ਕਬਰਾਂ ਵਿੱਚ ਉੱਗੇ ਫੁੱਲ ਰਾਜਪ੍ਰੀਤ ਕੌਰ ਬੈਨੀਪਾਲ ਦਾ ਦੂਸਰਾ ਕਹਾਣੀ ਸੰਗ੍ਰਹਿ ਹੈ ਜੋ ਅਠਾਰਾਂ ਸਾਲ ਦੇ ਲੰਮੇ ਵਕਫ਼ੇ ਬਾਅਦ ਆਇਆ ਏ। ਰਾਜਪ੍ਰੀਤ ਦੀਆਂ ਕਹਾਣੀਆਂ ਵੱਖ ਵੱਖ ਮੈਗਜ਼ੀਨਾਂ ‘ਚ ਛਪ ਕੇ ਚਰਚਾ ਬਟੋਰ ਚੁੱਕੀਆਂ ਨੇ ਤੇ ਹੁਣ ਇੱਕ ਕਥਾ ਸੰਗ੍ਰਹਿ ਦੇ ਰੂਪ ਵਿੱਚ ਕੈਲੀਬਰ ਪ੍ਰਕਾਸ਼ਨ ਰਾਹੀਂ ਪਾਠਕਾਂ ਦੇ ਹੱਥ ਵਿੱਚ ਆਈਆਂ ਨੇ। ਰਾਜਪ੍ਰੀਤ ਦੀਆਂ ਕਹਾਣੀਆਂ ਦੀ ਪ੍ਰਪੱਕਤਾ ਉਸ ਦੀ ਵਿਸ਼ਾਲ ਕਥਾ ਦ੍ਰਿਸ਼ਟੀ, ਤੀਖਣ ਅਨੁਭਵ ਤੇ ਠੋਸ ਤਰੀਕੇ ਨਾਲ ਗੱਲ ਸਾਹਮਣੇ ਰੱਖਣ ਦੀ ਗਵਾਹੀ ਭਰਦੀਆਂ ਨੇ। ਯਥਾਰਥਵਾਦੀ ਪਹੁੰਚ ਨਾਲ ਭਰਪੂਰ ਕਹਾਣੀਆਂ ਵਿੱਚ ਭਾਵੁਕਤਾ ਕਮਾਲ ਦੀ ਹੈ ਅਤੇ ਕਲਪਨਾ ਸ਼ਕਤੀ ਨਾਲ ਹੋਰ ਗੂੜ੍ਹੇ ਰੰਗ ਛੱਡਦੀਆਂ ਪਾਠਕਾਂ ਦੇ ਮਨ ਵਿੱਚ ਵਿਸ਼ਾਲਤਾ ਪੈਦਾ ਕਰਦੀਆਂ ਨੇ।
ਹੱਥਲੇ ਕਹਾਣੀ ਸੰਗ੍ਰਹਿ ਵਿੱਚ ਵੱਖ ਵੱਖ ਵਿਸ਼ਿਆਂ ਦੀਆਂ ਨੌਂ ਕਹਾਣੀਆਂ ਨੇ। ਟਾਈਟਲ ਕਹਾਣੀ ‘ਕਬਰਾਂ ਵਿੱਚ ਉੱਗੇ ਫੁੱਲ’ ਗਾਜ਼ਾ ਪੱਟੀ ਦੀ ਤਲਖ ਹਕੀਕਤ ਬਿਆਨ ਕਰਦੀ ਹੈ। ਕਹਾਣੀ ਬਿਰਤਾਂਤ ਦਿਲ ਟੁੰਬਵਾਂ ਤੇ ਭਾਵੁਕਤਾ ਭਰਪੂਰ ਹੈ, ਜਿਸਨੂੰ ਪੜ੍ਹ ਕੇ ਪਾਠਕ ਆਪਣੀ ਸੰਵੇਦਨਸ਼ੀਲਤਾ ਰੋਕ ਨਹੀਂ ਸਕਦਾ। ਪੰਜਾਬ ਦੇ ਲੇਖਕਾਂ ਨੇ ਆਪੋ ਆਪਣੇ ਪੱਧਰ ਤੇ ਗਾਜ਼ਾ ਪੱਟੀ ਤੇ ਹੋਏ ਹਮਲਿਆਂ ਬਾਰੇ ਆਵਾਜ਼ ਚੁੱਕੀ ਹੈ ਅਤੇ ਇਹਨਾਂ ਜੁਲਮਾਂ ਦੀਆਂ ਕਹਾਣੀਆਂ ਦਾ ਪੰਜਾਬੀ ਸਾਹਿਤ ਵਿੱਚ ਆਉਣਾ ਸਾਡੇ ਲੇਖਕਾਂ ਦੀ ਭਾਵੁਕਤਾ ਨੂੰ ਦਰਸਾਉਂਦਾ ਹੈ। ਦੁਨੀਆਂ ਦੇ ਕਿਸੇ ਵੀ ਖ਼ਿੱਤੇ ‘ਚ ਹੁੰਦੇ ਜ਼ੁਲਮਾਂ ਦੇ ਖਿਲਾਫ਼ ਰੀਸ ਉੱਠਣੀ ਲੇਖਕ ਦੀ ਚੇਤੰਨ ਮਾਨਸਿਕਤਾ ਨੂੰ ਰੂਪਮਾਨ ਕਰਦੀ ਹੈ।
ਪ੍ਰਵਾਸ ਬਾਰੇ ਅੱਜ ਕੱਲ੍ਹ ਸਾਹਿਤ ਵਿੱਚ ਬਹੁਤ ਕੁਝ ਰਚਿਆ ਜਾ ਰਿਹਾ ਹੈ। ਪਿੰਡਾਂ ਤੋਂ ਸ਼ਹਿਰਾਂ ਦਾ ਪ੍ਰਵਾਸ ਵੀ ਇਸੇ ਪ੍ਰਵਾਸ ਦਾ ਇੱਕ ਅੰਗ ਹੈ। ਚੰਗੀ ਜ਼ਿੰਦਗੀ ਅਤੇ ਚੂਹਾ ਦੌੜ ਨੇ ਸਾਡਾ ਮਾਨਸਿਕ ਸੰਤੁਲਨ ਕਾਫ਼ੀ ਹੱਦ ਤੱਕ ਵਿਗਾੜ ਕੇ ਰੱਖ ਦਿੱਤਾ ਹੈ। ‘ਸਰਗਮ ਵਿਹੂਣੇ ਸਾਜ’, ‘ਚੀਕਣੀ ਮਿੱਟੀ ਦਾ ਰਿਸ਼ਤਾ’, ‘ਸੁੱਚੀ ਫੁਲਕਾਰੀ’ ਅਤੇ ‘ਫੁੱਟਪਾਥ ਦੇ ਬਸ਼ਿੰਦੇ’ ਵਰਗੀਆਂ ਕਹਾਣੀਆਂ ਰਾਹੀਂ ਲੇਖਿਕਾ ਨੇ ਪ੍ਰਵਾਸ, ਬਾਲ ਮਨ, ਪਰਿਵਾਰਕ ਰਿਸ਼ਤਿਆਂ ਅਤੇ ਮਨੁੱਖੀ ਇਕੱਲੇਪਣ ਨੂੰ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਚਿਤਰਿਆ ਹੈ।
‘ਸੋਨੇ ਦੀਆਂ ਬੇੜੀਆਂ’ ਵਿੱਚ ਬੇਜੋੜ ਰਿਸ਼ਤਿਆਂ ਦੀ ਪੀੜ, ‘ਬਿਖੜੇ ਪੈਂਡਿਆਂ ਦਾ ਨਾਚ’ ਵਿੱਚ ਕੋਚਿੰਗ ਸਭਿਆਚਾਰ ਅਤੇ ਮਾਪਿਆਂ ਦੀਆਂ ਉਮੀਦਾਂ ਦਾ ਦਬਾਅ ਸਮਾਜ ਦਾ ਕੌੜਾ ਸੱਚ ਸਾਹਮਣੇ ਰੱਖਦੇ ਹਨ। ਕਹਾਣੀਆਂ ਸਿਰਫ਼ ਘਟਨਾਵਾਂ ਨਹੀਂ ਸੁਣਾਉਂਦੀਆਂ, ਸਗੋਂ ਪਾਠਕ ਦੇ ਮਨ ਵਿੱਚ ਸਵਾਲ ਵੀ ਛੱਡਦੀਆਂ ਹਨ।
ਹਰ ਇੱਕ ਕਹਾਣੀ ਪਰਤ ਦਰ ਪਰਤ ਅੱਗੇ ਵੱਧਦੀ ਹੈ। ਕਹਾਣੀ ਜੁਗਤਾਂ, ਪਾਤਰ ਉਸਾਰੀ, ਦ੍ਰਿਸ਼ ਚਿਤਰਣ ਅਤੇ ਦ੍ਰਿਸ਼ਟੀਕੋਣ ਨੂੰ ਲੇਖਿਕਾ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ ਹੈ। ਬੈਨੀਪਾਲ ਨੇ ਤੀਖਣ ਦ੍ਰਿਸ਼ਟੀ ਨਾਲ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਨੂੰ ਸਾਹਿਤ ਦਾ ਹਿੱਸਾ ਬਣਾਇਆ ਹੈ। ਇਹ ਕਹਾਣੀਆਂ ਸਿਰਫ਼ ਪੜ੍ਹੀਆਂ ਨਹੀਂ ਜਾਂਦੀਆਂ, ਸਗੋਂ ਪਾਠਕ ਦੇ ਮਨ ਵਿੱਚ ਲੰਮੇ ਸਮੇਂ ਤੱਕ ਵੱਸ ਜਾਂਦੀਆਂ ਹਨ।
ਕੈਲੀਬਰ ਪਬਲਿਕੇਸ਼ਨ ਵੱਲੋਂ ਛਾਪੀ ਗਈ ਇਹ ਕਿਤਾਬ ਭਾਵੇਂ ਦੇਰ ਨਾਲ ਆਈ ਹੈ, ਪਰ ਇਸ ਦੀ ਗਿਣਤੀ ਚੰਗੀਆਂ ਪੰਜਾਬੀ ਕਿਤਾਬਾਂ ਵਿੱਚ ਜ਼ਰੂਰ ਹੋਵੇਗੀ। ਇਸ ਸਭ ਲਈ ਕਹਾਣੀਕਾਰ ਅਤੇ ਪ੍ਰਕਾਸ਼ਕ ਦੋਵੇਂ ਵਧਾਈ ਦੇ ਪਾਤਰ ਹਨ।