ਵੈਸੇ ਤਾਂ ਮੇਰਾ ਡਰਾਇਵਰੀ ਕਿੱਤੇ ਨਾਲ ਕੋਈ ਸੰਬੰਧ ਨਹੀਂ, ਪਰ ਗੱਲ ਇਹ ਵੀ ਆ ਕਿ ਜਹਾਜ਼ ਤੇ ਰੇਲ ਗੱਡੀ ਨੂੰ ਛੱਡ ਕੇ ਕੁਝ ਨਹੀਂ ਛੱਡਿਆ ਮੈਂ। ਜਿਸ ਹਿਸਾਬ ਨਾਲ ਮੈਂ ਲੇਟ ਸਾਇਕਲ ਚਲਾਉਣਾ ਸ਼ੁਰੂ ਕਰਿਆ ਸੀ, ਘਰਦਿਆਂ ਨੂੰ ਮੈਂ ਡਰਪੋਕ ਲੱਗਦਾ ਸੀ ਪਰ ਹੁਣ ਮਾੜਾ ਸਾਧਨ ਜਾਣ ਕੇ ਚਲਾਉਂਦਾ ਹਾਂ ਕਿ ਤਜਰਬਾ ਹੋ ਜਾਵੇ।
ਮੇਰਾ ਨਿਹਾਲ ਸਿੰਘ ਵਾਲੇ ਵਾਲਾ ਫੁੱਫੜ ਡਰਾਈਵਰੀ ਸਿਰ 'ਤੇ ਦੁਨੀਆ ਦੱਖਣ ਗਾਹ ਗਿਆ। ਨਿਹਾਲ ਸਿੰਘ ਵਾਲੇ ਦੀ ਮੰਡੀ ਟਰਾਂਸਪੋਰਟ ਕਰਕੇ ਮਸ਼ਹੂਰ ਰਹੀ ਆ ਤੇ ਫੁੱਫੜ ਬਚਪਨ ਤੋਂ ਹੀ ਟਰੱਕਾਂ 'ਤੇ ਚੜ੍ਹ ਗਿਆ ਸੀ। ਤੁਰੀ ਜਾਂਦੀ ਦੀ ਬਾਡੀ ਵੇਖ ਕੇ ਉਹ ਮਾਡਲ ਦੱਸ ਦਿੰਦਾ ਸੀ।
ਜਦੋਂ ਸਾਡੇ ਕੋਲ ਆਉਂਦਾ ਤਾਂ ਉਹਦੇ ਟਰੱਕ ਦੀ ਸਾਫ਼-ਸਫ਼ਾਈ ਵੇਖ ਉੱਥੇ ਸੌਣ ਨੂੰ ਜੀ ਕਰਦਾ। ਉਹਦੇ ਕਿੱਸੇ-ਕਹਾਣੀਆਂ ਪਰੀ ਲੋਕ ਵਰਗੇ ਸੀ। ਹੈ ਤਾਂ ਮੈਂ ਉਦੋਂ ਬਚਪਨ 'ਚ ਸੀ, ਪਰ ਫੁੱਫੜ ਦੀਆਂ ਗੱਲਾਂ ਸੁਣ ਮੇਰਾ ਵੀ ਟਰੱਕ ਸਿੱਖਣ ਨੂੰ ਜੀ ਕਰਦਾ। ਉਦੋਂ ਤਾਂ ਮੇਰੇ ਪੈਰ ਵੀ ਬਰੇਕਾਂ ਤੱਕ ਨਹੀਂ ਜਾਂਦੇ ਸੀ।