ਕੇਂਰਾਂ ਬਾਬਾ-ਬਾਬਾ ਖੇਡਦਿਆਂ ਮੈਂ ਗੁਟਕਾ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਵਾਂਗ ਪ੍ਰਕਾਸ਼ ਕਰ ਆਪ ਗਿਆਨੀ ਬਣ ਕੇ ਪਾਠ ਕਰਨ ਲੱਗ ਪਿਆ। ਕੋਲ ਅਗਰਬੱਤੀ ਲਾ ਲਈ। ਥੱਲੇ ਜੂਟ ਦੀਆਂ ਬੋਰੀਆਂ ਵਿਛਾ ਕੇ ਜਵਾਕਾਂ ਦੀ ਸੰਗਤ ਬਿਠਾ ਲਈ, ਪਾਠ ਸ਼ੁਰੂ ਕਰ ਦਿੱਤਾ। ਹੋਇਆ ਕੀ ਕਿ ਅਗਰਬੱਤੀ ਦੀ ਰਾਖ ਬੋਰੀਆਂ 'ਤੇ ਪਈ ਜਾਵੇ ਤੇ ਉੱਥੋਂ ਮਾੜੀ ਜਿਹੀ ਚਿੰਗਾਰੀ ਬੋਰੀ 'ਤੇ ਪੈ ਗਈ ਤੇ ਇੱਧਰੋਂ ਅਸੀਂ ਪਾਠ ਮੁਕਾ ਹੋਰ ਕਿੱਧਰੇ ਲੱਗ ਗਏ। ਅੱਗ ਧੁਖਣ ਲੱਗੀ ਤੇ ਧੂੰਆਂ ਫੈਲ ਗਿਆ। ਘਰੇ ਅੱਗ ਲੱਗਣ ਦਾ ਰੌਲਾ ਪੈ ਗਿਆ। ਸਾਰਿਆਂ ਨੂੰ ਪਤਾ ਸੀ ਮੈਂ ਉੱਥੇ ਸੀ। ਦਾਦਾ-ਦਾਦੀ ਨੇ ਪਹਿਲਾਂ ਤਾਂ ਅੱਗ ਬੁਝਾਈ। ਵਾਹਵਾ ਗੁਟਕਾ ਸਾਹਿਬ ਨੂੰ ਅੱਗ ਪੈਣ ਤੋਂ ਬਚਤ ਰਹਿ ਗਈ ਸੀ। ਦਾਦੇ ਨੇ ਪਹਿਲਾਂ ਗੁਟਕਾ ਸਾਹਿਬ ਟਿਕਾਣੇ 'ਤੇ ਰੱਖ ਕੇ ਮੈਨੂੰ ਛਾਂਗਣ ਲੱਗੀ ਦਾਦੀ ਤੋਂ ਬਚਾ ਲਿਆ ਤੇ ਐਹੋ ਜਿਹੀ ਧੌਣੀ ਲਾਹੀ ਕਿ ਰਹੇ ਰੱਬ ਦਾ ਨਾਂ। ਦਾਦੇ ਨੇ ਕਦੇ ਝਰੀਟ ਨਹੀਂ ਸੀ ਆਉਣ ਦਿੱਤੀ, ਪਰ ਉਸ ਦਿਨ ਚੰਗਾ ਵਧਾਇਆ। ਸ਼ਾਇਦ ਧਾਰਮਿਕ ਪ੍ਰਵਿਰਤੀ ਹੋਣ ਕਰਕੇ ਉਨ੍ਹਾਂ ਨੂੰ ਗੁੱਸਾ ਸੀ ਕਿ ਇਹਨੇ ਗੁਟਕਾ ਸਾਹਿਬ ਨੂੰ ਅੱਗ ਲਾ ਦੇਣੀ ਸੀ।
ਕੱਲ੍ਹ ਏਜ਼ਾਜ਼ ਨੇ ਖੇਡਦਿਆਂ ਲਾਈਟਰ ਲੱਭ ਲਿਆ। ਇਹਨੇ ਦੀਵਾਲੀ ਵਾਲੇ ਦਿਨ ਲਾਈਟਰ ਨਾਲ ਪਟਾਕੇ ਚਲਾਉਂਦੇ ਆਪਣੇ ਚਾਚੇ ਨੂੰ ਵੇਖਿਆ ਸੀ। ਪਹਿਲਾਂ ਤਾਂ ਤੁਰਿਆ ਫਿਰਦਾ ਰਿਹਾ, ਫਿਰ 'ਚਾਨਕ ਸਭ ਤੋਂ ਅੱਖ ਬਚਾ ਕੇ ਪ੍ਰੈੱਸ ਟੇਬਲ 'ਤੇ ਵਿਛਾਏ ਮੇਜ਼ ਨੂੰ ਅੱਗ ਲਾ ਬਾਹਰ ਨੂੰ ਤੁਰ ਗਿਆ। ਜੀਅ ਸਾਰੇ ਬਾਹਰ ਬੈਠੇ ਸੀ। ਘਰੇ ਪੇਂਟ ਵਾਲਾ ਲੱਗਾ ਕਰਕੇ ਉਹਨੇ ਵੇਖ ਕੇ ਰੌਲਾ ਪਾਇਆ ਤੇ ਅੱਗ ਬੁਝਾਈ।
ਘਰਦੇ ਲੋਹਾ-ਲਾਖਾ ਹੋਏ ਗਾਹਲਾਂ ਵਰਾਉਂਦੇ ਮੇਰੇ ਕੋਲ ਲੈ ਆਏ, ਅਖੇ ਇਹਨੂੰ ਦੱਸੋ ਪਤਾ।
ਗੱਲ ਪਤਾ ਲੱਗੀ ਤਾਂ ਮੇਰਾ ਆਪਦਾ ਹਾਸਾ ਨਿਕਲ ਗਿਆ। ਮੈਂ ਕਿਹਾ, "ਕੋਈ ਨਾ, ਬਚਾ ਰਹਿ ਗਿਆ।"
ਮੈਨੂੰ ਮੇਰੇ ਪਈਆਂ ਲਾਸ਼ਾਂ ਯਾਦ ਆ ਗਈਆਂ। ਆਪਾਂ ਤਾਜ ਸਿਹਾਂ ਨੂੰ ਜੱਫੀ ਪਾ ਲਈ ਕਿ ਕੋਈ ਨਾ, ਅੱਗ ਲੱਗੀ ਤਾਂ ਨਹੀਂ ਨਾ। ਟੈਨਸ਼ਨ ਨਾ ਲੈ, ਇਹ ਤਾਂ ਬੱਸ ਇਤਿਹਾਸ ਰਿਪੀਟ ਹੋਇਆ। 😅😅