ਬਚਪਨ ਦੀ ਆਪਣੀ ਮੌਜ ਹੁੰਦੀ ਤੇ ਆਪਣਾ ਰੌਅ ਹੁੰਦਾ। ਕਦੇ-ਕਦੇ ਕੁਝ ਘਟਨਾਵਾਂ ਏਦਾਂ ਦੀਆਂ ਵਾਪਰਦੀਆਂ ਜੋ ਤਾ-ਉਮਰ ਦਿਮਾਗ਼ 'ਤੇ ਉੱਕਰ ਜਾਂਦੀਆਂ ਨੇ ਅਤੇ ਜੇਕਰ ਬਾਲਪੁਣੇ ਦੀ ਨਾਦਾਨੀ ਨਾਲ ਜੁੜੀਆਂ ਹੋਣ ਤਾਂ ਉਹਨਾਂ ਨੂੰ ਯਾਦ ਕਰਕੇ ਕੱਛਾਂ ਥਾਣੀ ਕੁਤਕੁਤਾਰੀਆਂ ਆਪ-ਮੁਹਾਰੇ ਨਿਕਲਦੀਆਂ ਨੇ।
ਪਿੰਡ ਹਾਈਵੇ 'ਤੇ ਹੋਵੇ ਤਾਂ ਫਾਇਦਾ ਇਹ ਰਹਿੰਦਾ ਕਿ ਇੱਕ ਪਿੰਡ ਸ਼ਹਿਰ ਨਾਲ ਸਿੱਧਾ ਜੁੜਿਆ ਰਹਿੰਦਾ ਹੈ ਤੇ ਤਰੱਕੀ ਛੇਤੀ ਕਰਦਾ ਹੈ। ਆਮ ਨਾਲੋਂ ਵੱਧ ਚੀਜ਼ਾਂ ਵੀ ਪਿੰਡ ਪਹੁੰਚਦੀਆਂ ਨੇ। ਮੇਰੇ ਹਿਸਾਬ ਨਾਲ ਸ਼ਾਹਮਾਰਗਾਂ ਵਾਲੇ ਤਾਂ ਅੱਧੇ ਸ਼ਹਿਰੀ ਹੀ ਹੁੰਦੇ ਨੇ।
ਸਾਡਾ ਘਰ ਹਾਈਵੇ ਦੇ ਕੋਲ ਹੀ ਸੀ। ਸਾਰਾ ਦਿਨ ਗੱਡੀਆਂ ਦੀ ਟੀਂ-ਟੀਂ, ਪਾਂ-ਪਾਂ ਕੰਨਾਂ ਵਿੱਚ ਪੈਂਦੀ ਰਹਿੰਦੀ ਸੀ। ਦੋ-ਚਾਰ ਦਿਨ ਲਈ ਆਇਆ ਰਿਸ਼ਤੇਦਾਰ ਵੀ ਰਾਤ ਨੂੰ ਟੇਕ ਨਹੀਂ ਸੀ ਆਉਂਦੀ, ਜਦੋਂਕਿ ਅਸੀਂ ਬਚਪਨ ਤੋਂ ਹੀ ਇਸ ਸ਼ੋਰ-ਸ਼ਰਾਬੇ ਵਿੱਚ ਸੌਣ ਦੇ ਆਦੀ ਰਹੇ ਸੀ।
ਸਾਡੇ ਘਰ ਦੇ ਮੇਨ ਗੇਟ ਮੂਹਰੇ ਵੀਹ-ਪੱਚੀ ਫੁੱਟ ਥਾਂ ਛੱਡੀ ਹੋਈ ਸੀ। ਘਰ ਦੇ ਸੱਜੇ ਪਾਸੇ ਲੰਮੀ ਗਲੀ ਸੀ ਅਤੇ ਪਿੱਛੇ ਵੀ ਗਲੀ ਸੀ। ਸੱਜੇ ਪਾਸੇ ਬਹੁਤ ਸਾਰੀਆਂ ਪਹਾੜੀ ਕਿੱਕਰਾਂ ਆਪ-ਮੁਹਾਰੇ ਉੱਗੀਆਂ ਹੋਈਆਂ ਸਨ। ਉੱਥੇ ਹੀ ਪਾਥੀਆਂ ਪੱਥਣ ਲਈ ਥਾਂ ਬਣੀ ਹੋਈ ਸੀ ਅਤੇ ਦਿਨ ਵੇਲੇ ਪਸ਼ੂ ਵੀ ਉਹਨਾਂ ਦੀ ਛਾਂ ਹੇਠ ਬੰਨ੍ਹੇ ਜਾਂਦੇ ਸਨ।
ਗਰਮੀਆਂ ਵਿੱਚ ਬਿਜਲੀ ਚਲੀ ਜਾਂਦੀ ਤਾਂ ਅਸੀਂ ਉੱਥੇ ਹੀ ਮੰਜੇ ਡਾਹ ਕੇ ਬੈਠ ਜਾਂਦੇ। ਖੁੱਲ੍ਹੀ ਹਵਾ ਅਤੇ ਹਾਈਵੇ ਤੋਂ ਲੰਘਦੇ ਸਾਧਨਾਂ ਦੀ ਹਵਾ ਕਰਕੇ ਗਰਮੀ ਦਾ ਅਹਿਸਾਸ ਵੀ ਘੱਟ ਹੁੰਦਾ ਸੀ। ਸ਼ਾਮ ਤੱਕ ਆਂਢ-ਗੁਆਂਢ ਵੀ ਉੱਥੇ ਆ ਬੈਠਦਾ, ਵੱਡੇ ਗੱਲਾਂ ਕਰਦੇ ਰਹਿੰਦੇ ਅਤੇ ਜਵਾਕ ਖੇਡਾਂ ਵਿੱਚ ਰੁੱਝੇ ਰਹਿੰਦੇ।
ਪਸ਼ੂਆਂ ਨੂੰ ਪੱਠੇ ਪਾਉਣ ਦੇ ਵੇਲੇ ਘਰਦੇ ਮੰਜੇ ਵਿਹੜੇ ਵਿੱਚ ਲੈ ਜਾਂਦੇ, ਪਰ ਇੱਕ-ਅੱਧਾ ਮੰਜਾ ਅਸੀਂ ਆਪਣੇ ਲਈ ਛੱਡ ਲੈਂਦੇ। ਹਨੇਰਾ ਹੋਣ ਤੱਕ ਬੰਟੇ, ਛੂਹਣ-ਛੂਹਣ, ਭੰਡਾ-ਭੰਡਾਰੀਆਂ ਅਤੇ ਲੁਕਣ-ਛਿਪਣ ਵਰਗੀਆਂ ਖੇਡਾਂ ਚੱਲਦੀਆਂ ਰਹਿੰਦੀਆਂ।
ਸਾਡੇ ਸੜਕ ਦੇ ਇਸ ਪਾਸੇ ਦਸ-ਪੰਦਰਾਂ ਘਰ ਸਨ ਅਤੇ ਬਾਕੀ ਸਾਰਾ ਪਿੰਡ ਸੜਕ ਦੇ ਦੂਜੇ ਪਾਸੇ ਸੀ। ਰੋਡ ਉੱਤੇ ਆਵਾਜਾਈ ਬਹੁਤ ਹੁੰਦੀ ਸੀ ਅਤੇ ਪੁਲ ਕੋਲ ਅਕਸਰ ਹਾਦਸੇ ਵੀ ਵਾਪਰਦੇ ਸਨ। ਇਸੇ ਕਰਕੇ ਸਾਨੂੰ ਬਿਨਾਂ ਕਿਸੇ ਵੱਡੇ ਦੇ ਸੜਕ ਪਾਰ ਕਰਨ ਦੀ ਇਜਾਜ਼ਤ ਨਹੀਂ ਸੀ ਮਿਲਦੀ।
ਅਸੀਂ ਨਿੱਜੀ ਸਕੂਲ ਵਿੱਚ ਪੜ੍ਹਦੇ ਸੀ ਅਤੇ ਸੜਕ ਤੋਂ ਪਰਲੇ ਪਾਸੇ ਵਾਲੇ ਜਵਾਕ ਸਰਕਾਰੀ ਸਕੂਲ ਵਿੱਚ। ਇਸ ਕਰਕੇ ਵੀ ਆਪਸੀ ਵਾਹ ਘੱਟ ਸੀ। ਮੈਂ ਇੱਲਤਾਂ ਦੇ ਮਾਮਲੇ ਵਿੱਚ ਭਾਵੇਂ ਥੋੜ੍ਹਾ ਘੱਟ ਐਕਟਿਵ ਸੀ, ਪਰ ਜਦੋਂ ਕੋਈ ਕਾਂਡ ਕਰਦਾ ਸੀ ਤਾਂ ਵੱਡਾ ਹੀ ਕਰਦਾ ਸੀ।
ਮੇਰੀ ਭੂਆ ਦਾ ਮੁੰਡਾ, ਜੋ ਮੇਰੇ ਤੋਂ ਦੋ ਕੁ ਸਾਲ ਵੱਡਾ ਸੀ, ਬਹੁਤ ਘਤਿੱਤੀ ਅਤੇ ਸ਼ਰਾਰਤਾਂ ਦੀ ਜੜ੍ਹ ਸੀ। ਉਹ ਜਦੋਂ ਵੀ ਛੁੱਟੀਆਂ ਕੱਟਣ ਆਉਂਦਾ, ਮੇਰਾ ਹੌਸਲਾ ਦੂਣਾ ਹੋ ਜਾਂਦਾ। ਉਹ ਜਾਣ-ਬੁੱਝ ਕੇ ਪੰਗੇ ਲੈਂਦਾ ਅਤੇ ਫੈਂਟਾ ਵੀ ਉਹੀ ਲਾਉਂਦਾ। ਉਸਦੇ ਆਉਣ ਦੇ ਦੂਜੇ-ਤੀਜੇ ਦਿਨ ਘਰ ਉਲਾਂਭਾ ਆਉਣਾ ਲਾਜ਼ਮੀ ਸੀ।
ਇੱਕ ਵਾਰ ਜੂਨ ਦੀਆਂ ਛੁੱਟੀਆਂ ਦੇ ਦਿਨ ਸਨ। ਆਮ ਰੁਟੀਨ ਵਾਂਗ ਘਰਦੇ ਆਪਣੇ ਕੰਮਾਂ ਵਿੱਚ ਰੁੱਝ ਗਏ ਅਤੇ ਅਸੀਂ ਬਾਹਰਵਾਰ ਬਣੀ ਬੈਠਕ ਕੋਲ ਮੰਜਾ ਡਾਹ ਲਿਆ। ਮੈਂ ਨੀਲੇ ਰੰਗ ਦਾ ਕੁੜਤਾ-ਪਜਾਮਾ ਪਾ ਕੇ ਛੁੱਟੀਆਂ ਦਾ ਕੰਮ ਨਬੇੜ ਰਿਹਾ ਸੀ ਅਤੇ ਭੂਆ ਦਾ ਮੁੰਡਾ ਵੀ ਆਇਆ ਹੋਇਆ ਸੀ।
ਸਾਡੇ ਵਾਲੇ ਹਾਈਵੇ 'ਤੇ ਨਵੀਂ-ਨਵੀਂ ਲੁੱਕ ਪੈ ਕੇ ਹਟੀ ਸੀ ਅਤੇ ਰੋਡ ਦੋਵੇਂ ਪਾਸਿਆਂ ਤੋਂ ਦੋ-ਦੋ ਫੁੱਟ ਚੌੜਾ ਹੋਣ ਕਰਕੇ ਵੱਟੇ ਕਾਫ਼ੀ ਖਿਲਰੇ ਪਏ ਸਨ। ਮੇਰੇ ਤੋਂ ਛੋਟਾ, ਜੋ ਪੰਜ ਕੁ ਸਾਲ ਦਾ ਹੋਵੇਗਾ, ਉਹ ਸਾਰੇ ਵੱਟੇ ਇਕੱਠੇ ਕਰਕੇ ਢੇਰੀ ਬਣਾ ਰਿਹਾ ਸੀ। ਕੋਲ ਫਿਰਦਾ ਭੂਆ ਦਾ ਮੁੰਡਾ ਉਹਨੂੰ ਨਿਸ਼ਾਨੇ ਮਾਰਨੇ ਸਿਖਾਉਣ ਲੱਗ ਪਿਆ।
ਉਹਨੇ ਪਹਿਲਾਂ ਨਿਸ਼ਾਨਾ ਲਾਉਣ ਦੀ ਜਾਂਚ ਦੱਸੀ ਤੇ ਫਿਰ ਵੱਟਾ ਚਲਾਉਣ ਦਾ ਢੰਗ ਵੀ ਦੱਸਣ ਲੱਗ ਪਿਆ। ਵੇਖਦੇ-ਵੇਖਦੇ ਉਹਨੇ ਸੜਕ 'ਤੇ ਹੀ ਵੱਟੇ ਖਿਲਾਰਨੇ ਸ਼ੁਰੂ ਕਰ ਦਿੱਤੇ। ਸੜਕ ਤੋਂ ਪਰਲੇ ਪਾਸੇ ਵੀ ਪਿੰਡ ਦੀ ਗਲੀ ਸੀ। ਜਿਵੇਂ ਹੀ ਇੱਕ ਜਵਾਕ ਉੱਥੋਂ ਨਿਕਲਿਆ, ਇੱਕ ਵੱਟਾ ਉਹਦੇ ਪੈਰਾਂ ਕੋਲ ਜਾ ਵੱਜਿਆ।
ਸਾਡੀ ਉਹਦੇ ਨਾਲ ਪਹਿਲਾਂ ਹੀ ਘੱਟ ਬਣਦੀ ਸੀ। ਉਹਨੂੰ ਲੱਗਿਆ ਕਿ ਵੱਟਾ ਜਾਣ-ਬੁੱਝ ਕੇ ਮਾਰਿਆ ਗਿਆ ਹੈ। ਗੁੱਸੇ ਵਿੱਚ ਉਹਨੇ ਵੀ ਉੱਧਰੋਂ ਵੱਟਾ ਚੁੱਕ ਕੇ ਸਾਡੇ ਵੱਲ ਚਲਾ ਦਿੱਤਾ। ਬੱਸ ਫਿਰ ਕੀ ਸੀ... ਵੱਟਿਆਂ ਦੀ ਲੜਾਈ ਸ਼ੁਰੂ ਹੋ ਗਈ।
ਵੱਡੇ-ਵਡੇਰੇ ਸਾਰੇ ਘਰਾਂ ਵਿੱਚ ਹੀ ਸਨ। ਗਰਮੀ ਦੇ ਦਿਨ ਸਨ ਅਤੇ ਹੁਣੇ ਹੀ ਬਿਜਲੀ ਆਈ ਸੀ। ਸੜਕ 'ਤੇ ਆਵਾਜਾਈ ਵੀ ਜ਼ਿਆਦਾ ਨਹੀਂ ਸੀ। ਜਦੋਂ ਕੋਈ ਸਾਧਨ ਲੰਘਦਾ ਤਾਂ ਇਹ ਰੁਕ ਜਾਂਦੇ ਅਤੇ ਫਿਰ ਵੱਟੇ ਚਲਾਉਣ ਲੱਗ ਪੈਂਦੇ। ਵੱਡੇ ਮਸਾਂ ਹੀ ਸੜਕ ਪਾਰ ਕਰ ਰਹੇ ਸਨ ਅਤੇ ਸਾਡੇ ਵੱਲੋਂ ਵੱਟੇ ਪਹਾੜੀ ਕਿੱਕਰਾਂ ਤੱਕ ਜਾਂਦੇ, ਉੱਧਰੋਂ ਗਲੀ ਦੀ ਨੁੱਕਰ ਤੇ ਬਣੀ ਧਰਮਸ਼ਾਲਾ ਕੋਲੋਂ ਵਾਪਸ ਆਉਂਦੇ।
ਇਹ ਸਾਰੀ ਖੇਡੀ ਚੱਲੀ ਜਾ ਰਹੀ ਸੀ ਅਤੇ ਮੈਂ ਨਿਸ਼ਚਿੰਤ ਹੋ ਕੇ ਸਕੂਲ ਦਾ ਕੰਮ ਕਰੀ ਜਾ ਰਿਹਾ ਸੀ। ਅਚਾਨਕ ਉੱਧਰੋਂ ਇੱਕ ਵੱਟਾ ਚੱਲਿਆ ਅਤੇ ਕੋਲੋਂ ਲੰਘ ਰਹੇ ਇੱਕ ਕੈਂਟਰ ਦੇ ਸ਼ੀਸ਼ੇ ਨਾਲ ਜਾ ਵੱਜਿਆ। ਜ਼ੋਰ ਦਾ ਖੜਾਕਾ ਹੋਇਆ ਅਤੇ ਇਕਦਮ ਸਾਰੇ ਸੁੰਨ ਹੋ ਗਏ।
ਥੋੜ੍ਹਾ ਅੱਗੇ ਜਾ ਕੇ ਕੈਂਟਰ ਰੁਕ ਗਿਆ। ਕੈਂਟਰ ਦੇ ਰੁਕਦਿਆਂ ਹੀ ਉਹ ਮੁੰਡਾ ਤਾਂ ਪੱਤਰੇ ਵਾਚ ਗਿਆ ਅਤੇ ਭੂਆ ਦਾ ਮੁੰਡਾ ਤੇ ਮੇਰਾ ਛੋਟਾ ਭਰਾ ਵੀ ਭੰਬੀਰੀ ਬਣ ਕੇ ਘਰ ਅੰਦਰ ਵੜ੍ਹ ਗਏ।
ਪਹਿਲਾਂ ਤਾਂ ਮੈਨੂੰ ਲੱਗਾ ਕਿ ਆਪਣਾ ਤਾਂ ਕੋਈ ਕਸੂਰ ਹੀ ਨਹੀਂ। ਮੈਂ ਕਹਿ ਦਿਆਂਗਾ, "ਜੀ, ਉਹ ਸੀ..." ਪਰ ਜਦੋਂ ਕੈਂਟਰ ਨੇ ਬੈਕ ਹੋਣਾ ਸ਼ੁਰੂ ਕੀਤਾ ਤਾਂ ਮੇਰਾ ਦਿਲ ਵੀ ਕਾਹਲਾ ਪੈਣ ਲੱਗਾ।
ਬਾਣੇ ਪਾਏ ਬਾਬਿਆਂ ਨਾਲ ਭਰਿਆ ਨੀਲੇ ਰੰਗ ਦਾ ਕੈਂਟਰ ਮੇਰੇ ਵੱਲ ਹੀ ਵੇਖਦਾ ਆ ਰਿਹਾ ਸੀ। ਉਹ ਉੱਚੀ-ਉੱਚੀ ਚੀਕਣ ਲੱਗੇ— "ਆਹੀ ਆ... ਆਹੀ ਆ... ਫੜ੍ਹ ਲਓ... ਭੱਜੇ ਨਾ...!"
ਮੈਨੂੰ ਲੱਗਿਆ, ਲੈ ਬਈ... ਪੈ ਗਿਆ ਪੰਗਾ। ਆਸ-ਪਾਸ ਹੋਰ ਕੋਈ ਵੀ ਨਹੀਂ ਸੀ। ਮੈਂ ਕਿਤਾਬਾਂ ਉੱਥੇ ਹੀ ਸੁੱਟੀਆਂ ਅਤੇ ਘਰ ਵੱਲ ਨੂੰ ਸ਼ੂਟ ਵੱਟ ਦਿੱਤੀ।
ਦਾਦੀ ਮੇਰੀ ਵਿਹੜੇ ਵਿੱਚ ਬੈਠੀ ਸੀ। ਮੈਨੂੰ ਭੱਜਿਆ ਆਉਂਦਾ ਵੇਖ ਕੇ ਪੁੱਛਣ ਲੱਗੀ, "ਤੈਨੂੰ ਕੀ ਹੋ ਗਿਆ?" ਪਰ ਮੇਰਾ ਸਾਰਾ ਧਿਆਨ ਲੁਕਣ ਵੱਲ ਸੀ। ਮੈਂ ਬੱਸ ਐਨਾ ਹੀ ਕਿਹਾ, "ਇਹਨਾਂ ਨੇ ਬਾਬਿਆਂ ਦੇ ਕੈਂਟਰ 'ਤੇ ਰੋੜਾ ਮਾਰ ਦਿੱਤਾ... ਉਹ ਆ ਰਹੇ ਨੇ।"
ਸਾਡਾ ਵਿਹੜਾ ਲੰਮਾ ਸੀ। ਗੇਟ ਤੋਂ ਕਮਰਿਆਂ ਤੱਕ ਆਉਣ ਵਿੱਚ ਵੀ ਸਮਾਂ ਲੱਗ ਜਾਂਦਾ ਸੀ। ਪਹਿਲਾਂ ਤੂੜੀ ਵਾਲਾ ਕੋਠਾ ਸੀ। ਮੈਂ ਉੱਧਰ ਨੂੰ ਗਿਆ ਪਰ ਉਹਦੇ 'ਤੇ ਕੱਲੀ-ਪੱਲੀ ਲੱਗੀ ਹੋਈ ਸੀ। ਸੋਚਿਆ, ਏਥੋਂ ਤਾਂ ਝੱਟ ਫੜਿਆ ਜਾਵਾਂਗਾ। ਗਲੀ ਵਾਲੇ ਪਾਸੇ ਬਾਥਰੂਮ ਸੀ, ਉਹ ਵੀ ਸੁਰੱਖਿਅਤ ਨਾ ਲੱਗਿਆ।
ਸਾਹਮਣੇ ਇੱਕ ਕਮਰਾ ਖੁੱਲ੍ਹਾ ਸੀ ਅਤੇ ਨਾਲ ਵਾਲਾ ਦੂਜਾ ਹਮੇਸ਼ਾ ਬੰਦ ਰਹਿੰਦਾ ਸੀ। ਦੋਵਾਂ ਵਿਚਕਾਰ ਲੰਘਣ ਲਈ ਇੱਕ ਬਾਰੀ ਸੀ। ਭੂਆ ਦਾ ਮੁੰਡਾ ਤੇ ਮੇਰਾ ਛੋਟਾ ਭਰਾ ਉੱਥੇ ਜਾ ਲੁਕੇ। ਮੈਂ ਸੋਚਿਆ, ਜੇ ਮੈਂ ਵੀ ਉੱਥੇ ਗਿਆ ਤਾਂ ਤਿੰਨੇ ਇਕੱਠੇ ਫੜ੍ਹੇ ਜਾਵਾਂਗੇ।
ਮੈਂ ਜੱਕੋ-ਤੱਕੀ ਵਿੱਚ ਹਾਲੇ ਰਸੋਈ ਵੱਲ ਵੜ੍ਹਨ ਹੀ ਲੱਗਾ ਸੀ। ਦਾਦੀ ਨੇ ਵੀ ਮੇਰਾ ਮੂੰਹ ਵੇਖ ਕੇ ਰਸੋਈ ਵੱਲ ਹੱਥ ਹੀ ਕੀਤਾ ਸੀ ਕਿ ਦਗੜ-ਦਗੜ ਕਰਦੇ ਤੇ ਰੌਲਾ ਪਾਉਂਦੇ ਨਿਹੰਗ ਸਿੰਘ ਘਰ ਆ ਗਏ। ਉਹਨਾਂ ਨੇ ਮੈਨੂੰ ਰਸੋਈ ਵਿੱਚ ਵੜ੍ਹਦੇ ਵੇਖ ਲਿਆ।
ਮੈਂ ਜਾਲ਼ੀ ਦੇ ਉਹਲੇ ਲੁਕਿਆ ਹੀ ਸੀ ਕਿ ਫੜ੍ਹੇ ਜਾਣ ਦੇ ਡਰ ਕਰਕੇ ਦੂਜੇ ਕਮਰੇ ਵੱਲ ਦੌੜਿਆ। ਇੰਨੇ ਨੂੰ ਬਾਬੇ ਗਰਜਦੇ, ਖੂੰਡੇ ਖੜਕਾਉਂਦੇ ਅਤੇ ਧੂੜਾਂ ਉਡਾਉਂਦੇ ਮੰਜਿਆਂ ਕੋਲ ਆ ਗਏ, ਜਿੱਥੇ ਮੇਰੀ ਬੀਬੀ ਬੈਠੀ ਸੀ।
ਅੱਠ-ਦਸ ਜਣੇ ਡਾਰ ਬੰਨ੍ਹ ਕੇ ਵਿਹੜੇ ਵਿੱਚ ਆਣ ਖਲੋਤੇ। ਮੇਰੀਆਂ ਅੱਖਾਂ ਮੂਹਰੇ ਤਾਂ ਹੋਣੀ ਆ ਗਈ। ਲੱਗਿਆ ਅੱਜ ਤਾਂ ਚਪੇੜਾਂ ਦਾ ਮੀਂਹ ਵਰ੍ਹਣਾ ਹੈ।
ਸਹਿਜ ਨਾਲ ਬੈਠੀ ਬੀਬੀ ਕਹਿੰਦੀ, "ਦੱਸੋ ਭਾਈ?"
ਮੰਮੀ ਵੀ ਕੱਪੜੇ ਧੋਂਦੀ-ਧੋਂਦੀ ਬੀਬੀ ਕੋਲ ਆ ਖਲੋਤੀ। ਉਹਨੂੰ ਲੱਗਿਆ ਸ਼ਾਇਦ ਕੋਈ ਹੋਰ ਗੱਲ ਹੋਵੇਗੀ। ਪਰ ਇਸ ਤੋਂ ਪਹਿਲਾਂ ਕਿ ਬੀਬੀ ਕੁਝ ਕਹਿੰਦੀ, ਉਹ ਫੁੰਕਾਰੇ ਮਾਰਦੇ ਬੋਲੇ—
"ਆਹ ਤੁਹਾਡਾ ਜਵਾਕ ਵੱਟਾ ਮਾਰ ਕੇ ਸਾਡਾ ਕੈਂਟਰ ਦਾ ਸ਼ੀਸ਼ਾ ਤੋੜ ਕੇ ਆਇਆ। ਇਹਨੂੰ ਕਰੋ ਸਾਡੇ ਹਵਾਲੇ... ਦੱਸੀਏ ਪਤਾ!"
ਐਨਾ ਕਹਿ ਕੇ ਉਹ ਗੁੱਸੇ ਨਾਲ ਭਰੇ ਭਿਆਨਕ ਚਿਹਰੇ ਨਾਲ ਮੇਰੇ ਵੱਲ ਵੇਖ ਕੇ ਅੱਖਾਂ ਕੱਢਣ ਲੱਗੇ। ਮੇਰੇ ਇੱਕ ਚੜ੍ਹੇ, ਇੱਕ ਉੱਤਰੇ। ਲੱਗਿਆ ਅੱਜ ਤਾਂ ਸੀਂਢ ਕੱਢਣਗੇ।
ਮੈਂ ਕਦੇ ਬੀਬੀ ਦੇ ਮੂੰਹ ਵੱਲ ਤੇ ਕਦੇ ਬਾਬਿਆਂ ਦੇ ਮੂੰਹ ਵੱਲ ਵੇਖਦਾ ਅਤੇ ਨਾਂਹ ਵਿੱਚ ਸਿਰ ਹਿਲਾਉਂਦਾ। ਬੋਲ ਮੈਥੋਂ ਹੋਣ ਨਾ। ਉਹ ਖੂੰਡੇ ਖੜਕਾਉਣ ਅਤੇ ਕਹਿਣ, "ਜਵਾਕ ਹਵਾਲੇ ਕਰੋ... ਦੱਸੀਏ ਪਤਾ!"
ਉੱਥੇ ਰੌਲਾ ਪੈ ਗਿਆ। ਮੈਂ ਚੀਕਾਂ ਛੱਡ ਦਿੱਤੀਆਂ। ਇੱਕ ਬਾਬਾ ਮੇਰੇ ਵੱਲ ਨੂੰ ਵਧਿਆ ਤਾਂ ਬੀਬੀ ਉੱਠ ਕੇ ਮੈਨੂੰ ਆਪਣੇ ਪਿੱਛੇ ਲੁਕੋ ਲੈਂਦੀ ਹੈ ਅਤੇ ਗਰਜ ਕੇ ਬੋਲੀ—
"ਹੈਥੇ ਹੀ ਰੁਕ ਜਾ... ਅੱਗੇ ਵਧਿਆ ਤਾਂ ਫਿੱਫਰੇ ਕੱਢ ਦੂੰ ਮੇਰੇ ਪਿਓ ਦੇ ਸਾਲੇ ਦੇ... ਸੀਰਮੇਂ ਪੀ ਜੂ... ਏਥੇ ਖੜ੍ਹ ਕੇ ਗੱਲ ਕਰ ਜੋ ਕਰਨੀ!"
ਬੀਬੀ ਦੇ ਬੋਲਾਂ ਨੇ ਇੱਕਦਮ ਸ਼ਾਂਤੀ ਵਰਤਾ ਦਿੱਤੀ। ਉਹ ਵੀ ਭਵੰਤਰ ਗਏ। ਬੀਬੀ ਅੱਗੋਂ ਟੁੱਟ ਕੇ ਪਈ, "ਠੋਡੀ ਹਿੰਮਤ ਕਿਵੇਂ ਪਈ ਸਾਡੇ ਘਰ ਵੜ੍ਹਨ ਦੀ? ਨਿਕਲੋ ਬਾਹਰ!"
ਬੀਬੀ ਦੀਆਂ ਕੱਢੀਆਂ ਅੱਖਾਂ ਨਾਲ ਡਰ ਕੇ ਉਹ ਪਿੱਛੇ ਹਟ ਗਏ। ਬੀਬੀ ਜਾਣਦੀ ਸੀ ਕਿ ਮੈਂ ਸ਼ਰਾਰਤੀ ਘੱਟ ਹਾਂ ਅਤੇ ਕਰਤੂਤ ਕੀਹਦੀ ਸੀ, ਉਹਨੂੰ ਇਹ ਵੀ ਪਤਾ ਸੀ। ਬਾਬਿਆਂ ਨੇ ਨਾਲ ਦੇ ਵੀ ਘਰ ਵਿੱਚ ਵੜ੍ਹਦੇ ਕੈਂਟਰ ਦੇ ਸ਼ੀਸ਼ੇ ਥਾਣੀਂ ਦੇਖ ਲਏ ਸਨ। ਉਹ ਕਹਿਣ ਲੱਗੇ, "ਹੋਰ ਵੀ ਸੀ ਦੋ ਜਣੇ... ਉਹ ਲੁਕੇ ਨੇ।" ਉਹ ਅੰਦਰ ਵੜ੍ਹਨ ਨੂੰ ਫਿਰਨ ਪਰ ਦਾਦੀ ਮੂਹਰੇ ਢਾਲ ਬਣ ਕੇ ਖੜ੍ਹੀ ਸੀ।
ਰੌਲਾ ਵੱਧਣ ਕਰਕੇ ਲੋਕ ਇਕੱਠੇ ਹੋ ਗਏ ਅਤੇ ਸਾਰੇ ਜਵਾਕ ਕਰਕੇ ਮੇਰੀ ਹਮਾਇਤ ਵਿੱਚ ਬੋਲਣ ਲੱਗੇ। ਨਾਲੇ ਤਾਂ ਮੈਂ ਡਰੀ ਜਾਂਵਾਂ, ਨਾਲੇ ਸੋਚੀ ਜਾਵਾਂ—ਮਨਾ! ਕਿਉਂ ਨਹੀਂ ਟਿਕ ਕੇ ਬੈਠਿਆ ਜਿੱਥੇ ਲੁਕਿਆ ਸੀ? ਆਏਂ ਵੀ ਹੋਵੇ ਕਿ ਬਾਬੇ ਉਹਨਾਂ ਨੂੰ ਬਾਹਰ ਕੱਢਣ, ਜਿੰਨ੍ਹਾਂ ਕਰਕੇ ਸਾਰਾ ਸਿਆਪਾ ਪਿਆ ਸੀ।
ਕਮਰੇ ਦੇ ਬੰਦ ਬੂਹੇ ਵਿੱਚ ਛੋਟਾ ਜਿਹਾ ਸੁਰਾਖ ਸੀ, ਜਿਸ ਵਿੱਚੋਂ ਬਾਹਰਲਾ ਸਭ ਵਿਖ ਰਿਹਾ ਸੀ। ਮੇਰੇ ਤੋਂ ਛੋਟਾ ਬੈੱਡ ਥੱਲੇ ਲੁਕਿਆ ਸਾਰਾ ਹਾਲ ਭੂਆ ਦੇ ਮੁੰਡੇ ਨੂੰ ਦੱਸ ਰਿਹਾ ਸੀ। ਰੌਲੇ-ਗੌਲੇ ਵਿੱਚ ਵੀ ਉਹਦੀ ਆਵਾਜ਼ ਕੰਨਾਂ ਵਿੱਚ ਪੈਂਦੀ ਰਹੀ—"ਬਾਈ ਲੁਕ ਜਾ... ਉਹ ਆ ਗਏ... ਬਾਈ ਆ ਗਏ...!"
ਪਰ ਉਹ ਅੱਗੇ ਨਾ ਵਧੇ ਅਤੇ ਸਾਰਾ ਪਿੰਡ ਮੇਰੀ ਗਵਾਹੀ ਦੇਈ ਜਾਵੇ। ਮੈਂ ਕਹਾਂ ਕਿ ਮੈਂ ਤਾਂ ਮੰਜੇ 'ਤੇ ਬੈਠਾ ਕੰਮ ਕਰਦਾ ਸੀ, ਰੋੜਾ ਮੈਂ ਨਹੀਂ ਮਾਰਿਆ। ਉਹ ਕਹਿੰਦੇ, "ਚਲੋ ਪਹਿਲਾਂ ਮੰਜਾ ਹੀ ਵੇਖਦੇ ਆ..."
ਮੈਂ ਘਰਦਿਆਂ ਅਤੇ ਆਂਢ-ਗੁਆਂਢ ਨਾਲ ਇਸ ਵਿਸ਼ਵਾਸ ਵਿੱਚ ਚਲਾ ਗਿਆ ਕਿ ਮੈਂ ਕੁਝ ਕੀਤਾ ਹੀ ਨਹੀਂ। ਮੈਂ ਹਾਲੇ ਮੰਜੇ ਕੋਲ ਗਿਆ ਹੀ ਸੀ ਕਿ ਫੜਾਕ-ਫੜਾਕ ਚਪੇੜਾਂ ਮੇਰੇ ਪੈਣੀਆਂ ਸ਼ੁਰੂ ਹੋ ਗਈਆਂ। ਸਾਉਣ ਦੇ ਛਰਾਟੇ ਵਾਂਗ ਪਤਾ ਹੀ ਨਾ ਲੱਗਿਆ ਕਿ ਕਿੱਧਰੋਂ ਵਰ੍ਹਣ ਲੱਗੀਆਂ। ਪਿੱਛੇ ਮੁੜ ਕੇ ਵੇਖਿਆ ਤਾਂ ਕੁੱਟਣ ਵਾਲੀ ਕੋਈ ਹੋਰ ਨਹੀਂ, ਮੰਮੀ ਸੀ।
ਮੇਰੀਆਂ ਚੀਕਾਂ ਨਿਕਲ ਗਈਆਂ, ਕਿਉਂਕਿ ਮੈਂ ਆਪਣੇ ਆਪ ਨੂੰ ਨਿਰਦੋਸ਼ ਸਮਝ ਰਿਹਾ ਸੀ। ਪਰ ਸੁਣਦਾ ਕੌਣ? ਮੰਮੀ ਨੇ ਮਾਰ-ਮਾਰ ਮੇਰੀ ਤਹਿ ਲਾ ਦਿੱਤੀ, ਕਿਉਂਕਿ ਮੰਜੇ ਉੱਤੇ ਵੱਟਿਆਂ ਦਾ ਢੇਰ ਪਿਆ ਸੀ।
ਸਾਰੇ ਲਾਜਵਾਬ ਹੋ ਗਏ। ਬਾਬੇ ਕਹਿਣ ਲੱਗੇ, "ਹੁਣ ਦੱਸੋ ਕੌਣ ਗਲਤ?" ਪਿੰਡ ਵਾਲੇ ਵੀ ਵੱਟੇ ਵੇਖ ਕੇ ਬਾਬਿਆਂ ਦੀ ਬੋਲੀ ਬੋਲਣ ਲੱਗ ਪਏ। ਮੈਂ ਹੋਰ ਡਰ ਗਿਆ ਕਿ ਹੁਣ ਤਾਂ ਉਹਨਾਂ ਨੂੰ ਵੀ ਫੜਾ ਦੇਣਗੇ। ਮੈਂ ਅਰਦਾਸਾਂ ਕਰਾਂ ਕਿ ਦਾਦਾ ਜਾਂ ਚਾਚਾ ਹੀ ਪ੍ਰਗਟ ਹੋ ਜਾਣ।
ਇਕੱਠ ਹੋਰ ਵੱਧ ਗਿਆ। ਬਾਬਿਆਂ ਕੋਲ ਇੱਕੋ ਗੱਲ—"ਸਾਨੂੰ ਮੁੰਡਾ ਚਾਹੀਦਾ।" ਹਾਲੇ ਗੱਲਾਂ ਚੱਲ ਹੀ ਰਹੀਆਂ ਸਨ ਕਿ ਢੂਹੀ ਵਿੱਚ ਜ਼ੋਰਦਾਰ ਧੱਫਾ ਵੱਜਿਆ। ਦੋ-ਤਿੰਨ ਹੋਰ ਗਿੱਚੀ ਵਿੱਚ ਪਏ। ਮੁੜ ਕੇ ਵੇਖਿਆ ਤਾਂ ਫਿਰ ਮੰਮੀ ਸੀ। ਉਹ ਦੋ-ਚਾਰ ਧਰ ਕੇ ਰੌਲਾ ਪਾਉਂਦੀ ਮੈਨੂੰ ਘਰ ਵੱਲ ਲੈ ਗਈ। ਮੈਨੂੰ ਤਾਂ ਮੰਮੀ 'ਤੇ ਹੀ ਗੁੱਸਾ ਸੀ ਕਿ ਇਸਨੂੰ ਚੰਗਾ ਮੌਕਾ ਮਿਲਿਆ ਆ।
ਭੀੜ ਵੱਧਣ ਕਰਕੇ ਬਾਬੇ ਵੀ ਠੰਡੇ ਪੈ ਗਏ। ਥੋੜ੍ਹੀ ਦੇਰ ਬਾਅਦ ਲੋਕਾਂ ਨੇ ਕਹਿ-ਕਹਾ ਕੇ ਗੱਲ ਰਫ਼ਾ-ਦਫ਼ਾ ਕਰਵਾ ਦਿੱਤੀ। ਜਦੋਂ "ਚਲੋ ਵਈ, ਚਲੋ ਵਈ" ਹੋਈ ਤਾਂ ਜਾਂਦੇ-ਜਾਂਦੇ ਬਾਬੇ ਗੁੱਸੇ ਵਿੱਚ ਕਹਿੰਦੇ, "ਪਰਸੋਂ ਆਵਾਂਗੇ... ਨਾਲਦਿਆਂ ਨੂੰ ਵੀ ਪੁੱਛਾਂਗੇ..."
ਮੇਰਾ ਦਿਲ ਤਾਂ ਪੁੱਛਿਆ ਹੀ ਜਾਣੇ। ਜਿਵੇਂ ਹੀ ਉਹ ਗਏ, ਉਹ ਦੋਵੇਂ ਕੱਪੜੇ ਝਾੜਦੇ ਬਾਹਰ ਆ ਗਏ ਅਤੇ ਕਹਿੰਦੇ, "ਗਏ ਫੇਰ? ਕੀ ਕਹਿੰਦੇ ਸੀ?" ਮੈਨੂੰ ਉਹਨਾਂ ਦੋਵਾਂ 'ਤੇ ਬਹੁਤ ਗੁੱਸਾ ਸੀ, ਪਰ ਉਹਨਾਂ ਨੂੰ ਕਿਸੇ ਨੇ ਕੁਝ ਨਾ ਕਿਹਾ।
ਮੰਮੀ ਨੇ ਮੈਨੂੰ ਬੁੱਕਲ ਵਿੱਚ ਲੈ ਲਿਆ। ਮੈਂ ਹੈਰਾਨ। ਮੈਂ ਸੋਚਿਆ, ਹੁਣ ਹੋਰ ਡਾਂਟ ਪਊਗੀ। ਪਰ ਉਹ ਕਹਿੰਦੀ, "ਕੋਈ ਹੋਰ ਹੱਥ ਲਾਉਂਦਾ ਜਰ ਨਹੀਂ ਸੀ ਹੁੰਦਾ... ਉਦੋਂ ਚੰਗਾ ਮੈਂ ਹੀ ਧਰਤੀਆਂ... ਨਾਲੇ ਮੈਂ ਤਾਂ ਪਿਆਰ ਨਾਲ ਹੀ ਛੱਡੀਆਂ ਸੀ।"
ਮੈਂ ਹੈਰਾਨ ਹੋ ਕੇ ਸੋਚਿਆ, "ਜੇ ਇਹ ਪਿਆਰ ਨਾਲ ਛੱਡੀਆਂ ਸੀ ਤਾਂ ਗੁੱਸੇ ਵਿੱਚ ਕਿੱਦਾਂ ਛੱਡਣੀਆਂ ਸੀ...?"
ਪਰ ਮੇਰੇ ਦਿਲ ਵਿੱਚੋਂ ਉਹ ਡਰ ਕਦੇ ਨਾ ਗਿਆ। ਗੱਲ ਘਰ ਕਰ ਗਈ ਕਿ ਬਾਬੇ ਕਦੇ ਨਾ ਕਦੇ ਵਾਪਸ ਆਉਣਗੇ। ਸੁਪਨਿਆਂ ਵਿੱਚ ਵੀ ਉਹ ਖੂੰਡਾ ਖੜਕਾਉਂਦੇ ਦਿਸਦੇ ਰਹਿੰਦੇ। ਮੁੜ ਕੇ ਅਸੀਂ ਕਦੇ ਵੀ ਸੜਕ 'ਤੇ ਕੱਲ੍ਹੇ ਬੈਠੇ ਨਹੀਂ। ਵਿਹੜੇ ਵਿੱਚ ਬੈਠੇ ਨੂੰ ਘਰ ਦੇ ਛੇੜ ਦਿੰਦੇ, "ਔਹ ਆ ਗਏ..." ਤਾਂ ਮੈਂ ਤ੍ਰਿਭਕ ਜਾਂਦਾ। ਮੈਨੂੰ ਜਾਪਦਾ ਉਹਨਾਂ ਦੀਆਂ ਅੱਖਾਂ ਮੇਰੇ ਮਗਰ ਲੱਗੀਆਂ ਹੋਈਆਂ ਨੇ। ਡਰਾਵਣੀਆਂ ਅੱਖਾਂ ਚੇਤਿਆਂ ਵਿੱਚ ਰਹਿੰਦੀਆਂ। ਸਕੂਲ ਬੈਠਾ ਵੀ ਡਰਦਾ ਰਹਿੰਦਾ। ਸੜਕ 'ਤੇ ਹੁੰਦਾ ਤਾਂ ਮੇਰੀ ਨਿਗ੍ਹਾ ਲੰਘਦੇ ਹਰ ਨੀਲੇ ਕੈਂਟਰ 'ਤੇ ਜ਼ਰੂਰ ਜਾਂਦੀ ਅਤੇ ਮੈਂ ਭੱਜ ਕੇ ਘਰ ਆ ਜਾਂਦਾ।
ਪਰ ਉਹ ਕਦੇ ਵਾਪਸ ਨਾ ਆਏ।
ਇਹ ਰਚਨਾ ਅਲਫ਼ਾਜ਼ ਦੀ ਹੈ, ਜੋ ਸੁਰਤਿ ਮੈਗਜ਼ੀਨ ਦੇ ਪੰਜਵੇਂ ਅੰਕ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ।