ਕਿਸਾਨੀ ਅੰਦੋਲਨ ਸਾਡੇ ਸਮਿਆਂ ਦਾ ਸਭ ਤੋਂ ਖੂਬਸੂਰਤ ਸੱਚ ਆ, ਜੋ ਅਸੀਂ ਅੱਖੀਂ ਵੇਖਿਆ, ਸੁਣਿਆ ਤੇ ਹੰਢਾਇਆ। ਮੈਂ ਸਾਹਿਤਕ ਖੇਤਰ 'ਚ 2024 'ਚ ਆਇਆ, ਪਰ ਪਹਿਲਾ ਗਾਣਾ ਮੇਰਾ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਰਿਕਾਰਡ ਹੋਇਆ ਸੀ। ਉਦੋਂ ਕਦੇ ਚਿਤਵਿਆ ਵੀ ਨਹੀਂ ਸੀ ਕਿ ਮੈਂ ਕਿਸਾਨੀ ਅੰਦੋਲਨ ਨਾਲ ਕਹਾਣੀਆਂ ਦੀ ਕਿਤਾਬ ਸੰਪਾਦਿਤ ਕਰਾਂਗਾ।
ਕਾਨੂੰਨਾਂ ਦੀ ਗੱਲ ਹਿੱਲਣ ਤੋਂ ਬਾਅਦ ਜਦੋਂ ਜ਼ਿਲ੍ਹਾ ਪੱਧਰੀ ਧਰਨੇ ਲੱਗਦੇ ਸਨ ਤਾਂ ਮੈਂ ਸਾਡੇ ਪਿੰਡ ਦੇ ਕਿਸਾਨ ਯੂਨੀਅਨ ਆਗੂ ਦੇ ਕਹੇ 'ਤੇ ਹਾਜ਼ਰੀ ਲਵਾ ਕੇ ਆਉਂਦਾ ਰਿਹਾ। ਫਿਰ ਸਾਡੇ ਪਿੰਡ ਵਾਲੇ ਟੋਲ਼ ਪਲਾਜ਼ੇ 'ਤੇ ਲਗਾਤਾਰ ਹਾਜ਼ਰੀ ਰਹੀ। ਮੈਂ ਨਾ ਹੋਣਾ ਤਾਂ ਪਰਿਵਾਰ 'ਚੋਂ ਕੋਈ ਜੀਅ ਧਰਨੇ 'ਤੇ ਹੁੰਦਾ ਸੀ।
ਜਦੋਂ ਦਿੱਲੀ ਕੂਚ ਦਾ ਹੁਕਮ ਹੋਇਆ ਤਾਂ ਸਾਡੀ ਡਿਊਟੀ ਫੰਡ ਤੇ ਰਸਦ ਇਕੱਠੇ ਕਰਨ 'ਤੇ ਲੱਗੀ। ਮੈਂ ਉਦੋਂ ਕਲੱਬ ਪ੍ਰਧਾਨ ਸੀ। ਸਾਡੇ ਕੋਲ ਜਿੰਨੀ ਵੀ ਟੂਰਨਾਮੈਂਟ ਦੀ ਉਗਰਾਹੀ ਸੀ, ਅਸੀਂ ਅੰਦੋਲਨ ਲਈ ਭੇਜ ਦਿੱਤੀ। ਫਿਰ ਅਸੀਂ ਹਰ ਹਫ਼ਤੇ ਸਮੇਤ ਰਸਦ-ਪਾਣੀ ਜੱਥਾ ਭੇਜਦੇ। ਸਾਡੀਆਂ ਟ੍ਰਾਲੀਆਂ ਸਿੰਘੂ ਬਾਰਡਰ 'ਤੇ ਸਨ। ਜਦੋਂ ਵੀ ਲੋੜ ਪੈਂਦੀ, ਹਾਜ਼ਰੀ ਲਵਾ ਕੇ ਆਉਂਦੇ।
ਅਸੀਂ ਪਿੰਡ 'ਚੋਂ ਹਰੇਕ ਘਰ ਮੋਰਚੇ ਲਈ ਭੇਜਿਆ। ਜਿੱਥੇ ਕੋਈ ਗਰੀਬ ਜਾਂ ਮਜ਼ਦੂਰ ਜਾਣ ਤੋਂ ਅਸਮਰੱਥ ਹੁੰਦਾ ਤਾਂ ਸਾਡੀ ਕਮੇਟੀ ਉਹਦਾ ਖਰਚ ਚੁੱਕਦੀ। ਸ਼ੁਰੂ 'ਚ ਤਾਂ ਲੱਗਦਾ ਸੀ ਕਿ ਮਹੀਨੇ-ਦੋ ਮਹੀਨੇ 'ਚ ਫੈਸਲਾ ਹੋ ਜਾਵੇਗਾ, ਪਰ ਕਿਸਾਨ ਯੂਨੀਅਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਅੰਦੋਲਨ ਲੰਮਾ ਵੀ ਚੱਲ ਸਕਦਾ ਹੈ ਅਤੇ ਸਰਕਾਰ ਫੇਲ੍ਹ ਕਰਨ ਲਈ ਹਰ ਹਰਬਾ ਵਰਤੇਗੀ। ਉਹੀ ਹੋਇਆ ਵੀ, ਪਰ ਜਿੰਨੀ ਕਵਰੇਜ ਧਰਨੇ ਨੂੰ ਮਿਲੀ ਅਤੇ ਦੇਸ਼-ਵਿਦੇਸ਼ 'ਚ ਚਰਚਾ ਹੋਈ, ਲੋਕ ਜੁੜੇ, ਉਹ ਆਪਣੇ ਆਪ 'ਚ ਇਤਿਹਾਸ ਹੈ।
ਮੇਰੇ ਵਾਂਗ ਆਪਾਂ ਸਾਰੇ ਇਸ ਅੰਦੋਲਨ ਨਾਲ ਜੁੜੇ ਰਹੇ ਕਰਕੇ ਸਭ ਸਹਿਜ ਲੱਗਦਾ ਹੈ। ਕਿਸਾਨ ਅੰਦੋਲਨ ਦੀ ਗਾਥਾ ਆਮ ਜ਼ਿੰਦਗੀ ਦਾ ਅੰਗ ਬਣ ਗਈ, ਪਰ ਜਦੋਂ ਅਗਲੀ ਪੀੜੀ ਇਸ ਸਭ ਬਾਰੇ ਸੁਣੇਗੀ ਤਾਂ ਉਹਨਾਂ ਦੇ ਮੂੰਹੋਂ 'ਵਾਹ-ਵਾਹ' ਨਿਕਲੇਗੀ। ਸਾਡੇ ਪੁਰਖਿਆਂ ਦੇ ਸਿਦਕ ਤੇ ਸਿਰੜ ਮੂਹਰੇ ਉਹ ਉਵੇਂ ਹੀ ਅਸ਼-ਅਸ਼ ਕਰਨਗੇ, ਜਿਵੇਂ ਹੁਣ ਤੱਕ ਸਾਨੂੰ ਆਪਣੀ ਸਿੱਖ ਵਿਰਾਸਤ ਤੇ ਪੰਜਾਬੀ ਹੋਣ 'ਤੇ ਮਾਣ ਰਿਹਾ ਹੈ।
ਮੈਟਰ ਇਕੱਠਾ ਕਰਨ ਤੱਕ ਮੇਰੇ ਮਨ 'ਚ ਕਦੇ ਵੀ ਕਿਸਾਨੀ ਅੰਦੋਲਨ ਬਾਰੇ ਕੋਈ ਕਹਾਣੀ ਲਿਖਣ ਦਾ ਵਿਚਾਰ ਨਹੀਂ ਆਇਆ ਅਤੇ ਆਇਆ ਵੀ ਤਾਂ ਇਹ ਸੋਚ ਕੇ ਦਰਕਿਨਾਰ ਕਰ ਦਿੱਤਾ ਕਿ ਇਸ 'ਤੇ ਹੋਰ ਕੀ ਲਿਖਿਆ ਜਾ ਸਕਦਾ ਹੈ? ਮਸਲੇ ਉਹੀ ਸਨ, ਗੱਲਾਂ ਉਹੀ ਸਨ, ਇੱਕ ਹੱਡੀਂ ਹੰਢਾਇਆ ਸੱਚ ਸੀ। ਸਾਡੇ ਕੋਲ ਇਸ ਅੰਦੋਲਨ 'ਚ ਬਜ਼ੁਰਗਾਂ ਦੀ ਸਿਆਣਪ ਤੇ ਸੂਝ ਸੀ। ਸਾਡੇ ਆਗੂ ਉਹ ਵਡੇਰੀ ਉਮਰ ਦੇ ਬਾਪੂ ਸਨ ਜੋ ਕਬੀਲਦਾਰੀ ਤੋਂ ਫਾਰਿਗ ਸਨ, ਪਰ ਸਾਡੇ ਲਈ ਯੋਧੇ ਬਣ ਨਿੱਤਰੇ।
ਮੈਂ ਹੋਰਾਂ ਕਹਾਣੀਆਂ ਦੇ ਨਾਲ-ਨਾਲ ਆਪਣੀ ਕਹਾਣੀ ‘ਮਰਜੀਵੜੇ’ ਵੀ ਸ਼ਾਮਿਲ ਕੀਤੀ। ‘ਮਰਜੀਵੜੇ’ 'ਚ ਬਾਪੂ ਸੇਵਾ ਸਿੰਘ ਦੇ ਰੂਪ 'ਚ ਮੇਰਾ ਦਾਦਾ ਬਖਤਾਵਰ ਸਿੰਘ ਆਇਆ, ਜੋ ਗੁਰਬਾਣੀ ਤੇ ਨਿੱਤਨੇਮ ਦਾ ਹਾਮੀ ਸੀ। ਉਸ ਲਈ ਜਾਤ ਤੋਂ ਉੱਤੇ ਜਮਾਤ ਪਹਿਲਾਂ ਸੀ। ਜੇ ਉਹ ਜਿਉਂਦਾ ਹੁੰਦਾ ਤਾਂ ਇਉਂ ਹੀ ਕਰਦਾ। ਹਾਲਾਂਕਿ ਸਾਡੇ ਪਿੰਡ ਵਿੱਚ ਕਦੇ ਜਾਤੀਵਾਦ ਨੂੰ ਲੈ ਕੇ ਸਮੱਸਿਆ ਨਹੀਂ ਆਈ, ਪਰ ਕਈ ਥਾਵਾਂ ਕਿਸਾਨ-ਮਜ਼ਦੂਰ ਏਕਤਾ ਦਾ ਨਾਅਰਾ ਦੇਣ ਦੇ ਬਾਵਜੂਦ ਇਹ ਸਮੱਸਿਆ ਭਾਰੂ ਰਹੀ। ਕਈ ਥਾਵਾਂ ਮਜ਼ਦੂਰ ਜਮਾਤ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਹਾਸ਼ੀਏ 'ਤੇ ਮਹਿਸੂਸ ਕੀਤਾ, ਇਸੇ ਲਈ ਗੁਰੂਆਂ ਦੇ ਦਿੱਤੇ ਸੰਕਲਪ ਨਾਲ ਕਹਾਣੀ ‘ਮਰਜੀਵੜੇ’ ਲਿਖੀ।
ਪੰਜਾਬੀ ਕਹਾਣੀ ਦਾ ਮਿਆਰ ਜਿਸ ਪੱਧਰ 'ਤੇ ਹੈ, ਉਸ 'ਚ ਨਵੀਂ ਤੇ ਕਮਾਲ ਦੀ ਗੱਲ ਨਾ ਹੋਵੇ ਤਾਂ ਕਹਾਣੀ ਦਾ ਜ਼ਿਕਰ ਹੀ ਨਹੀਂ ਛਿੜਦਾ। ਕਦੇ-ਕਦੇ ਮੈਂ ਖ਼ੁਦ ਵੀ ਮਹਿਸੂਸ ਕਰਦਾ ਕਿ ਕਹਾਣੀ 'ਚ ਜੜਾਕਾ ਵੱਜਣਾ ਚਾਹੀਦਾ ਹੈ। ਮੈਂ ਇਸ ਉਮੀਦ ਵਿੱਚ ਸੀ ਕਿ ਸਾਹਿਤ ਹਮੇਸ਼ਾ ਲੋਕ ਪੱਖੀ ਘੋਲਾਂ ਦਾ ਮੁਦਈ ਰਿਹਾ ਹੈ ਅਤੇ ਪ੍ਰਗਤੀਵਾਦੀ ਦੌਰ 'ਚ ਕਹਾਣੀਆਂ ਦਾ ਸਵਰੂਪ ਹੀ ਲੋਕ ਪੱਖੀ ਹੁੰਦਾ ਸੀ, ਜਿਨ੍ਹਾਂ 'ਚ ਮਨੋਰੰਜਨ ਹੀ ਨਹੀਂ, ਸਮਾਜਿਕ ਸਰੋਕਾਰ ਤੇ ਸੁਨੇਹੇ ਵੀ ਹੁੰਦੇ ਸਨ।
ਜਾਪ ਰਿਹਾ ਸੀ ਕਿ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਕਹਾਣੀਆਂ ਦੀ ਗਿਣਤੀ ਐਨੀ ਹੋਵੇਗੀ ਕਿ ਇੱਕ ਦੀ ਬਜਾਏ ਦੋ ਕਿਤਾਬਾਂ ਕਰਨੀਆਂ ਪੈਣਗੀਆਂ, ਪਰ ਅਸਲੀਅਤ ਇਹ ਸੀ ਕਿ ਇਸ ਇਤਿਹਾਸਕ ਦੌਰ ਦੀਆਂ ਸਾਹਿਤ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਵਿਧਾ ਵਿੱਚ ਗਿਣਵੀਆਂ-ਚੁਣਵੀਆਂ ਕਹਾਣੀਆਂ ਹੀ ਮਿਲੀਆਂ। ਮੈਂ ਕਹਾਣੀਆਂ ਇਕੱਠੀਆਂ ਕਰਨ ਤੋਂ ਬਾਅਦ ਵੀ ਸਾਰੇ ਚਰਚਿਤ ਜਾਂ ਅਣਚਰਚਿਤ ਕਥਾਕਾਰਾਂ ਨਾਲ ਫੋਨ 'ਤੇ ਸੰਪਰਕ ਰੱਖਿਆ ਕਿ ਸ਼ਾਇਦ ਕਿਸੇ ਦੀ ਕਹਾਣੀ ਰਹਿ ਨਾ ਜਾਵੇ। ਪਰ ਅਗਲੀ ਪੀੜੀ ਲਈ ਦਸਤਾਵੇਜ਼ ਵਜੋਂ ਸਾਂਭਣ ਲਈ ਮੇਰੇ ਲਈ ਇਹ ਜ਼ਰੂਰੀ ਕੰਮ ਸੀ, ਸੋ ਜਿੰਨਾ ਮਿਲਿਆ ਉਹਨਾਂ ਹੀ ਸੀ।
ਇਹ ਨਹੀਂ ਕਿ ਪੰਜਾਬੀ 'ਚ ਕਿਸਾਨੀ ਜੀਵਨ ਦੇ ਸੰਕਟ ਨਾਲ ਕਹਾਣੀਆਂ ਨਹੀਂ, ਬਹੁਤ ਨੇ। ਸਾਡਾ ਆਚਾਰ-ਵਿਹਾਰ ਅਤੇ ਜੀਵਨ ਜਾਚ ਹੀ ਕਿਸਾਨੀ ਨਾਲ ਸੰਬੰਧਿਤ ਹੈ ਅਤੇ ਇਸ ਤੋਂ ਕਦੇ ਵੀ ਟਾਲਾ ਨਹੀਂ ਵੱਟਿਆ ਜਾ ਸਕਦਾ।
‘ਫਸਲਾਂ ਦੇ ਫ਼ੈਸਲੇ’ ਕਹਾਣੀਕਾਰ ਸਖਪਾਲ ਥਿੰਦ ਦੀ ਕਹਾਣੀ ਹੈ। ਇੱਕ ਕਿਸਾਨੀ ਪਿਛੋਕੜ ਦੇ ਕਾਲਜ ਪ੍ਰੋਫੈਸਰ ਦੁਆਰਾ ਕਿਸਾਨੀ ਸਮੱਸਿਆਵਾਂ ਦਾ ਵਰਣਨ ਕਹਾਣੀ ਵਿੱਚ ਕੀਤਾ ਗਿਆ ਹੈ, ਜੋ ਕਹਾਣੀ ਦੇ ਅੰਤ ਵਿੱਚ ਕਿਸਾਨੀ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਦਿੰਦਾ ਹੈ। ਇਹ ਵੀ ਸੱਚ ਹੈ ਕਿ ਸਾਡੇ ਬਹੁਤੇ ਕਿਸਾਨ ਉਸ ਵੇਲੇ ਸਿਸਟਮ ਦੀ ਭੇਂਟ ਚੜ੍ਹੇ ਅਤੇ ਮੌਤ ਨੇ ਉਮਰਾਂ ਦਾ ਫ਼ਰਕ ਵੀ ਨਹੀਂ ਵੇਖਿਆ।
ਇਸੇ ਤਰ੍ਹਾਂ ਡਾ. ਕਰਮਜੀਤ ਨਡਾਲਾ ਦੀ ਕਹਾਣੀ ‘ਇਨਕਲਾਬੀ ਭਾਫ਼’ ਵਿੱਚ ਨਿਮਨ ਕਿਸਾਨ ਸੰਤੋਖ ਸਿੰਘ ਦਾ ਪਾਤਰ ਹੈ, ਜੋ ਕਨਾਲ ਜ਼ਮੀਨ ਹੋਣ ਦੇ ਬਾਵਜੂਦ ਦਿੱਲੀ ਹਕੂਮਤ ਨਾਲ ਮੱਥਾ ਲਾਉਣ ਜਾਂਦਾ ਹੈ। ਬੇਰੁਜ਼ਗਾਰੀ, ਨਸ਼ੇ ਅਤੇ ਗੰਦੀ ਸਿਆਸਤ ਦੇ ਪ੍ਰਸੰਗਾਂ ਵਿਚਕਾਰ ਪਾਤਰ ਹਾਲਾਤਾਂ ਦੀ ਬਲੀ ਚੜ੍ਹ ਕੇ ਜਾਨ ਗੁਆ ਦਿੰਦਾ ਹੈ, ਪਰ ਉਸ ਤੋਂ ਪਹਿਲਾਂ ਇੱਕ ਉਮੀਦ ਉਸ ਦੇ ਦਿਲ ਵਿੱਚ ਜਿਊਂਦੀ ਰਹਿੰਦੀ ਹੈ।
ਬਲਵਿੰਦਰ ਭੁੱਲਰ ਦੀ ‘ਬਲਦੀ ਮਿਸ਼ਾਲ’ ਕਹਾਣੀ ਅੰਦੋਲਨ ਵਿੱਚ ਔਰਤਾਂ ਵੱਲੋਂ ਪਾਏ ਬਰਾਬਰ ਦੇ ਸੰਘਰਸ਼ ਦੀ ਬਾਤ ਪਾਉਂਦੀ ਹੈ। ਮਾਈ ਭਾਗੋ ਦੀ ਵਾਰਿਸ ਬੀਬੀ ਅਜਮੇਰ ਕੌਰ ਦੇ ਸੰਘਰਸ਼ਮਈ ਜੀਵਨ ਨੂੰ ਕਹਾਣੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਦੀ ਹੈ। ਭਾਵੇਂ ਨਾਇਕ ਜਾਂ ਨਾਇਕਾ ਦਾ ਬਲੀਦਾਨ ਹਮੇਸ਼ਾ ਮਨ ਨੂੰ ਉਦਾਸ ਕਰਦਾ ਹੈ, ਪਰ ਇੱਥੇ ਉਹੀ ਬਲੀਦਾਨ ਕਹਾਣੀ ਦੀ ਅਸਲ ਰੂਹ ਬਣ ਜਾਂਦਾ ਹੈ।
ਕਿਸਾਨੀ ਅੰਦੋਲਨ ਨੂੰ ਉਭਾਰਨ ਵਿੱਚ ਸੋਸ਼ਲ ਮੀਡੀਆ ਅਤੇ ਕੁਝ ਮੀਡੀਆ ਅਦਾਰਿਆਂ ਦਾ ਭਰਵਾਂ ਯੋਗਦਾਨ ਰਿਹਾ, ਪਰ ਬਹੁਤਾ ਗੋਦੀ ਮੀਡੀਆ ਭੰਡਣ ਵਿੱਚ ਲੱਗਾ ਰਿਹਾ। ਪੱਤਰਕਾਰਿਤਾ ਦੇ ਧਰਮ ਅਤੇ ਮੀਡੀਆ ਦੇ ਕੱਚੇ ਚਿੱਠਿਆਂ ਬਾਰੇ ਅੰਦਰਲਾ ਸੱਚ ਅਜਮੇਰ ਸਿੱਧੂ ਦੀ ਕਹਾਣੀ ‘ਡੰਮੀ’ ਰਾਹੀਂ ਸਾਹਮਣੇ ਆਉਂਦਾ ਹੈ। ਕਹਾਣੀ ਉਸ ਦੌਰ ਦੀਆਂ ਘਾੜਤਾਂ ਅਤੇ ਮਾਨਸਿਕਤਾ ਨੂੰ ਬੇਪਰਦ ਕਰਦੀ ਹੈ।
ਦੀਪਤੀ ਬਬੂਟਾ ਦੀ ਕਹਾਣੀ ‘ਸਿਰਫ ਐਨੀ ਮੇਰੀ ਬਾਤ ਨਹੀਂ’ ਵਿੱਚ ਪੰਜਾਬ ਨੂੰ ‘ਪੰਜਾਬ ਕੌਰ’ ਦੇ ਪਾਤਰ ਰਾਹੀਂ ਰੂਪਮਾਨ ਕੀਤਾ ਗਿਆ ਹੈ। ਲੇਖਿਕਾ ਦੀ ਪੰਜਾਬ ਪ੍ਰਤੀ ਹੂਕ ਇਸ ਪਾਤਰ ਵਿੱਚ ਪੂਰੀ ਤਰ੍ਹਾਂ ਮਹਿਸੂਸ ਕੀਤੀ ਜਾ ਸਕਦੀ ਹੈ। ਕਹਾਣੀ ਦੇ ਅੰਤ ਵਿੱਚ ਆਪਣੇ ਹੱਕਾਂ ਲਈ ਟਰੈਕਟਰਾਂ ਨੂੰ ਦਿੱਲੀ ਦੀਆਂ ਬਰੂਹਾਂ ਤੱਕ ਲੈ ਜਾਣ ਦੀ ਗੱਲ ਉਸ ਵੇਲੇ ਦੇ ਜਜ਼ਬੇ ਨੂੰ ਜੀਵੰਤ ਕਰ ਦਿੰਦੀ ਹੈ।
ਕਹਾਣੀਕਾਰ ਸੁਖਜੀਤ ਨਾਲ ਮੇਰਾ ਰਿਸ਼ਤਾ ਵੀ ਅਜੀਬ ਰਿਹਾ। ਜਿਸ ਵੇਲੇ ਮੇਰੀ ਕਹਾਣੀ ਖੇਤਰ ਵਿੱਚ ਆਮਦ ਹੋਈ, ਉਹ ਇਸ ਜਹਾਨੋਂ ਚਲੇ ਗਏ। ਬਾਅਦ ਵਿੱਚ ਆਲੋਚਨਾਤਮਕ ਨਜ਼ਰੀਏ ਨਾਲ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ। ਉਹਨਾਂ ਦੀ ਕਹਾਣੀ ‘ਬਾਜ਼ੀ’ ਮੇਰੇ ਦਿਲ ਨੂੰ ਡੂੰਘਾਈ ਨਾਲ ਟੁੰਬਦੀ ਹੈ। ਇਹ ਕਹਾਣੀ ਸਕਾਰਾਤਮਕ ਊਰਜਾ ਨਾਲ ਭਰਪੂਰ ਹੈ ਅਤੇ ਕਿਸਾਨੀ ਅੰਦੋਲਨ ਦੇ ਪੂਰੇ ਘਟਨਾਕ੍ਰਮ ਅਤੇ ਜਿੱਤ ਨੂੰ ਬਿੰਬਾਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ।
‘ਕੀੜੀਆਂ ਦਾ ਭੌਣ’ ਪੜ੍ਹਦਿਆਂ ਸਮੇਂ ਮੈਂ ਕਹਾਣੀ ਨੂੰ ਲੋੜੀਂਦੀ ਸਪੇਸ ਨਾ ਮਿਲਣ 'ਤੇ ਹੈਰਾਨ ਜ਼ਰੂਰ ਹੋਇਆ। ਕਹਾਣੀ ਕਿਸਾਨੀ–ਮਜ਼ਦੂਰ ਏਕਤਾ ਦੇ ਨਾਅਰੇ ਤੋਂ ਬਾਅਦ ਪੈਦਾ ਹੋਈਆਂ ਅਸਲ ਸਥਿਤੀਆਂ ਦੀ ਯਥਾਰਥ ਪੇਸ਼ਕਾਰੀ ਕਰਦੀ ਹੈ। ਕੋਈ ਦੋ ਰਾਏ ਨਹੀਂ ਕਿ ਹੋਇਆ ਵੀ ਇਉਂ ਹੀ। ਕਿਸਾਨੀ ਅੰਦੋਲਨ ਸਾਂਝਾ ਲੜਨ ਤੇ ਜਿੱਤਣ ਮਗਰੋਂ ਝੋਨੇ ਦੀ ਲੁਆਈ ਨੂੰ ਲੈ ਕੇ ਕਿਸਾਨ ਅਤੇ ਮਜ਼ਦੂਰ ਦੇ ਆਹਮੋ-ਸਾਹਮਣੇ ਹੋ ਪਏ ਤਣਾਅ ਨੂੰ ਇਹ ਕਹਾਣੀ ਉਭਾਰਦੀ ਹੈ। ਉੱਥੇ ਹੀ ਕਿਸੇ ਧਿਰ ਦੀ ਬਜਾਏ ਕੁਝ ਕੁ ਬੰਦਿਆਂ ਨੂੰ ਦੋਸ਼ੀ ਗਰਦਾਨਦੀ ਹੈ, ਜੋ ਗੁਰੂ ਦੇ ਹੋਣ ਦਾ ਅਡੰਬਰ ਵੀ ਰਚਦੇ ਹਨ ਤੇ ਗੁਰੂ ਦੇ ਫਲਸਫ਼ੇ ਦੇ ਉਲਟ ਵੀ ਚੱਲਦੇ ਹਨ। ਕਿਸਾਨੀ ਅੰਦੋਲਨ ਦਾ ਪੂਰਾ ਵਿਖਿਆਨ ਕਰਨ ਦੇ ਨਾਲ-ਨਾਲ ਅੰਤ ਵਿੱਚ ਅਸਲ ਸਮਾਜਿਕ ਸਰੋਕਾਰਾਂ ਨੂੰ ਪੂਰੀ ਤਰ੍ਹਾਂ ਉਭਾਰਦੀ ਹੈ। ਫ਼ਰਕ ਪੈ ਰਿਹਾ ਹੈ, ਪਰ ਬਦਲਾਅ ਇੱਕ ਦਿਨ ਵਿੱਚ ਨਹੀਂ ਆਉਂਦੇ। ਜਿਸ ਸਮਾਜ ਵਿੱਚ ਫ਼ਰਕ ਦੇਖਦੇ ਹਾਂ, ਉਸੇ ਸਮਾਜ ਵਿੱਚ ਫ਼ਰਕ ਮੇਟਣ ਵਾਲੇ ਵੀ ਹਨ।
‘ਹੈਡ ਹੰਟਰਜ਼’ ਮੇਰੀਆਂ ਮਨਪਸੰਦ ਕਹਾਣੀਆਂ ਵਿੱਚੋਂ ਇੱਕ ਹੈ। ਇੱਕ ਹੋਰ ਸੰਪਾਦਿਤ ਕਿਤਾਬ, ਜਿਸ ਵਿੱਚ ਨਵੇਂ ਵਿਸ਼ੇ ਅਤੇ ਦੌਰ ਦੀਆਂ ਕਹਾਣੀਆਂ ਦੀ ਗੱਲ ਹੈ, ਉਸ ਵਿੱਚ ਵੀ ਇਹ ਕਹਾਣੀ ਸ਼ਾਮਲ ਕੀਤੀ ਹੈ ਅਤੇ ਇਸ ਸੰਗ੍ਰਹਿ ਵਿੱਚ ਵੀ ਹੈ। ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਕਹਾਣੀ ਸੰਗ੍ਰਹਿ ਸੰਪਾਦਿਤ ਕਰਾਂਗਾ, ਉਹਨਾਂ ਵਿੱਚ ਕਿਤੇ ਨਾ ਕਿਤੇ ਇਸ ਦਾ ਜ਼ਿਕਰ ਜ਼ਰੂਰ ਹੋਵੇਗਾ। ਕਿਸਾਨੀ ਨਾਲ ਸੰਬੰਧਿਤ ਇਸ ਕਹਾਣੀ ਦਾ ਆਪਣਾ ਹੀ ਔਰਾ ਹੈ। ਨਾਗਾਲੈਂਡ ਦੇ ਕਬੀਲਿਆਂ ਦਾ ਪੰਜਾਬੀ ਕਿਸਾਨੀ ਨਾਲ ਤੁਲਨਾਤਮਕ ਅਧਿਐਨ ਡੂੰਘਾ ਪ੍ਰਭਾਵ ਛੱਡਦਾ ਹੈ। ਕਹਾਣੀ ਦਾ ਬਿਰਤਾਂਤ ਅਤੇ ਪੇਸ਼ਕਾਰੀ ਬੇਹੱਦ ਪ੍ਰਭਾਵਸ਼ਾਲੀ ਹੈ।
“ਜਦੋਂ ਦੁਨੀਆ ਹੱਥੋਂ ਰੋਟੀ ਖੋਹੀ ਜਾ ਰਹੀ ਹੋਵੇ, ਫਿਰ ਪੇਟ ਨਹੀਂ, ਮਨੁੱਖਤਾ ਲਈ ਜੰਗ ਪਹਿਲਾਂ ਹੁੰਦੀ ਹੈ..!” ਕਹਾਣੀਕਾਰ ਪਾਤਰ ਰਾਹੀਂ ਜਦੋਂ ਇਹ ਗੱਲ ਅਖਵਾਉਂਦਾ ਹੈ ਤਾਂ ਮੈਂ ਮੌਜੂਦਾ ਹਾਲਾਤਾਂ ਬਾਰੇ ਸੋਚਣ ਲਈ ਮਜਬੂਰ ਹੋ ਜਾਂਦਾ ਹਾਂ।
‘ਕਬਹੂ ਨਾ ਛਾਡੈ ਖੇਤੁ’ ਕਹਾਣੀ ਰਾਹੀਂ ਜਸਵੀਰ ਸਿੰਘ ਦੀਦਾਰਗੜ੍ਹ ਨੇ ਇੱਕ ਕਵੀ, ਪੇਂਟਰ ਅਤੇ ਕਿਸਾਨ ਦੇ ਮਨੋਭਾਵ ਚਿਤਰਨ ਦੇ ਨਾਲ-ਨਾਲ ਖੂਬਸੂਰਤ ਭਾਸ਼ਾ ਵਿੱਚ ਸਿੱਖ ਫਲਸਫ਼ੇ ਦੀ ਗੱਲ ਕੀਤੀ ਹੈ। ਕਹਾਣੀ ਦੀ ਭਾਸ਼ਾ ਬਕਮਾਲ ਹੈ, ਤਸ਼ਬੀਹਾਂ ਟੁੰਬਦੀਆਂ ਹਨ ਅਤੇ ਗੁਰਬਾਣੀ ਦੇ ਹਵਾਲੇ ਸੋਚਣ ਲਈ ਮਜਬੂਰ ਕਰਦੇ ਹਨ।
ਅਵਤਾਰ ਸਿੰਘ ਉਠੀ ਦੀ ਕਹਾਣੀ ‘ਸੂਟਕੇਸ’ ਮੈਂ ਪਹਿਲਾਂ ਇੱਕ ਮੈਗਜ਼ੀਨ ਵਿੱਚ ਪੜ੍ਹੀ ਸੀ। ਇਹੋ ਇਕ ਕਹਾਣੀ ਸੀ ਜੋ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਸੱਜਰੇ ਅੰਕ ਵਿੱਚ ਪੜ੍ਹੀ ਸੀ। ਰਣਯੋਧ ਸੂਬੇਦਾਰ ਨਾਂ ਦਾ ਪਾਤਰ, ਜੋ ਮੋਰਚੇ ਵਿੱਚ ਪੱਕੀ ਹਾਜ਼ਰੀ ਭਰਦਾ ਹੈ ਅਤੇ ਜਾਣ ਤੋਂ ਪਹਿਲਾਂ ਆਪਣਾ ਸੂਟਕੇਸ ਘਰ ਰੱਖ ਕੇ ਜਾਂਦਾ ਹੈ। ਕਹਾਣੀ ਵਿੱਚ ਕਿਸਾਨੀ ਅੰਦੋਲਨ ਦੇ ਨਾਲ-ਨਾਲ ਕੋਰੋਨਾ ਕਾਲ ਦਾ ਵੀ ਜ਼ਿਕਰ ਹੈ, ਹਾਲਾਂਕਿ ਬਹੁਤੀਆਂ ਕਹਾਣੀਆਂ ਵਿੱਚ ਇਹ ਪੱਖ ਅਛੂਤਾ ਹੀ ਰਿਹਾ। ਕਹਾਣੀ ਜਾਨਵਰ ਪ੍ਰੇਮ, ਖੇਤੀ ਅਤੇ ਦੇਸ਼-ਪ੍ਰੇਮ—ਤਿੰਨਾਂ ਦਾ ਸੋਹਣਾ ਵਿਖਿਆਨ ਕਰਦੀ ਹੈ। ਅੰਤ ਭਾਵੁਕ ਕਰਦਾ ਹੈ ਅਤੇ ਬੰਦਾ ਉਦਾਸ ਹੋ ਜਾਂਦਾ ਹੈ। ਉਠੀ ਸਾਹਿਬ ਨੇ ਭਾਵੇਂ ਦੇਰ ਨਾਲ ਲਿਖਣਾ ਸ਼ੁਰੂ ਕੀਤਾ ਅਤੇ ਸਰਗਰਮ ਵੀ ਘੱਟ ਰਹੇ, ਪਰ ਮੇਰੀ ਇੱਛਾ ਸੀ ਕਿ ਇਹ ਕਹਾਣੀ ਇਸ ਸੰਗ੍ਰਹਿ ਦਾ ਹਿੱਸਾ ਜ਼ਰੂਰ ਬਣੇ।
ਕਰੀਬ ਗਿਆਰਾਂ ਕਹਾਣੀਆਂ ਇਸ ਸੰਗ੍ਰਹਿ ਵਿੱਚ ਸ਼ਾਮਲ ਹਨ। ਤਤਕਰਾ ਕਹਾਣੀਆਂ ਦੇ ਗੁਰਮੁਖੀ ਵਰਣਮਾਲਾ ਅਨੁਸਾਰ ਰੱਖਿਆ ਗਿਆ ਹੈ। ਸਭ ਸਮਰੱਥ ਕਹਾਣੀਕਾਰ ਹਨ, ਇਸ ਲਈ ਵੱਡੇ-ਛੋਟੇ ਦਾ ਸਵਾਲ ਨਹੀਂ ਬਣਦਾ।
ਕਿਸਾਨੀ ਸੰਕਟ ਬਾਰੇ ਵੀ ਗੱਲ ਕਹਾਣੀਆਂ ਵਿੱਚ ਹੈ, ਪਰ ਧਿਆਨ ਸਿਰਫ਼ ਕਿਸਾਨੀ ਅੰਦੋਲਨ 'ਤੇ ਹੀ ਸੀ। ਜੋ ਕਹਾਣੀਆਂ ਕਿਸਾਨੀ ਸੰਕਟ ਜਾਂ ਕਿਸਾਨੀ ਦੀ ਗੱਲ ਕਰਦੀਆਂ ਸਨ, ਉਹ ਆਈਆਂ ਤਾਂ ਸਨ, ਪਰ ਉਨ੍ਹਾਂ ਨੂੰ ਸ਼ਾਮਲ ਨਾ ਕਰਨਾ ਇੱਕ ਮਜਬੂਰੀ ਬਣ ਗਈ ਸੀ। ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਚੰਗੀਆਂ ਨਹੀਂ ਸਨ ਜਾਂ ਆਪਣੀ ਗੱਲ ਵਧੀਆ ਢੰਗ ਨਾਲ ਨਹੀਂ ਸੀ ਰੱਖ ਰਹੀਆਂ। ਇਸ ਅੰਦੋਲਨ ਦੇ ਉਭਾਰ ਅਤੇ ਰੋਹ ਦੇ ਭਾਂਬੜ ਲਈ ਜ਼ਿੰਮੇਵਾਰ ਕਾਰਕਾਂ ਦੀ ਨਿਸ਼ਾਨਦੇਹੀ ਕਰਦੀਆਂ ਕਹਾਣੀਆਂ ਸ਼ਾਮਲ ਕਰ ਲਈਆਂ ਸਨ ਅਤੇ ਜੋ ਰਹਿ ਗਈਆਂ, ਉਸ ਸਭ ਲਈ ਮੁਆਫ਼ੀ। ਮੇਰਾ ਸਫ਼ਰ ਇੱਥੋਂ ਸ਼ੁਰੂ ਹੋ ਰਿਹਾ ਹੈ ਅਤੇ ਸ਼ਾਇਦ ਕਿਸਾਨੀ ਸੰਕਟ ਦੀ ਬਾਤ ਪਾਉਂਦੀਆਂ ਕਹਾਣੀਆਂ ਦੀ ਨਿਸ਼ਾਨਦੇਹੀ ਵੀ ਕਰਨੀ ਪਵੇ। ਉਦੋਂ ਇਹਨਾਂ ਕਿਰਤਾਂ ਦੀ ਲੋੜ ਰਹੇਗੀ।
ਜਿੰਨੇ ਵੀ ਕਥਾਕਾਰਾਂ ਨੂੰ ਇਸ ਸੰਗ੍ਰਹਿ ਵਿੱਚ ਸ਼ਾਮਲ ਕੀਤਾ ਹੈ, ਉਨ੍ਹਾਂ ਸਭ ਦਾ ਤਹਿ ਦਿਲੋਂ ਧੰਨਵਾਦ, ਕਿਉਂਕਿ ਪਹਿਲੇ ਬੋਲ 'ਤੇ ਹੀ ਉਨ੍ਹਾਂ ਆਪਣੀਆਂ ਕਿਰਤਾਂ ਭੇਜ ਦਿੱਤੀਆਂ। ਮੇਰੇ ਤੋਂ ਪਹਿਲਾਂ ਕਾਹਲੇ ਪ੍ਰਕਾਸ਼ਕ ਦਾ ਵੀ ਧੰਨਵਾਦ, ਜਿਨ੍ਹਾਂ ਨੇ ਕਿਤਾਬ ਛਾਪਣ ਲਈ ਪੈਰ ਜੁੱਤੀ ਨਾ ਪਾਈ। ਬਾਕੀ ਉਸ ਹਰ ਸ਼ਖ਼ਸ ਦਾ ਵੀ ਧੰਨਵਾਦ, ਜਿਸ ਨੇ ਮੈਨੂੰ ਪਿਆਰ, ਹੌਸਲਾ ਅਤੇ ਵਿਸ਼ਵਾਸ ਦਿੱਤਾ।
ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਕਿਸਾਨੀ ਅੰਦੋਲਨ ਉੱਪਰ ਲਿਖੀਆਂ ਇਹ ਕਹਾਣੀਆਂ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ। ਤੁਹਾਡੀ ਰਾਇ ਦੀ ਹਮੇਸ਼ਾ ਉਡੀਕ ਰਹੇਗੀ। ਮੈਨੂੰ ਯਕੀਨ ਹੈ ਕਿ ਇਹ ਕਿਤਾਬ ਭਵਿੱਖ ਵਿੱਚ ਖੋਜ ਕਾਰਜ ਲਈ ਵੀ ਮਾਰਗਦਰਸ਼ਕ ਸਾਬਤ ਹੋਵੇਗੀ। ਹੁਣ ਤੱਕ ਜੋ ਪਿਆਰ ਅਤੇ ਮੁਹੱਬਤ ਮਿਲੀ ਹੈ, ਉਹ ਮੇਰੇ ਲਈ ਅਣਕਿਆਸੀ ਹੈ। ਇਸ ਹੌਸਲੇ, ਸਲਾਹੁਤਾ ਅਤੇ ਮੁਹੱਬਤ ਦਾ ਮੈਂ ਹਮੇਸ਼ਾ ਕਰਜ਼ਦਾਰ ਰਹਾਂਗਾ।
ਇਸ ਕਿਤਾਬ ਨੂੰ ਪੜ੍ਹਨ ਮਗਰੋਂ ਆਪਣੀ ਰਾਇ ਫ਼ੋਨ ਜਾਂ ਸੁਨੇਹੇ ਰਾਹੀਂ ਜ਼ਰੂਰ ਸਾਂਝੀ ਕਰਿਓ।
ਇਹ ਲੇਖ ‘ਖਾਮੋਸ਼ ਖੇਤਾਂ ਦੀ ਹੂਕ’ ਕਿਤਾਬ ਦੇ ਮੂਹਰਲੇ ਪੰਨੇ 'ਤੇ ਪ੍ਰਕਾਸ਼ਿਤ ‘ਦਿਲ ਦੀ ਗੱਲ’ ਹੈ।
📚 ਇਸ ਕਿਤਾਬ ਨੂੰ ਖਰੀਦਣ ਲਈ Books ਸੈਕਸ਼ਨ ਵਿੱਚ ਜਾਓ।