ਕਰਤਾਰਾ ਕਰੈਕ

ਲੇਖਕ : ਅਲਫ਼ਾਜ਼

ਉਮਰਾਂ ਦੇ ਵੱਧਦੇ ਪੜਾਅ ਤੇ ਕਾਲਿਉਂ ਬੱਗੇ ਹੁੰਦੇ ਵਾਲਾਂ ਨਾਲ ਜਦੋਂ ਕਦੇ ਕੱਲਮ ‘ਕੱਲੇ ਬੈਠੀਦਾ ਤਾਂ ਯਾਦ ਕਰੀਦਾ ਕਿ ਕਿੰਨੇ ਬੰਦੇ ਬੀਤੇ ਵਰ੍ਹਿਆਂ ‘ਚ ਰੇਤ ਵਾਂਗ ਹੱਥਾਂ ‘ਚੋਂ ਕਿਰ ਗਏ ।ਬਹੁਤਿਆਂ ਦੇ ਅਕਸ ਵੀ ਚੇਤਿਆਂ ‘ਚੋਂ ਧੁੰਦਲੇ ਹੋਏ ਪਏ ਨੇ । ਕਿੰਨੇ ਆਪਣੇ ਲਹੂ ਦੇ ਸਾਕ ,ਆਂਢ ਗੁਆਂਢ ਜਾਂ ਯਾਰ ਦੋਸਤ । ਕਈ ਭੋਗ ਕੇ ਤੁਰ ਗਏ ਤੇ ਕਈ ਅਚੇਤ ‘ਚ ਹੀ ਸੁਪਨਮਈ ਦੁਨੀਆਂ ਤੋਂ ਪੱਲਾ ਛੁਡਾ ਗਏ । ਸੋਚਾਂ ਤਾਂ ਬਹੁਤੇ ਯਾਦ ਵੀ ਨਹੀਂ ਆਉਣੇ । ਇੱਕ ਸਖ਼ਸ਼ ਜਿਸਨੂੰ ਛੋਟੇ ਹੁੰਦਿਆਂ ਤੋਂ ਘਰ ਆਉਂਦੇ ਜਾਂਦੇ ਵੇਖਿਆ , ਜਵਾਨ ‘ਚ ਪੈਰ ਧਰਦਿਆਂ ਜਿਸਦਾ ਸਿਵਾ ਬਲਦਾ ਵੇਖਿਆ ਤੇ ਅਧਖੜ ਹੋਣ ਨੂੰ ਤੁਰਦਿਆਂ ਅੱਜ ਵੀ ਉਹਦਾ ਕੋਈ ਕਿੱਸਾ ,ਬਾਤ ਸੁਣਨ ਨੂੰ ਮਿਲ ਜਾਂਦੀ ਏ ਤਾਂ ਉਹ ਆਸ ਪਾਸ ਹੀ ਲੱਗਦਾ ਏ। ਸਭ ਕੱਲ੍ਹ ਦੀ ਗੱਲ ਲੱਗਦੀ ਏ ।ਕਦੇ ਕਦੇ ਸੋਚਦਾ ਕੈਸਾ ਬੰਦਾ ਸੀ ਯਾਰ ? ਜਿਸਦੀ ਕਦੇ ਮੈਂਨੂੰ ਸਮਝ ਨਾ ਆਈ। ਬਚਪਨ ‘ਚ ਭਾਵੇਂ ਅਜੀਬ ਪ੍ਰਤੀਤ ਹੁੰਦਾ ਸੀ ਪਰ ਹੁਣ ਮੈਨੂੰ ਲਗਾਤਾਰ ਉਸ ਵਿੱਚ ਦਿਲਚਸਪੀ ਹੈ ,ਜਦੋਂ ਉਸਨੂੰ ਇੱਥੋਂ ਅਗਲੇ ਜਹਾਨ ਵੱਲ ਰੁਖ਼ਸਤ ਹੋਇਆ ਵੀ ਦਹਾਕੇ ਬੀਤ ਗਏ ਨੇ । ਮੈਂ ਉਹਦੀ ਸਖਸ਼ੀਅਤ ਨੂੰ ਫਰੋਲਦਾ ਰਹਿੰਨਾਂ । ਬੰਦੇ ਅੰਦਰ ਬੰਦਾ ਹੁੰਦਾ ਤੇ ਇਸ ਬੰਦੇ ਅੰਦਰ ਕਈ ਬੰਦੇ ਸੀ ।ਹੁਣ ਵੀ ਉਹਦੀ ਤੁਰਦੀ ਗੱਲ ਝਾਉਲਾ ਦੇ ਜਾਂਦੀ ਹੈਂ।

ਮੇਰੇ ਪੜਦਾਦੇ ਦਾ ਸਿਰਨਾਵੀਆਂ ‘ਤੇ ਦਾਦੇ ਦਾ ਆੜੀ ,ਨਿੱਕੇ ਹੁੰਦਿਆਂ ਤਾਂ ਉਹਨੂੰ ਬਾਬਾ ਹੀ ਕਹਿੰਦਾ ਰਿਹਾ ਤੇ ਹੁਣ ਜਦ ਯਾਦ ਆਉਦਾ ,ਜਦ ਕਿੱਧਰੇ ਗੱਲ ਤੁਰਦੀ ਤਾਂ ਕਰਤਾਰਾ ਕਰੈਕ ਹੀ ਮੂੰਹੋਂ ਨਿਕਲਦਾ ਏ । ਬੰਦੇ ਤਾਂ ਵੇਖੇ ਬਹੁਤ ਪਰ ਉਹ ਸੱਚੀੳ ਕਰੈਕ ਸੀ ,ਕਦੇ ਕਦੇ ਦਾਦਾ ਆਂਹਦਾ ਹੁੰਦਾ ਸੀ ,”ਕਰੈਕ ਆ ਕੰਜਰ” ।

ਦਾਦਾ ਕਰੈਕ ਤੇ ਕੰਜਰ ਦੋ ਲਕਬ ਵਰਤਦਾ ਸੀ । ਮਤਲਬ ਹੁਣ ਸਮਝ ਆਏ । ਬਥੇਰੇ ਵਾਰ ਪੁੱਛਿਆ ਕਿ ਬਾਬੇ ਨੂੰ ਕਰੈਕ ਕਿਉਂ ਕਹਿੰਦੇ ਆ ਪਰ ਕਿਸੇ ਨੂੰ ਸਪੱਸ਼ਟ ਤਾਂ ਨਹੀਂ ਸੀ ਪਤਾ ਪਰ ਐਨਾ ਕੁ ਜਰੂਰ ਕਹਿੰਦੇ ਕਿ ਦੂਜੀ ਵਿਸ਼ਵ ਜੰਗ ਵੇਲੇ ਕਰਤਾਰੇ ਨੂੰ ਪਸ਼ੂ ਚਾਰਨ ਗਏ ਨੂੰ ਭਰਤੀ ਕਰ ਲਿਆ ਸੀ ਤੇ ਉਹ ਅੰਗਰੇਜ਼ਾਂ ਵੱਲੋਂ ਲੜਾਈ ਲੜ ਕੇ ਸਬੂਤਾ ਵਾਪਿਸ ਆਇਆ ਸੀ। ਜੰਗ ਖਤਮ ਹੁੰਦਿਆਂ ਹੀ ਘਰ ਤੋਰ ਦਿੱਤਾ ,ਪੁੱਛਿਆ ਹੁਣ ਕੀ ਕਰੂ ? ਅੰਗਰੇਜ ਅਫ਼ਸਰ ਨੇ ਬੰਦੂਕ ਦੇ ਕੇ ਮੁੱਦਕੀ ਬਣੇ ਅਸਲੇਖਾਨੇ ਦਾ ਵਾਲੀਵਾਰਿਸ ਬਣਾਉਣ ਦੀ ਹਾਮੀ ਭਰਤੀ । ਬੰਦੂਕ ਦਾ ਚਾਅ ਐਡਾ ਕਰਿਆ ਕਿ ਚੈੱਕ ਕਰਦੇ ਨੇ ਅੰਗਰੇਜ ਅਫ਼ਸਰ ਵੱਲ ਨੂੰ ਸਿੱਧਾ ਕਰਦਿਆਂ ਘੋੜਾ ਦੱਬ ਤਾਂ । ਗੋਲੀ ਤਾਂ ਸ਼ੂੰ ਕਰਕੇ ਅਫ਼ਸਰ ਦੇ ਕੰਨ ਕੋਲ ਦੀ ਲੰਘ ਗਈ ਪਰ ਕਰਤਾਰੇ ਨੂੰ ਕਰੈਕ ਨਾਮ ਦੇ ਗਈ ਜੋ ਹਾਲੇ ਤੱਕ ਤੁਰਦੀ ਗੱਲ ‘ਚ ਪਿੰਡ ਦੇ ਚੇਤਿਆਂ ‘ਚ ਧੜਕਦਾ ਏ । ਕਰਤਾਰੇ ਨੇ ਅਫ਼ਸਰ ਦੇ ਪੈਰੀਂ ਪੈ ਮੁਆਫ਼ੀ ਮੰਗ ਜਾਨ ਤੇ ਨੌਕਰੀ ਤਾਂ ਬਚਾ ਲਈ ਪਰ ਅੱਗੇ ਜੋ ਜੋ ਕਾਰੇ ਕਰੇ ਉਹ ਕਿੱਸੇ ਬਣ ਗਏ । ਹੁਣ ਵੀ ਜਦੋਂ ਹਾਸਿਆਂ ਦੀ ਗੂੰਜ ਛਿੜਦੀ ਆ ਤਾਂ ਕਰਤਾਰਾ ਕਰੈਕ ਕੁਤਕਤਾਰੀਆ ਦੇ ਜਾਂਦਾ ਏ । ਉਹ ਵੰਝ ਵਰਗਾ ਅੱਖੜ ਰੋਹਬਦਾਰ ,ਬਿਨਾ ਸ਼ੀਸ਼ੇ ਪੀਲ਼ੀ ਪੱਗ ਬੰਨਣ ਵਾਲਾ ਕਰਤਾਰਾ ਬਾਪੂ ਅੱਜ ਵੀ ਉਹਨਾਂ ਬੰਦਿਆਂ ‘ਚੋਂ ਆ ਜੋ ਮੇਰੀ ਮੌਤ ਨਾਲ ਮੇਰੇ ‘ਚੋ ਮਨਫ਼ੀ ਹੋਣਗੇ । ਪੂਰੀ ਰਚਨਾ ਜਲਦ ਪੜ੍ਹਨ ਨੂੰ ਮਿਲੇਗੀ


ਇਹ ਰਚਨਾ ਅਲਫ਼ਾਜ਼ ਦੀ ਹੈ, ਜੋ ਬੂਟਾ ਸਿੰਘ ਚੌਹਾਨ ਦੀ ਕਿਤਾਬ ਅਤੇ ‘ਅਜਬ ਪਾਤਰਾਂ ਦੀ ਗਜ਼ਬ ਦਾਸਤਾਨ ‘ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ।