸੀ ਤੇ ਸੁਣਾ ਦਿੰਦਾ। ਐਕਟੀਵਿਟੀ ਹੋਣੀ ਤਾਂ ਪਹਿਲਾਂ ਨਾਂ ਮੇਰਾ ਹੋਣਾ।
ਉਂਕਾਰ… ਉਂਕਾਰ… ਹੁੰਦੀ ਮੈਨੂੰ ਵਧੀਆ ਲੱਗਦੀ।
ਨਾਲ ਦੇ ਪਿੰਡੋਂ ਇੱਕ ਕੁੜੀ ਸਾਡੀ ਕਲਾਸ ਚ ਆਈ ਸੀ… ਉਹ ਕੱਲੀ ਗੂੜ੍ਹਾ ਨੀਲਾ ਸਿਲਕ ਦਾ ਸੂਟ ਪਾ ਕੇ ਆਉਂਦੀ… ਸੋਹਣੀ ਬੜੀ ਲੱਗਦੀ ਸੀ ਮੈਨੂੰ… ਉਹਨੇ ਮੇਰੇ ਵੱਲ ਵੇਖ ਕੇ ਹੱਸੀ ਜਾਣਾ… ਹਾਏ! ਹੱਸਦੀ ਕਿੰਨਾ ਸੋਹਣਾ ਸੀ…
ਲੈ ਹੁਣ ਤੁਸੀ ਕਹਿਣਾ ਕਿ ਫ਼ੇਰ ਕਹਾਣੀ ਲੈ ਕੇ ਬਹਿ ਗਿਆ … ਮੈਂ ਕਹਾਣੀ ਹੀ ਤਾਂ ਸੁਣਾ ਰਿਹਾ ਆ … ਅੱਛਾ … ਅਸਲ ਗੱਲ .. ਚਲੋ ਅਸਲ ਗੱਲ ਤੇ ਆਉਨਾਂ ਆ .. ਸਭ ਸਹੀ ਚੱਲ ਰਿਹਾ ਸੀ … ਮੈਂ ਸੁਪਨਾ ਪੂਰਾ ਕਰਨ ਨੂੰ ਅੱਗੇ ਵੱਧ ਰਿਹਾ ਸੀ ਜਦੋ ਇੱਕ ਦਿਨ ਮੈਂ ਵਾਢੀਆਂ ਦੇ ਦਿਨਾਂ ਚ ਸਾਡੀ ਕੰਬਾਈਨ ਦੇ ਡਰਾਇਵਰ ਨੂੰ ਲੈਣ ਉਹਦੇ ਪਿੰਡ ਚਲਾ ਗਿਆ ….
ਚੱਕਵਾਂ ਜੇਹਾ ਬੰਦਾ ਸੀ … ਗਾੜੇ ਰੰਗ ਦਾ … ਮੱਧਰਾ ਜੇਹਾ ਕੱਦ … ਬੜੀ ਗੱਲ ਕੱਢ ਕੇ ਮਾਰਦਾ .. ਹਸਾਉਂਦਾ ਰਹਿੰਦਾ .. ਮੈਨੂੰ ਵਧੀਆ ਲੱਗਦਾ … ਮੈਂ ਉਮਰ ਵਿੱਚ ਤਾਂ ਕਾਫੀ ਛੋਟਾ ਸੀ ਪਰ ਉਹ ਮੇਰੀ ਕੱਛ ‘ਚ ਈ ਆਉਂਦਾ ਸੀ … ਟੈਮ ਦਾ ਪਾਬੰਦ ਨਹੀਂ ਸੀ ਉਹ, ਮੈਂ ਸਕੂਟਰ ਚੁੱਕਿਆ ਤੇ ਉਹਦੇ ਘਰ ਜਾ ਵੱਜਿਆ .. ਮੈਨੂੰ ਵੇਖ ਕੇ ਤਾਂ ਭੰਬੀਰੀ ਬਣ ਗਿਆ ਕਹਿੰਦਾ ਪੰਜ ਮਿੰਟ ਚ ਤਿਆਰ ਹੋ ਗਿਆ ਬੱਸ …. ਸੱਚੀਂ ਪੰਜ ਮਿੰਟ ਚ ਤਿਆਰ ਹੋ ਕੇ ਕਹਿੰਦਾ … ਚਾਬੀ ਮੈਨੂੰ ਫੜਾ .. ਮੈਂ ਚਲਾਉਨਾਂ … ਮੈਂ ਚਾਬੀ ਫੜਾ ਕੇ ਆਪ ਪਿੱਛੇ ਬਹਿ ਗਿਆ … ਪਹਿਲਾਂ ਵੀ ਵੇਖਿਆ ਸੀ … ਸਕੂਟਰ ਹਵਾ ਬਣਾ ਦਿੰਦਾ ਸੀ … ਸਾਲ਼ੇ ਨੇ ਸੱਚੀਉ ਸਕੂਟਰ ਹਵਾ ਬਣਾ ਤਾਂ ਮੈਨੂੰ ਕਹਿੰਦਾ.. ਬੱਸ! ਹੱਥ ਪਾ ਕੇ ਬਹਿ ਜਾ … ਪਰ ਬਹਿੰਦੇ ਸਾਰ ਈ ਮੈਨੂੰ ਸਭ ਕੁਝ ਭੁੱਲ ਗਿਆ ਸੀ ਜਿਵੇਂ ….
ਸੂਰਜ ਦੀ ਕਿਰਨ ਲਿਸ਼ਕ ਕੇ ਮੇਰੇ ਮੂੰਹ ਤੇ ਪੈ ਰਹੀ ਸੀ ਤੇ ਮੋਹਲਾ … ਹਾਂ ਉਹੀਉ ਮੋਹਲਾ ਡਰੈਵਰ, ਮੈਂ ਨਾਂ ਦੱਸਣਾ ਭੁੱਲ ਗਿਆ ਸੀ .. ਉਹ ਮੇਰੇ ਕੋਲ ਖੜਾ ਜਰਦਾ ਲਾਈ ਜਾਵੇ, ਮੈਨੂੰ ਕਹਿੰਦਾ ਪਿਆ ਰਹਿ ਘਰਦੇ ਆਉਂਦੇ ਆ। ਮੈਨੂੰ ਲੱਤ ਚ ਲੱਕੜ ਖੁੱਭੀ ਦਿਸੀ … ਚਿੱਟੀ ਲੱਕੜ … ਏਨੇ ਨੂੰ ਇੱਕ ਬੀਬੀ ਮੇਰਾ ਗੋਦੀ ਚ ਸਿਰ ਰੱਖਦੀ ਮੇਰਾ ਪਤਾ ਪੁੱਛ ਰਹੀ ਸੀ ਤੇ ਮੈਂ ਕੀ ਦੱਸਿਆ ਯਾਦ ਨ੍ਹੀ … ਪਰ ਐਨਾ ਕੁ ਯਾਦ ਐ ਮੈਂ ਉੱਠਣ ਲਈ ਜ਼ੋਰ ਬਹੁਤ ਲਾਇਆ ਸੀ, ਨਾ ਤਾਂ ਉੱਠ ਹੋਇਆ ਸੀ ਤੇ ਨਾ ਹੀ ਲੱਕੜ ਕੱਢ ਹੋਈ ਸੀ ਤੇ ਫੇਰ ਤੀਜੇ ਦਿਨ ਅੱਖ ਮੇਰੀ ਲੁਧਿਆਣੇ ਵਾਲੇ ਹਸਪਤਾਲ ‘ਚ ਈ ਖੁੱਲ੍ਹੀ ਸੀ ਤੇ ਧੁੰਦਲੀਆਂ ਅੱਖਾਂ ਅੱਗੇ ਬਾਪੂ ਖੜ੍ਹਾ ਸੀ।
ਮੈਨੂੰ ਸਾਲਾ ਕੁਝ ਯਾਦ ਹੀ ਨਹੀਂ ਸੀ ਤੇ ਬਾਪੂ ਕਦੋਂ ਆ ਗਿਆ? ਭੈਣ ਚੋ ਮੈਨੂੰ ਕਿੱਥੇ ਬੰਨ੍ਹੀਂ ਫਿਰਦੇ ਸੀ … ਮੈਥੋਂ ਹਿੱਲ ਨਹੀਂ ਸੀ ਹੋ ਰਿਹਾ … ਪੂਰੀ ਲੱਤ ਤੇ ਪਲੱਸਤਰ … ਗਲ਼ੇ ਚ ਪਟਾ … ਇੱਕ ਪਾਸੇ ਗਲੂਕੋਜ ਤੇ ਦੂਜੇ ਪਾਸੇ ਖੂਨ ਦੀ ਬੋਤਲ।
ਮੈਂ ਅੱਖਾਂ ਕੀ ਖੋਲੀਆਂ, ਸਾਰੇ ਮੇਰੇ ਵੱਲ ਇਉਂ ਭੱਜੇ ਜਿਉਂ ਮੱਖੀਆਂ ਗੁੜ ਦੇਖ ਕੇ ਆਉਂਦੀਆਂ ਨੇ। ਬੜਾ ਪੁੱਤ-ਪੁੱਤ ਕਰਨ ਤੇ ਗੱਲ ਕੋਈ ਦੱਸੇ ਨਾ। ਯਾਰ ਸੱਚ! ਉਸ ਦਿਨ ਸਵੱਖਤੇ ਉੱਠਣ ਤੋਂ ਪਹਿਲਾਂ ਮੈਨੂੰ ਐਵੇਂ ਹੀ ਸੁਪਨਾ ਆਇਆ ਸੀ ਤੇ ਮੈਂ ਹੈਰਾਨ ਕਿ ਹਾਲੇ ਤੱਕ ਸੁਪਨਾ ਹੀ ਆ ਰਿਹਾ? ਮੈਂ ਉੱਠਿਆ ਹੀ ਨਹੀਂ? ਮੈਂ ਦਿਮਾਗ਼ 'ਤੇ ਜ਼ੋਰ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜ਼ੁਬਾਨ ਵੀ ਬੰਦ ਹੋਈ ਪਈ। ਮੈਥੋਂ ਤਾਂ ਬੋਲ ਹੀ ਨਹੀਂ ਸੀ ਹੋ ਰਿਹਾ।
"ਸ਼ੁਕਰ ਆ ਪੁੱਤ! ਤੇਰੀ ਜਾਨ ਬੱਚ ਗਈ… ਸੱਟਾਂ ਨੂੰ ਤਾਂ ਆਰਾਮ ਆ ਜੂ।"
ਹੁਣ ਇਹ ਕੌਣ ਸੀ ਸੱਚ ਤੋਂ ਜਾਣੂ ਕਰਾਉਣ ਵਾਲੀ? ਅੱਛਾ… ਬੀਬੀ ਭੋਲ਼ੀ ਸੀ ਇਹ। ਭੋਲ਼ੀ ਬੀਬੀ ਮੋਟੀ ਸਾਰੀ, ਪੱਕੇ ਰੰਗ ਦੀ, ਸਾਡੀ ਦਾਦੀ ਦੀ ਰਿਸ਼ਤੇਦਾਰੀ 'ਚੋਂ ਸੀ, ਜੋ ਸਾਡੇ ਨਾਲ ਬਹੁਤ ਵਰਤਦੀ ਸੀ ਤੇ ਅਕਸਰ ਸਾਡੇ ਕੋਲ ਰਹਿਣ ਆ ਜਾਂਦੀ ਸੀ।
ਭੋਲ਼ੀ ਬੀਬੀ ਬਾਰੇ ਇਹ ਮਸ਼ਹੂਰ ਸੀ ਕਿ ਇਹ ਗੱਲਾਂ ਨਾਲ ਚੰਗੇ-ਭਲੇ ਬੰਦੇ ਦਾ ਤ੍ਰਾਹ ਕੱਢ ਦਿੰਦੀ ਸੀ ਅਤੇ ਤ੍ਰਾਹ ਤਾਂ ਮੇਰਾ ਵੀ ਕੱਢ ਦਿੱਤਾ ਸੀ। ਪਹਿਲਾਂ ਤਾਂ ਆਉਣ ਸਾਰ ਜ਼ਖ਼ਮ 'ਤੇ ਹੱਥ ਲਾ ਕੇ ਪੁੱਛਦੀ ਆ, "ਪੀੜ੍ਹ ਹੁੰਦੀ ਕਿੱਥੋਂ ਆ?"
ਫੇਰ ਕਹਿੰਦੀ, "ਪੁੱਤ, ਡਾਕਟਰ ਤਾਂ ਲੱਤ-ਬਾਂਹ ਵੱਢਣ ਲੱਗੇ ਮਿੰਟ ਲਾਉਂਦੇ ਆ… ਸ਼ੁਕਰ ਕਰ ਤੂੰ…"
ਮੇਰੀ ਚੀਕ ਨਿਕਲ ਗਈ। ਸਾਲੇ ਘਰਦੇ ਕਿੱਧਰ ਮਰ ਗਏ ਸੀ! ਮੈਂ ਬਾਹਾਂ ਝਟਕਾਈਆਂ ਤਾਂ ਡਰਿੱਪ ਚ ਪਰ੍ਹੇ ਜਾ ਪਈ ਤੇ ਸੂਈ ਜਿਸਮ ਤੋਂ ਬਾਹਰ ਆਈ ਤਾਂ ਲਾਲ ਰੱਤਾ ਲਹੂ ਧਤੀਰੀ ਮਾਰ ਗਿਆ। ਮੈਂ ਸਾਰਾ ਸੱਚ ਜਾਣ ਕੇ ਬੇਜਾਨ ਹੋ ਗਿਆ। ਆਖਿਰ ਕਰ ਵੀ ਕੀ ਸਕਦਾ ਸੀ?
ਉਸ ਦਿਨ ਤੋਂ ਬਾਅਦ ਮੇਰੀ ਜ਼ਿੰਦਗੀ ਬਦਲ ਗਈ ਸੀ—ਬਹੁਤ ਜ਼ਿਆਦਾ ਹੀ ਬਦਲ ਗਈ ਸੀ। ਮੈਂ ਪੂਰਬ ਤੋਂ ਪੱਛਮ 'ਤੇ ਆ ਗਿਆ ਸੀ।
ਤਿੰਨ ਮਹੀਨੇ ਤਾਂ ਬੈੱਡ ਤੋਂ ਹੀ ਨਹੀਂ ਉੱਠਿਆ ਗਿਆ। ਫੇਰ ਬੋਰਡ ਦੀ ਕਲਾਸ ਸੀ। ਬਥੇਰਾ ਜ਼ੋਰ ਲਾਇਆ ਸਭ ਨੇ ਕਿ ਡਰਾਪ ਕਰ ਦੇਵਾਂ, ਪਰ ਮੈਨੂੰ ਉਮੀਦ ਸੀ ਕਿ ਮੈਂ ਕੱਢ ਜੂ।
ਮੈਂ ਪੜ੍ਹਦਾ ਰਹਿੰਦਾ। ਨਾਲ ਦੇ ਆੜੀ ਕੰਮ ਘਰ ਫੜ੍ਹਾ ਜਾਂਦੇ ਤੇ ਮੈਂ ਪੜ੍ਹਦਾ ਰਹਿੰਦਾ। ਮੈਂ ਨਾਲ-ਨਾਲ ਗਾਣੇ ਵੀ ਸੁਣਦਾ। ਉਦੋਂ ਕੁਲਵਿੰਦਰ ਢਿੱਲੋਂ ਦੀ ਕੈਸਿਟ ‘ਕਾਲਜ’ ਆਈ ਸੀ। ਉਹਦੇ ਵਾਹਵਾ ਚਰਚੇ ਸੀ। ਮੈਂ ਰਿਪੀਟ 'ਤੇ ਲਾ ਕੇ ਸੁਣਦਾ। ਹੋਰ ਵੀ ਨਵੇਂ ਕਲਾਕਾਰਾਂ ਦੀਆਂ ਕੈਸਿਟਾਂ ਆਈਆਂ ਸਨ—ਦਿਲਜੀਤ, ਬਲਵੀਰ ਬੋਪਾਰਾਏ। ਮੇਰਾ ਮਨ ਲੱਗਿਆ ਰਹਿੰਦਾ।
ਤਿੰਨ ਆਪ੍ਰੇਸ਼ਨ ਹੋ ਗਏ ਸੀ ਮੇਰੇ… ਤੇ ਫੇਰ ਕਿਤੇ ਜਾ ਕੇ ਰਿਕਵਰੀ ਸ਼ੁਰੂ ਹੋਈ ਸੀ।
ਡਾਕਟਰ ਤਾਂ ਲੱਤ ਵੱਢਦੇ ਸੀ… ਮਸਾਂ ਦੀ ਮਿੰਨਤ ਸਫੈਦ ਕਰਕੇ ਕਿਹਾ ਕਿ ਏਦਾਂ ਈ ਜੋੜ ਦਿਓ… ਬੱਜ ਪੈਂਦੀ ਤਾਂ ਪੈਣ ਦਿਉ… ਅੰਗ ਤਾਂ ਨਾਲ ਲੱਗਾ ਰਹਿ ਜੂ… ਪੈਸੇ ਅਸੀਂ ਕਹਿ ਤਾਂ ਸੀ ਜਿੰਨੇ ਮਰਜ਼ੀ ਲੱਗਣ, ਜਾਨ ਬੱਚਣੀ ਚਾਹੀਦੀ।
ਏਹ ਸੱਚਾਈ ਸੀ ਜੋ ਮੰਮੀ ਤੋਂ ਸੁਣੀਂ। ਮੈਂ ਪਤਾ ਨਹੀਂ ਕੀਹਨੂੰ ਦੱਸ ਰਹੀ ਸੀ ਤੇ ਏਹ ਸੱਚ ਸੁਣਨਾ ਮੇਰੇ ਲਈ ਮਰਨ ਤੋਂ ਘੱਟ ਨਹੀਂ ਸੀ, ਕਿਉਂਕਿ ਮੈਂ ਜਦੋਂ ਵੀ ਲੱਤ ਦੇਖਦਾ ਤਾਂ ਮੈਨੂੰ ਹਮੇਸ਼ਾ ਸੱਜੀ ਛੋਟੀ ਲੱਗਦੀ। ਘਰਦਿਆਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਕਿ ਗੱਲ ਨਾ ਦੱਸੀ ਜਾਵੇ ਪਰ ਪਤਾ ਤਾਂ ਆਖਿਰ ਲੱਗਣਾ ਹੀ ਸੀ।
ਮੈਂ ਉਸ ਦਿਨ ਰੋਇਆ… ਬਹੁਤ ਰੋਇਆ… ਰੱਜ ਕੇ ਰੋਇਆ, ਕਿਉਂਕਿ ਮੈਂ ਨਾਰਮਲ ਨਹੀਂ ਸੀ। ਮੇਰੀ ਲੱਤ 'ਚ ਨੁਕਸ ਪੈ ਗਿਆ ਸੀ ਤੇ ਮੈਂ ਕਦੇ ਵੀ ਪੁਲੀਸ ਅਫ਼ਸਰ ਨਹੀਂ ਸੀ ਬਣ ਸਕਣਾ।
ਪਰ ਕੋਈ ਸਮਾਂ ਹੀ ਐਵੇਂ ਦਾ ਹੁੰਦਾ ਕਿ ਮਾਰ ਚਾਰੇ ਪਾਸੇ ਤੋਂ ਪੈਂਦੀ ਆ। ਅਕਤੂਬਰ 'ਚ ਸ਼ਾਰਟ ਸਰਕਟ ਨਾਲ ਸਾਰੀ ਫ਼ਸਲ ਸੜ ਗਈ… ਕੰਬਾਈਨ ਦਾ ਐਕਸੀਡੈਂਟ ਹੋ ਗਿਆ… ਬਾਪੂ ਨੂੰ ਸ਼ੂਗਰ ਇਕਦਮ ਵੱਧ ਗਈ ਤੇ ਉਹ ਮੁੜ ਕੇ ਕੈਨੇਡਾ ਨਹੀਂ ਗਿਆ।
ਮੈਂ ਖਰੌੜੀਆਂ ਤੇ ਪੈਰਾਂ ਸਿਰ ਹੋਣ ਦੀ ਕੋਸ਼ਿਸ਼ ਕਰਨ ਲੱਗਾ ਤੇ ਲੱਤ ਥੱਲੇ ਨਾ ਲੱਗਦੀ। ਤੁਰਨਾ ਬਹੁਤ ਔਖਾ ਸੀ… ਸੱਚੀ! ਬਹੁਤ ਔਖਾ… ਦੁਬਾਰਾ ਹੀ ਤੁਰਨਾ ਸਿੱਖਣਾ ਸੀ। ਇੱਕ ਲੱਤ ਤੇ ਵੱਧ ਭਾਰ ਆਉਂਦਾ ਤੇ ਉਹ ਫੁੱਲ ਜਾਂਦੀ। ਮੈਥੋਂ ਖੜ੍ਹ ਨਹੀਂ ਸੀ ਹੁੰਦਾ ਤੇ ਦੂਜੀ ਤੇ ਚੱਜ ਨਾਲ ਭਾਰ ਨਹੀਂ ਸੀ ਆਉਂਦਾ।
ਚਲੋ ਦੱਸਦਾ ਕਿ ਉਸ ਦਿਨ ਹੋਇਆ ਕੀ ਸੀ? ਮੈਂ ਦੱਸਿਆ ਕਿ ਸਾਡਾ ਘਰ ਲਿੰਕ ਰੋਡ ਤੇ ਸੀ ਤੇ ਮੇਨ ਰੋਡ ਤਿੰਨ ਕਿਲੋਮੀਟਰ ਦੂਰ। ਮੇਨ ਰੋਡ ਟੁੱਟਿਆ ਬਾਹਲਾ ਸੀ… ਖੱਡੇ ਬਹੁਤ ਸੀ। ਵੋਟਾਂ ਦੇ ਦਿਨ ਸੀ ਉਦੋਂ। ਇੱਕ ਕਾਰ ਸਾਡੇ ਸਾਹਮਣਿਉਂ ਆਉਂਦੀ ਸੀ, ਖੱਡੇ 'ਚ ਵੱਜ ਕੇ ਮੇਰੇ ਵੱਲ ਨੂੰ ਹੋ ਗਈ ਸੀ ਤੇ ਸਾਡੇ ਮੋਹਲੇ ਨੇ ਸਕੂਟਰ ਦਾ ਕੱਟ ਮਾਰਤਾ। ਮੇਰੀ ਲੱਤ ਕਾਰ ਤੇ ਸਕੂਟਰ ਵਿੱਚ ਫੇਹੀ ਗਈ ਸੀ ਤੇ ਮੇਰੀ ਪੱਟ ਦੀ ਹੱਡੀ ਨਿਕਲ ਕੇ ਬਾਹਰ ਆ ਗਈ ਸੀ, ਜੋ ਕਿ ਲੱਕੜ ਨਹੀਂ ਸੀ। ਮੈਂ ਤਾਂ ਲੱਕੜ ਦੇ ਭੁਲੇਖੇ ਹੀ ਖਿੱਚੀ ਗਿਆ ਸੀ। ਉਹ ਤਾਂ ਖੂਨ ਜ਼ਿਆਦਾ ਵਹਿਣ ਕਰਕੇ ਮੈਂ ਬੇਸੁੱਧ ਹੋ ਗਿਆ ਸੀ, ਨਹੀਂ ਤਾਂ ਮੈਂ ਹੱਡੀ ਹੀ ਖਿੱਚੀ ਜਾਣੀ ਸੀ। ਕਿਸੇ ਤੁਰੇ ਜਾਂਦੇ ਨੇ ਮੈਨੂੰ ਵੇਖ ਕੇ ਘਰੇ ਸੁਨੇਹਾ ਲਾਇਆ ਤੇ ਮੈਨੂੰ ਹਸਪਤਾਲ ਲੈ ਕੇ ਗਏ, ਨਹੀਂ ਤਾਂ ਮੈਂ ਉੱਥੇ ਹੀ ਚਲਾਣੇ ਕਰ ਜਾਣੇ ਸੀ।
ਬਾਪੂ ਦੱਸਦਾ ਕਿ ਡਾਕਟਰ ਦੱਸਦਾ ਸੀ ਖੂਨ ਬਹੁਤ ਵਹਿ ਗਿਆ ਸੀ। ਮੇਰੇ ਪੰਦਰਾਂ ਬੋਤਲਾਂ ਖ਼ੂਨ ਦੀਆਂ ਲੱਗੀਆਂ ਸੀ। ਜੇ ਲੇਟ ਲੈ ਕੇ ਜਾਂਦੇ ਤਾਂ ਖੂਨ ਦੀ ਕਮੀ ਕਰਕੇ ਜਾਨ ਜਾ ਸਕਦੀ ਸੀ।
ਬਾਪੂ ਨੇ ਬਹੁਤ ਕੋਸ਼ਿਸ਼ ਕੀਤੀ ਮੈਨੂੰ ਦੁਬਾਰਾ ਤੋਰਨ ਦੀ। ਮੇਰੀ ਲੱਤ ਦੀ ਰੋਜ਼ ਮਾਲਿਸ਼ ਕਰਦਾ… ਮੈਨੂੰ ਆਪ ਖਵਾਉਂਦਾ-ਪਿਲਾਉਂਦਾ… ਹਰੇਕ ਹਫ਼ਤੇ ਆਪ ਓਪੀਡੀ 'ਚ ਲਿਜਾਂਦਾ।
ਹੁਣ ਤੁਸੀਂ ਇਹ ਨਾ ਕਹਿ ਦਿਉ ਕਿ ਉਹ ਤਾਂ ਦੱਸਦਾ ਨਹੀਂ ਕਿ ਤੇਰੇ ਨਾਲ ਹੋਇਆ ਕੀ? ਯਾਰ, ਸ਼ੁਰੂਆਤ ਤਾਂ ਏਥੋਂ ਹੋਈ… ਜੜ੍ਹ ਤੋਂ ਬਿਨਾਂ ਪੌਦਾ ਪਣਪਦਾ ਭਲਾ?? ਏਥੇ ਹੀ ਮੇਰਾ ਸੰਘਰਸ਼ ਸ਼ੁਰੂ ਹੋ ਗਿਆ।
ਜਦੋਂ ਵੀ ਕਿਸੇ ਨੇ ਘਰ ਆਉਣਾ, ਏਹੀ ਕਹਿਣਾ, "ਚੰਗਾ ਭਲਾ ਸੀ… ਬੱਜੋਰੱਤਾ ਹੋ ਗਿਆ।" "ਬੱਜੋਰੱਤਾ" ਸੁਣਿਆ ਤਾਂ ਪਹਿਲਾਂ ਵੀ ਸੀ, ਮਤਲਬ ਹੁਣ ਸਮਝ ਆਇਆ ਸੀ। ਮੇਰੀ ਸੱਜੀ ਲੱਤ ਖੱਬੀ ਨਾਲੋਂ ਮਾੜੀ ਜਿਹੀ ਊਣੀ ਸੀ, ਪਰ ਹਾਲੇ ਕਮਜ਼ੋਰ ਸੀ ਤਾਂ ਲੰਗ ਵੱਧ ਵੱਜਦਾ ਸੀ।
ਘਰਦਿਆਂ ਕਹਿਣਾ, "ਕੀ ਠੀਕ ਹੋ ਜਾਣਾ… ਲਵੇਰੀ ਉਮਰ ਆ, ਫ਼ਰਕ ਨਿਕਲ ਜੂ… ਲੱਤ ਭਰ ਜੂ।" ਹੌਸਲਾ ਦੇਣਾ… "ਜ਼ਰੂਰੀ ਨਹੀਂ ਕਿ ਪੁਲਿਸ 'ਚ ਹੀ ਜਾਣਾ… ਹੋਰ ਬਹੁਤ ਮਹਿਕਮੇ ਆ। ਨਾਲੇ ਸਾਰੀ ਦੁਨੀਆ ਥੋੜੀ ਪੁਲਿਸ 'ਚ ਹੀ ਜਾਂਦੀ ਆ।" ਮੈਂ ਅੰਦਰੋਂ ਕਿਰਨ ਲੱਗ ਜਾਣਾ ਪਰ ਆਵਦਾ ਆਪ ਕੱਠਾ ਕਰ ਲੈਣਾ। ਬਹੁਤ ਔਖਾ ਹੁੰਦਾ ਸੁਪਨਿਆਂ ਨੂੰ ਮਰਦੇ ਦੇਖਣਾ।
ਬਾਰ੍ਹਵੀਂ ਤੱਕ ਤਾਂ ਸਭ ਠੀਕ ਰਿਹਾ। ਮੈਨੂੰ ਵੀ ਨਹੀਂ ਜਾਪਿਆ, ਪਰ ਜਦੋਂ ਕਾਲਜ ਗਿਆ ਤਾਂ ਕੁਝ ਕੁ ਦਿਨਾਂ ਬਾਅਦ ਜਨਤਾ ਨੇ ਮੇਰਾ ਨਾਮ "ਤਿਆਗੀ" ਰੱਖ ਦਿੱਤਾ। ਜਦੋਂ ਵੀ ਕਿਸੇ ਨੇ ਬੁਲਾਉਣਾ ਹੋਣਾ ਤਾਂ "ਤਿਆਗੀ" ਕਹਿ ਕੇ ਬੁਲਾਉਣਾ। ਮੇਰਾ ਆੜੀ ਬਣਿਆ ਗੋਰੀ… ਉਹਨੇ ਦੱਸਿਆ ਕਿ ਤੇਰਾ ਨਾਮ "ਲੰਗੜਾ ਤਿਆਗੀ" ਰੱਖਿਆ ਆ। ਉਦੋਂ ਸੈਫ਼ ਅਲੀ ਖਾਨ ਦਾ ਰੋਲ ਸੀ ਕਿਸੇ ਫ਼ਿਲਮ 'ਚ "ਲੰਗੜਾ ਤਿਆਗੀ"… ਕਿਹੜੀ ਫ਼ਿਲਮ ਸੀ ਉਹ? ਹਾਂ… ਓਮਕਾਰਾ।
ਮੈਂ ਘਰ ਆ ਕੇ ਪੁੱਛਿਆ ਕਿ ਮੇਰਾ ਲੰਗ ਸੱਚੀਉਂ ਐਨਾ ਆ? ਤਾਂ ਮੰਮੀ ਕਹਿੰਦੀ, "ਨਹੀਂ…" ਮੈਂ ਹੋਰ ਵੀ ਪੁੱਛਣਾ ਤਾਂ ਸਭ ਨੇ ਕਹਿਣਾ ਕਿ, "ਤੂੰ ਤਾਂ ਮਾੜਾ ਜਿਹਾ ਹੀ ਪੈਰ ਦੱਬਦਾ, ਉਹ ਵੀ ਐਨਾ ਪਤਾ ਨਹੀਂ ਲੱਗਦਾ।"
ਤਿਆਗੀ ਵਾਲਾ ਨਾਮ ਸੁਣ ਕੇ ਮੇਰੇ 'ਚ ਹੀਣ ਭਾਵਨਾ ਆਉਣ ਲੱਗ ਪਈ। ਮੈਨੂੰ ਸਮਝ ਨਹੀਂ ਸੀ ਪੈਂਦੀ ਕਿ ਇਹ ਸਭ ਛੁਪਾਵਾਂ ਕਿਵੇਂ?
ਕਾਲਜ 'ਚ ਅੰਜਲੀ ਹੁੰਦੀ ਸੀ, ਮੇਰੀ ਕਲਾਸਮੇਟ। ਉਹ ਮੇਰੇ ਕੋਲ ਸਾਰਾ ਦਿਨ ਬੈਠੀ ਰਹਿੰਦੀ… ਮੈਨੂੰ ਸੁਣਦੀ ਤੇ ਸੁਣਾਉਂਦੀ। ਉਹ ਕਲਾਸ ਦੀ ਸੀ.ਆਰ. ਸੀ, ਪਰ ਉਹ ਬਾਕੀਆਂ ਵਰਗੀ ਨਹੀਂ ਸੀ। ਇੱਕ ਉਹੀ ਸੀ ਜੋ ਮੈਨੂੰ ਸੁਣ ਸਕਦੀ ਸੀ, ਸਮਝ ਸਕਦੀ ਸੀ। ਮੈਨੂੰ ਹਮੇਸ਼ਾ ਲੱਗਣਾ… ਉਹ ਹੱਸੂਗੀ ਨਹੀਂ… ਨਹੀਂ, ਬਾਕੀ ਸਭ ਨੂੰ ਤਾਂ ਮੈਂ ਹੱਸਦੇ ਸੁਣਿਆ ਸੀ… ਸੈਕਿੰਡ ਯੀਅਰ ਵਾਲੇ ਤਾਂ ਤਾੜੀ ਮਾਰ ਕੇ ਹੱਸਦੇ ਵੀ ਵੇਖੇ ਸੀ।
ਜੇ ਕੋਈ ਆਪਣੀ ਗੱਲ ਕਰਕੇ ਵੀ ਹੱਸਦਾ ਤਾਂ ਮੈਨੂੰ ਜਾਪਦਾ ਮੇਰਾ ਮਜ਼ਾਕ ਹੀ ਉਡਾ ਰਿਹਾ ਹੈ। ਮੈਂ ਸ਼ੀਸ਼ੇ 'ਚ ਦੇਖਣਾ… ਯਾਰ, ਮੇਰੀ ਸ਼ਕਲ ਵੀ ਨਹੀਂ ਮਾੜੀ… ਪੜ੍ਹਾਈ 'ਚ ਵੀ ਠੀਕ ਆ… ਫੇਰ ਆਹ ਸਭ ਕਰਕੇ… ਕਿਉਂ?
ਇੱਕ ਦਿਨ ਤਾਂ ਹੱਦ ਹੀ ਹੋ ਗਈ। ਮੈਂ ਜਦੋਂ ਸੈਕਿੰਡ ਯੀਅਰ ਸੀ, ਘਰ ਆ ਕੇ ਕਾਲਜ ਦੀ ਅਸਾਇਨਮੈਂਟ ਬਣਾ ਰਿਹਾ ਸੀ। ਬਾਪੂ ਕਹਿੰਦਾ, "ਕਪਾਹ ਗੁੱਡਣ ਨਾਲ ਜਾ।" ਮੈਂ ਕਿਹਾ, "ਕੰਮ ਕਰਕੇ ਚਲਾ ਜਾਨਾਂ।" ਉਹਨੇ ਦੋ-ਤਿੰਨ ਵਾਰ ਕਿਹਾ ਤਾਂ ਮੈਂ ਕਿਹਾ, "ਦੋ ਮਿੰਟ।" ਅੱਗੋਂ ਬਾਪੂ ਕਹਿੰਦਾ, "ਚੱਲ ਜਾ ਲੰਗੜਿਆਂ… ਕਿਹੜਾ ਇੰਸਪੈਕਟਰ ਲੱਗਣਾ ਤੂੰ…"
ਮੇਰਾ ਸੀਨਾ ਫੇਰ ਛੱਲੀ ਹੋ ਗਿਆ। ਮੈਂ ਖੇਤ ਬਹਿ ਕੇ ਰੋਇਆ ਤੇ ਉਸ ਦਿਨ ਮੈਂ ਦੇਸੀ ਪੀਤੀ… ਚੋਰੀ… ਪਰ! ਪੀ ਕੇ ਮੇਰਾ ਹੋਰ ਜੀ ਕਰੇ? ਕੀ ਕਰਾਂ ਮੈਂ…
ਪਹਿਲਾਂ ਤਾਂ ਲੱਗਦਾ ਕਿ ਬਾਹਰ ਦੇ ਹੀ ਕਹਿੰਦੇ ਆ, ਹੁਣ ਤਾਂ ਘਰ ਦੇ ਵੀ ਕਹਿਣ ਲੱਗ ਪਏ ਸੀ।
ਇੱਕ ਦਿਨ ਕੈਂਪ ਲਾਉਣ ਗਿਆ ਸੀ ਕਾਲਜ ਵੱਲੋਂ ਜੈਪੁਰ। ਕੋਈ ਰਾਸ਼ਟਰੀ ਕੈਂਪ ਸੀ। ਨਹਿਰੂ ਯੁਵਾ ਕੇਂਦਰ ਵਾਲਿਆਂ ਨੇ ਲਾਇਆ ਸੀ ਤੇ ਮੈਨੂੰ 'ਖਾਰੇ ਸਰ' ਹੋਰਾਂ ਨੇ ਭੇਜਿਆ ਸੀ ਟੀਮ ਲੀਡਰ ਬਣਾ ਕੇ। ਮੈਂ ਉਸ ਸ਼ਾਮ ਨੂੰ ਪੱਗ ਬੰਨ੍ਹ ਕੇ ਭੰਗੜਾ ਕੀਤਾ ਤੇ ਬਹੁਤ ਤਾੜੀਆਂ ਵੱਜੀਆਂ।
ਅਗਲੀ ਸ਼ਾਮ ਮੈਨੂੰ ਕਹਿੰਦੇ ਕਿ ਮੰਤਰੀ ਨੇ ਆਉਣਾ ਤੇ ਇਹੀ ਪਰਫ਼ਾਰਮੈਂਸ ਦੁਬਾਰਾ ਦੇਣੀ ਆ, ਤਿਆਰ ਰਹੀਂ। ਪਰ ਜਦੋਂ ਸਟੇਜ ਸਕੱਤਰ ਨੇ ਹਿੰਦੀ ਵਿੱਚ ਕਿਹਾ ਕਿ ਪੰਜਾਬ ਤੋਂ ਆਇਆ ਗੱਭਰੂ ਆਪਾਹਿਜ ਹੋਣ ਦੇ ਬਾਅਦ ਐਡਾ ਸੋਹਣਾ ਭੰਗੜਾ ਕਰਦਾ, ਤਾਂ ਮੈਂ ਤੜਫ਼ ਉੱਠਿਆ। ਮੈਨੂੰ ਯਾਦ ਆ, ਮੈਂ ਨੱਚ ਰਿਹਾ ਸੀ ਤੇ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸੀ।
ਯਾਰ, ਮੈਂ ਹੌਲੀ-ਹੌਲੀ ਠੀਕ ਵੀ ਹੋ ਗਿਆ ਸੀ। ਮੇਰੀ ਲੱਤ ਮਾੜੀ ਜੇਹੀ ਦੱਬਦੀ ਆ। ਕਈ ਵਾਰ ਤਾਂ ਪਤਾ ਲੱਗ ਜਾਂਦਾ, ਪਰ ਕਈ ਵਾਰ ਬਦਲਦੇ ਮੌਸਮ 'ਚ ਦਰਦ ਨਾਲ ਲੰਗ ਵੀ ਵੱਧ ਜਾਂਦਾ ਆ। ਪਰ ਫੇਰ ਵੀ ਲੋਕ ਚਿੜਾਉਂਦੇ ਆ… ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਨਾਰਮਲ ਰਹਿਣ ਦੀ ਕੋਸ਼ਿਸ਼ ਕਰਦਾ ਪਰ ਗੱਲਾਂ ਚੁੱਭ ਜਾਂਦੀਆਂ।
ਮੈਨੂੰ ਵਿਚਾਰਾ ਬਣਾ ਦਿੱਤਾ ਗਿਆ। ਜੋ ਵੀ ਘਰ ਆਉਂਦਾ… ਗੱਲ ਕਰਦਾ, "ਵਿਚਾਰਾ" ਕਹਿ ਕੇ ਸੰਬੋਧਨ ਕਰਦਾ।
ਯਾਦ ਆ, ਜਦੋਂ ਮਾਸਟਰ ਡਿਗਰੀ ਕਰਨ ਤੋਂ ਬਾਅਦ ਮੈਂ ਐਕਸਾਈਜ਼ ਇੰਸਪੈਕਟਰ ਦਾ ਪੇਪਰ ਕਲੀਅਰ ਕਰਿਆ ਤਾਂ ਜੁਆਇਨਿੰਗ ਲੈਟਰ ਆਉਣ 'ਤੇ ਮੰਮੀ ਨੇ ਚਾਈਂ-ਚਾਈਂ ਗੁਆਂਢਣ ਨੂੰ ਦੱਸਿਆ ਤਾਂ ਉਹਦੇ ਬੋਲ ਸੀ, "ਚੱਲ ਵਿਚਾਰਾ 'ਬੱਜੋਰੱਤਾ' ਸੀ, ਕਿਸੇ ਟਿਕਾਣੇ ਲੱਗ ਗਿਆ…"
ਏਵੇਂ ਹੀ ਪਿੰਡੋਂ ਕੇਹਰਾ ਮੈਂਬਰ ਮੈਨੂੰ ਕਹਿੰਦਾ ਸੀ ਕਿ ਅੰਗਹੀਣ ਸਰਟੀਫਿਕੇਟ ਬਣਾ ਲੈ… ਮੈਂ ਬਣਾ ਦਿੰਨਾ, ਬਹੁਤ ਕੰਮ ਆਊਂ। ਮੈਂ ਕਿਹਾ, "ਚਾਚਾ, ਮਾੜਾ ਜਿਹਾ ਤਾਂ ਫ਼ਰਕ ਆ।" ਕਹਿੰਦਾ, "ਕੋਈ ਨਾ, ਫ਼ਰਕ ਤਾਂ ਆਪਾਂ ਵਧਾ ਦਵਾਂਗੇ। ਲੂਲੇ-ਲੰਗੜੇ ਬਣਨ ਦੇ ਬਥੇਰੇ ਫ਼ਾਇਦੇ ਆ।" ਇਹ ਗੱਲ ਉਹਨੇ ਟਿੱਚਰ 'ਚ ਕਹੀ ਸੀ, ਅੱਖ ਦੱਬ ਕੇ।
ਯਾਰ, ਪ੍ਰੀਤੀ ਵੀ ਇਹੀ ਆਖ ਕੇ ਗਈ ਸੀ… ਹਾਂ, ਪ੍ਰੀਤੀ… ਇਹ ਮੈਨੂੰ ਲੁਧਿਆਣੇ ਮਿਲੀ ਸੀ… ਕੈਂਪ 'ਤੇ। ਪੰਜ ਫੁੱਟ ਦੋ ਇੰਚ ਕੱਦ… ਕਣਕ ਵੰਨਾਂ ਰੰਗ… ਤਿੱਖੇ ਨੈਣ-ਨਕਸ਼… ਭਰਵਾਂ ਜੁੱਸਾ… ਜਿੰਨੀ ਤਾਰੀਫ਼ ਕਰਾਂ ਉੱਨੀ ਘੱਟ। ਯਾਦ ਆ, ਪੰਜ-ਸੱਤ ਮੁੰਡੇ ਪਿੱਛੇ ਸੀ ਇਹਦੇ। ਮੈਂ ਕੈਂਪ ਲੀਡਰ ਸੀ। ਮੈਨੂੰ ਤਾਂ ਯਾਦ ਚਿੱਤ ਵੀ ਨਹੀਂ ਸੀ ਕਿ ਗੱਲ ਮੇਰੀ ਬਣ ਜੂ। ਮੈਂ ਆਪਣੀ ਹਵਾ 'ਚ ਸੀ। ਐਡੀ ਸੋਹਣੀ ਸਹੇਲੀ ਹੋਣਾ ਵੀ ਕਿਸਮਤ ਹੀ ਹੁੰਦਾ ਤੇ ਯਾਦ ਆ, ਪਰਪੋਜ਼ ਵੀ ਇਹਨੇ ਆਪ ਕਰਿਆ ਸੀ। ਮੈਂ ਖੁਸ਼ ਸੀ। ਮੈਨੂੰ ਉਦੋਂ ਸੀ ਕਿ ਇਹੀ ਜ਼ਿੰਦਗੀ ਆ… ਬੱਸ ਮਰਦੇ ਦਮ ਤੱਕ ਇਹੋ ਸਭ ਆ।
ਮੇਰਾ ਰਿਲੇਸ਼ਨ ਦੋ ਸਾਲ ਚੱਲਿਆ। ਉਦੋਂ ਮੈਂ ਪੋਸਟਾਂ ਦੀ ਤਿਆਰੀ ਵੀ ਕਰਦਾ ਸੀ ਤੇ ਮੈਂ ਉਹਨੂੰ ਕਿਹਾ ਸੀ ਕਿ ਜਦੋਂ ਮੇਰੀ ਗੱਲ ਬਣ ਗਈ ਤਾਂ ਆਪਾਂ ਵਿਆਹ ਕਰਵਾ ਲੈਣਾ।
ਪਰ ਪਤਾ ਨਹੀਂ, ਜਦੋਂ ਮੈਂ ਟ੍ਰੇਨਿੰਗ ਤੋਂ ਬਾਅਦ ਉਹਨੂੰ ਪੁੱਛਿਆ ਤਾਂ ਉਹਦਾ ਕਹਿਣਾ ਸੀ, "ਨਹੀਂ ਯਾਰ… ਘਰਦੇ ਨਹੀਂ ਮੰਨਣੇ… ਨਾਲੇ ਤੂੰ ਲੰਗੜਾ ਆ… ਮੇਰੀਆਂ ਸਹੇਲੀਆਂ ਕਹਿੰਦੀਆਂ ਸੀ ਕਿ ਲੀਕ ਲੱਗ ਜੂ ਤੈਨੂੰ… ਨਾਲੇ ਤੂੰ ਕਿਹੜਾ ਅਲੋਕਾਰਾ ਇੰਸਪੈਕਟਰ ਲੱਗਿਆ… ਬਥੇਰੇ ਤੁਰੇ ਫਿਰਦੇ ਆ। ਏਦਾਂ ਹੀ ਰੱਖ ਲੈ, ਜਿੰਨਾ ਟੈਮ ਰੱਖਣੀ… ਇਹ ਵਿਆਹ ਕਰਵਾਉਣ ਨੂੰ ਨਹੀਂ ਸੀ ਲਾਈ।" ਸੱਚ ਜਾਣਿਓ, ਮੈਨੂੰ ਉਸ ਦਿਨ ਮਰਨ ਨੂੰ ਥਾਂ ਨਾ ਲੱਭੀ।
ਮੈਂ ਫੇਰ ਪੀਤੀ… ਬਹੁਤ ਪੀਤੀ… ਬਾਪੂ ਦੀ ਲੁਕੋ ਕੇ ਰੱਖੀ। ਘਰ ਆ ਕੇ ਰੌਲਾ ਪਾਇਆ… ਬਹੁਤ ਰੌਲਾ ਪਾਇਆ… ਪਰ ਬੂਹੇ ਦੇ ਬਾਹਰੋਂ ਕਹੇ ਬੋਲਾਂ ਦੀ ਠੱਕ-ਠੱਕ ਅੱਜ ਵੀ ਦਿਮਾਗ਼ 'ਚ ਵੱਜਦੀ ਆ, "ਏਹਤੋਂ ਟਿਕਿਆ ਨਹੀਂ ਜਾਂਦਾ? ਇਹਨਾਂ ਦੀ ਸੱਚੀ ਇੱਕ ਰਗ ਵੱਧ ਹੀ ਹੁੰਦੀ ਆ…" ਮੇਰੀ ਪੀਤੀ ਵੀ ਉੱਤਰ ਗਈ ਸੀ। ਮੈਂ ਸਿਰਹਾਣੇ 'ਚ ਮੂੰਹ ਲੈ ਕੇ ਰੋਂਦਾ ਰਿਹਾ।
ਸੱਚੀ ਯਾਰ… ਮੈਂ ਬਹੁਤ ਨਾਰਮਲ ਰਿਹਾ… ਸਹਿਜ ਰਿਹਾ, ਪਰ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਕੇਹੜੀ ਰਗ਼ ਵੱਧ ਦੀ ਲੋਕ ਗੱਲ ਕਰਦੇ ਨੇ।
ਹੁਣ ਮੈਂ ਤਾਂ ਮਾੜਾ ਜਿਹਾ ਹੀ ਪੈਰ ਦੱਬਦਾ, ਪਰ ਲੋਕ ਮੇਰੇ ਤੋਂ ਵੱਧ 'ਬੱਜੋਰੱਤੇ' ਲੋਕਾਂ ਨੂੰ ਕਿਵੇਂ ਸਵੀਕਾਰ ਕਰਦੇ ਹੋਣਗੇ?
ਮੈਂ ਸੋਚਦਾ ਮੈਂ ਗੱਲ ਕਰਾਂ, ਪਰ ਕਰਾਂ ਕਿਸ ਨਾਲ? ਮੈਂ ਅੰਦਰੋਂ ਟੁੱਟ ਗਿਆ।
ਹੱਦ ਤਾਂ ਉਦੋਂ ਹੋਈ ਜਦ ਰਿਸ਼ਤੇ ਦੀ ਗੱਲ ਤੁਰੀ। ਤੁਹਾਨੂੰ ਉਹ ਵੀ ਵਾਕਿਆ ਸੁਣਾਉਂਦਾ… ਚੰਡੀਗੜ੍ਹ ਤੋਂ ਰਿਸ਼ਤਾ ਆਇਆ। ਸਾਰੇ ਪਰਿਵਾਰਿਕ ਮੈਂਬਰ ਪੀ.ਸੀ.ਐਸ. ਤੇ ਕੁੜੀ ਡਾਕਟਰ… ਪੰਜ ਕੁ ਫੁੱਟ ਦੀ… ਗੋਰੀ ਨਿਛੋਹ… ਰੱਜ ਕੇ ਸੁਨੱਖੀ… ਕੱਦ ਕਰਕੇ ਉਹਦੀ ਗੱਲ ਨਹੀਂ ਸੀ ਸਿਰੇ ਲੱਗ ਰਹੀ। ਜਦੋਂ ਆਏ ਤਾਂ ਮੈਨੂੰ ਵੇਖਣ ਸਾਰ ਕਹਿੰਦੇ, "ਉੱਕੇ ਆ।" ਸ਼ਗਨ ਕਰਨ ਲੱਗੇ ਤਾਂ ਮੈਂ ਸਾਇਡ 'ਤੇ ਲਿਜਾ ਕੇ ਗੱਲ ਕਰਨ ਲੱਗਾ। ਫੇਰ ਮੈਂ ਆਪ ਹੀ ਦੱਸਤਾ ਕਿ ਮੇਰੇ ਵਿੱਚ ਮਾੜਾ ਜਿਹਾ ਨੁਕਸ ਆ। ਕਹਿੰਦੀ, "ਤੁਰ ਕੇ ਵਿਖਾਂ।" ਮੈਂ ਤਾਂ ਘਬਰਾ ਗਿਆ… ਅੱਧਾ ਇੰਚ ਵੀ ਵੱਧ ਕੇ ਚਾਰ ਇੰਚ ਹੋ ਗਿਆ। ਮੈਨੂੰ ਲੱਗਿਆ ਮੇਰੀ ਲੱਤ ਧਰਤੀ 'ਚ ਹੀ ਧੱਸ ਗਈ ਤੇ ਜਾਣ ਲੱਗੀ ਕਹਿੰਦੀ, "ਕੀ ਹੋਇਆ ਮੇਰਾ ਕੱਦ ਛੋਟਾ… ਹੁਣ ਮੈਂ ਲੂਲੇ-ਲੰਗੜੇ ਨਾਲ ਥੋੜੀ ਵਿਆਹ ਕਰਾਊ।"
ਮੈਂ ਆਪ ਸੁਣਿਆ ਕਿ ਰਿਸ਼ਤੇਦਾਰ ਕਿਸੇ ਨੂੰ ਮੇਰੇ ਬਾਰੇ ਦੱਸਦੇ ਤਾਂ ਇਹੀ ਕਹਿੰਦੇ ਕਿ ਮੁੰਡਾ ਮਾੜਾ ਜਿਹਾ ਪੈਰ ਚੁੱਕਦਾ। ਮੈਂ ਆਪ ਹੀ ਮਜ਼ਾਕ 'ਚ ਕਹਿ ਦੇਣਾ ਕਿ ਮੁੰਡਾ ਥੋੜ੍ਹਾ ਨਹੀਂ, ਪੂਰਾ ਹੀ ਪੈਰ ਚੁੱਕਦਾ ਆ। ਮੈਂ ਮਜ਼ਾਕ ਵਿੱਚ ਬੋਲ ਰਿਹਾ ਹੁੰਦਾ ਤੇ ਦਿਲ 'ਤੇ ਆਰੀ ਚੱਲ ਰਹੀ ਹੁੰਦੀ।
ਪਰ ਹੁਣ ਤੁਸੀਂ ਸੋਚੋਗੇ ਕਿ ਮੇਰਾ ਰਿਸ਼ਤਾ ਨਹੀਂ ਹੋਇਆ ਹੋਣਾ? ਹੋਇਆ ਯਾਰ, ਬਹੁਤ ਵਧੀਆ ਪਰਿਵਾਰ 'ਚ… ਜਿੰਨ੍ਹਾਂ ਨੇ ਇਹ ਗੱਲ ਕਹੀ ਕਿ, "ਜੇ ਸੱਟ ਵਿਆਹ ਤੋਂ ਬਾਅਦ ਲੱਗ ਜਾਂਦੀ ਤਾਂ ਫੇਰ?" ਮੇਰੇ ਤਾਏ ਨੇ ਰਿਸ਼ਤਾ ਲੱਭਿਆ ਸੀ… ਤਾਇਆ ਮੇਰਾ ਆੜੀ ਆ।
ਜੀਵਨ ਸਾਥਣ ਨੇ ਹਰ ਪੈਰ 'ਤੇ ਸਾਥ ਦਿੱਤਾ… ਸਾਥ ਨਿਭਾਇਆ।
ਮੈਂ ਜੋ ਵੀ ਕਰਦਾ, ਆਵਦੇ ਵੱਲੋਂ ਤਾਂ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ। ਦਫ਼ਤਰ ਵਿੱਚ ਵੀ ਇਹੀ ਸੁਣਨ ਨੂੰ ਮਿਲਦਾ ਕਿ, "ਲੰਗੜਾ ਜੇਹਾ ਕਿੰਨਾ ਵਧੀਆ ਕਰ ਰਿਹਾ… ਟਿਕਦਾ ਹੀ ਨਹੀਂ… ਇਹ ਨਹੀਂ ਹੁਣ ਟਲਦਾ… ਇਹਦੀ ਇੱਕ ਰਗ ਵੱਧ ਜੂ ਹੋਈ…" ਉਹ ਹੱਸ ਪੈਂਦੇ। ਮੈਨੂੰ ਸਾਰਾ ਕੀਤਾ-ਕਰਾਇਆ ਮਿੱਟੀ ਹੁੰਦਾ ਲੱਗਦਾ… ਜਾਪਦਾ ਕੀਤੇ ਦਾ ਕੋਈ ਮੁੱਲ ਨਹੀਂ।
ਮੈਂ ਵੇਖਦਾ, ਜਦ ਮੈਂ ਤੁਰਦਾ ਤਾਂ ਪਹਿਲਾਂ ਪੈਰ ਵੱਲ ਵੇਖਦੇ… ਫੇਰ ਮੇਰੇ ਨਾਲ ਗੱਲ… ਮੂੰਹ 'ਤੇ ਸਾਬ੍ਹ ਤੇ ਪਿੱਠ 'ਤੇ ਹਾਸੇ।
ਮੈਨੂੰ ਲੱਗਿਆ ਕਿ ਹਾਲਾਤ ਬਦਲ ਗਏ ਨੇ। ਹੁਣ ਆਸ-ਪਾਸ ਸੰਗਤ ਪੜ੍ਹੇ-ਲਿਖੇ ਲੋਕਾਂ ਦੀ ਆ। ਮੇਰੀ ਕਮਜ਼ੋਰੀ ਹੈ ਤਾਂ ਉਹਦਾ ਮਜ਼ਾਕ ਨਹੀਂ ਉਡਾਉਣਗੇ। ਕੁਝ ਮਿੱਤਰ ਚੰਗੇ ਮਿਲੇ ਵੀ। ਐਵੇਂ ਇੱਕ ਮਿੱਤਰ ਮਿਲਿਆ… ਉਹਨੇ ਕਹਿਣਾ ਕਿ ਮੈਨੂੰ ਕਿਸੇ ਚੀਜ਼ ਨਾਲ ਫ਼ਰਕ ਨਹੀਂ ਪੈਂਦਾ। ਪੰਜ-ਸੱਤ ਬੰਦੇ ਉਹਦੇ ਵਰਗੇ ਟੱਕਰੇ। ਮੈਂ ਕਈ ਵਾਰ ਵੇਖਣਾ, ਪਹਿਲਾਂ ਤਾਂ ਉਹਨਾਂ ਨੇ ਠਹਾਕੇ ਲਾ ਕੇ ਹੱਸਣਾ, ਪਰ ਮੈਨੂੰ ਵੇਖ ਕੇ ਚੁੱਪ ਕਰ ਜਾਣਾ ਜਾਂ ਹੋਰ ਗੱਲ ਕਰ ਲੈਣੀ।
ਇੱਕ ਦਿਨ ਉਹੀ ਮਿੱਤਰ ਪੀਤੀ 'ਚ ਫੋਨ ਲਾਉਂਦਾ ਤੇ ਕਹਿੰਦਾ, "ਕਮਾਨੀ, ਕੀ ਹਾਲ ਐ?" ਮੈਂ ਕੇਰਾਂ ਤਾਂ ਸਮਝਿਆ ਨਾ। ਫੇਰ ਕਹਿੰਦਾ, "ਤੂੰ ਸਮਝਿਆ ਨਹੀਂ… ਤੂੰ ਹੈ ਹੀ ਕਮਾਨੀ… ਤੂੰ ਪੈਰ ਨਹੀਂ ਦੱਬਦਾ? ਸਾਲਿਆ ਤੂੰ ਲੰਗੜਾ ਆ… ਤੂੰ ਲੰਗੜਾ ਹੀ ਰਹਿਣਾ… ਮੈਂ ਤੇਰੇ ਮੂੰਹ 'ਤੇ ਕਹਿੰਨਾ… ਆਪਾਂ ਗੱਲ ਮੂੰਹ 'ਤੇ ਕਰੀਦੀ ਆ…" ਤੇ ਕਹਿ ਕੇ ਹੱਸਦਾ-ਹੱਸਦਾ ਫੋਨ ਕੱਟ ਗਿਆ।
ਮੈਂ ਧੜੰਮ ਦੇਣੀ ਜਾ ਪਿਆ। ਉਹਦੇ ਹੱਸ-ਹੱਸ ਕੇ ਬੋਲੇ ਸ਼ਬਦ… "ਸਾਲਿਆ ਤੂੰ ਲੰਗੜਾ ਆ… ਲੰਗੜਾ ਹੀ ਰਹਿਣਾ…" ਮੇਰੀ ਸਾਰੀ ਰਾਤ ਕੰਨਾਂ 'ਚ ਗੂੰਜੇ ਤੇ ਬਹੁਤ ਟੈਮ ਬਾਅਦ ਉਸ ਦਿਨ ਵੀ ਮੈਂ ਕੱਲੇ ਨੇ ਪੀਤੀ।
ਟੁੱਟਿਆ ਬੰਦਾ ਕੀ ਨਹੀਂ ਕਰਦਾ… ਮੈਂ ਹਸਪਤਾਲ ਕੋਈ ਨਹੀਂ ਛੱਡਿਆ। ਮੈਂ ਸੀ.ਐਮ.ਸੀ.… ਡੀ.ਐਮ.ਸੀ.… ਜਾ ਆਇਆ ਆ ਕਿ ਲੱਤ ਹੀ ਪੂਰੀ ਹੋ ਜੇ। ਚੈੱਕ ਕਰਵਾ ਆਇਆ ਆ। ਐਨੀ ਤਕਨੀਕ ਆ ਗਈ ਆ… ਪਰ ਡਾਕਟਰ ਕਹਿੰਦੇ, "ਰਿਸਕ ਆ… ਇਨਫੈਕਸ਼ਨ ਹੋ ਸਕਦੀ ਆ… ਕੋਈ ਹੱਲ ਨਹੀਂ ਆ… ਪੈਸਾ ਵੀ ਤਾਂ ਸਭ ਕੁਝ ਨਹੀਂ ਹੁੰਦਾ…"
ਭਾਰ ਢੋਹਣਾ ਪੈਣਾ ਆ… ਏਦਾਂ ਹੀ ਰਹਿਣਾ ਪੈਣਾ ਆ… ਅੰਦਰੋਂ-ਅੰਦਰੀ ਰੋ ਲਈਦਾ ਆ… ਕੌਣ ਕਹਿੰਦਾ ਕਿ ਮੁੰਡੇ ਰੋਂਦੇ ਨਹੀਂ… ਇਹਨਾਂ ਨੂੰ ਫ਼ਰਕ ਨਹੀਂ ਪੈਂਦਾ…
ਪਰ ਹੁਣ ਮੈਂ ਸਰਕਲ ਘਟਾ ਲਿਆ ਆ। ਆਵਦੇ ਆਪ 'ਚ ਰਹਿਣ ਲੱਗਾ ਆ। ਕੌਣ ਕੀ ਕਹਿੰਦਾ ਆ, ਕੋਈ ਫ਼ਰਕ ਨਹੀਂ ਆ… ਕੋਸ਼ਿਸ਼ ਕਰਦਾ ਆ।
ਪਰ ਯਾਰ… ਉਹ ਠੱਕ-ਠੱਕ ਫੇਰ ਵੱਜ ਰਹੀ ਆ… ਮੇਰਾ ਸਿਰ ਫੱਟ ਰਿਹਾ ਆ…
ਮੇਰਾ ਪੁੱਤਰ ਮੇਰੀ ਲੱਤ 'ਤੇ ਨਿਸ਼ਾਨ ਦੇਖ ਆਪਣੀ ਦਾਦੀ ਨੂੰ ਪੁੱਛਦਾ, "ਦਾਦੀ… ਪਾਪਾ ਨੂੰ ਕੀ ਹੋਇਆ? ਉਹ ਥੋੜਾ ਏਦਾਂ ਕਿਉਂ ਤੁਰਦੇ?" ਤਾਂ ਉਹਦੀ ਦਾਦੀ ਸਹਿਜ ਸੁਭਾਵਿਕ ਹੀ ਕਹਿੰਦੀ,
"ਪੁੱਤ, ਵਿਚਾਰਾ 'ਬੱਜੋਰੱਤਾ'… ਐਕਸੀਡੈਂਟ ਹੋ ਗਿਆ ਸੀ…"
ਅਲ਼ਫ਼ਾਜ਼
©️®️ ਸਾਰੇ ਹਿੱਤ ਲੇਖਕ ਕੋਲ ਸੁਰੱਖਿਅਤ ਹਨ।
ਬਿਨਾਂ ਇਜਾਜ਼ਤ ਤੋਂ ਕੋਈ ਵੀ ਹਿੱਸਾ ਵਰਤਿਆ ਨਾ ਜਾਵੇ।
+91-988-840-8383