ਜਦੋਂ ਮੈਂ ਪੱਤਰਕਾਰ ਬਣਿਆ

ਲੇਖਕ : ਅਲਫ਼ਾਜ਼

ਲਿਖਣਾ ਮੈਨੂੰ ਬਚਪਨ ਤੋਂ ਹੀ ਆਕਰਸ਼ਿਤ ਕਰਦਾ ਰਿਹਾ ਹੈ। ਪਰ ਲੇਖਕ ਬਣਨ ਬਾਰੇ ਕਦੇ ਵੀ ਨਹੀਂ ਸੋਚਿਆ ਸੀ। ਗੀਤ ਜ਼ਰੂਰ ਲਿਖੇ ਸਨ, ਪਰ ਕਹਾਣੀ ਤਾਂ ਮੇਰੇ ਲਈ ਹਮੇਸ਼ਾ ਦੂਰ ਦੀ ਹੀ ਕੌਡੀ ਸੀ।

ਸਾਡਾ ਪੁਰਾਣਾ ਘਰ ਮੇਨ ਸੜਕ ਨੈਸ਼ਨਲ ਹਾਈਵੇ-17 ਉੱਤੇ ਸੀ ਅਤੇ ਉਸ ਦੇ ਸਾਹਮਣੇ ਸੜਕੋਂ ਪਾਰ ਧਰਮਸ਼ਾਲਾ ਬਣੀ ਹੋਈ ਸੀ। ਉੱਥੇ ਸਵੇਰੇ 3:30 ਵਜੇ ਗੱਡੀ ਅਖ਼ਬਾਰ ਸੁੱਟ ਕੇ ਜਾਂਦੀ ਸੀ ਕਿਉਂਕਿ ਸਾਡੇ ਘਰਾਂ ਵਿੱਚੋਂ ਲੱਗਦੇ ਚਾਚੇ ਕੋਲ ਨਿਊਜ਼ ਏਜੰਸੀ ਸੀ। ਘਰਾਂ ਵਿੱਚੋਂ ਹੀ ਤਿੰਨ-ਚਾਰ ਜਣੇ ਉਸ ਨਾਲ ਅਖ਼ਬਾਰ ਵੰਡਣ ਦਾ ਕੰਮ ਕਰਦੇ ਸਨ ਅਤੇ ਕਦੇ-ਕਦੇ 'ਦੇਸ਼ ਸੇਵਕ' ਅਖ਼ਬਾਰ ਵਿੱਚ ਆਪਣੇ ਨਾਮ ਨਾਲ ਖ਼ਬਰਾਂ ਵੀ ਲਵਾ ਦਿੰਦੇ ਸਨ।

ਮੇਰਾ ਸਕਾ ਚਾਚਾ ਉਹਨਾਂ ਦਾ ਦੋਸਤ ਸੀ। ਉਹ ਕਦੇ-ਕਦੇ ਸਵੇਰੇ ਉੱਥੇ ਜਾਂਦਾ ਅਤੇ ਮੈਂ ਵੀ ਜਦੋਂ ਜਲਦੀ ਉੱਠ ਪੈਂਦਾ ਤਾਂ ਉੱਥੇ ਚਲਾ ਜਾਂਦਾ। ਮੈਂ ਸੋਚਦਾ ਸੀ ਕਿ ਕਿੰਨੀ ਦੁਨੀਆ ਅਖ਼ਬਾਰ ਪੜ੍ਹਦੀ ਹੈ ਅਤੇ ਬਰੈਕਟ ਵਿੱਚ ਲਿਖਿਆ ਨਾਮ ਜਦੋਂ ਪੂਰੀ ਦੁਨੀਆ ਵਿੱਚ ਜਾਂਦਾ ਹੋਵੇਗਾ ਤਾਂ ਕਿੰਨਾ ਵਧੀਆ ਲੱਗਦਾ ਹੋਵੇਗਾ।

ਬੰਦੇ ਦੀ ਚੜ੍ਹਾਈ ਬਣਦੀ ਹੈ ਅਤੇ ਮੈਨੂੰ ਬਰੈਕਟ ਵਿੱਚ ਆਪਣਾ ਨਾਮ ਲਿਖਾਉਣ ਤੇ ਪੱਤਰਕਾਰ ਬਣਨ ਦਾ ਸ਼ੌਕ ਪੈ ਚੁੱਕਾ ਸੀ। ਉਹਨਾਂ ਦਿਨਾਂ ਵਿੱਚ ਅਖ਼ਬਾਰਾਂ ਦੀ ਪੂਰੀ ਤੂਤੀ ਬੋਲਦੀ ਸੀ। ਸਕੂਟਰਾਂ 'ਤੇ "PRESS" ਲਿਖਿਆ ਹੋਵੇ ਤਾਂ ਪੁਲਿਸ ਕਦੇ ਨਹੀਂ ਸੀ ਰੋਕਦੀ। ਇਹ ਮੰਜ਼ਰ ਮੈਂ ਸ਼ਹਿਰ ਵਾਲੇ ਚੌਕ ਵਿੱਚ ਲੱਗੇ ਨਾਕੇ 'ਤੇ ਕਈ ਵਾਰ ਵੇਖਿਆ ਸੀ।

ਚਲੋ ਮੁੱਦੇ ਦੀ ਗੱਲ 'ਤੇ ਆਉਂਦੇ ਹਾਂ। ਪੱਤਰਕਾਰ ਬਣਨ ਦਾ ਰਾਹ ਤਾਂ ਨਹੀਂ ਸੀ ਪਤਾ। ਕਦੇ ਕੋਸ਼ਿਸ਼ ਵੀ ਨਾ ਹੋਈ ਅਤੇ ਇਉਂ ਹੀ ਕਰਦੇ-ਕਰਾਉਂਦਿਆਂ ਮੈਂ ਗ੍ਰੈਜੂਏਟ ਹੋ ਗਿਆ। ਫਿਰ ਮੈਂ ਫ਼ਿਰੋਜ਼ਪੁਰ ਨਹਿਰੂ ਯੁਵਾ ਕੇਂਦਰ ਵਿੱਚ ਬਤੌਰ ਵਾਲੰਟੀਅਰ ਭਰਤੀ ਹੋ ਗਿਆ।

ਉੱਥੇ ਹੀ ਸਾਲ ਕੁ ਬਾਅਦ ਸਾਡੀ ਮੁਲਾਕਾਤ ਕੰਵਲਜੀਤ ਸਿੱਧੂ ਨਾਲ ਹੋਈ, ਜੋ ਸਾਡੇ ਨਹਿਰੂ ਯੁਵਾ ਕੇਂਦਰ ਦੇ ਪਹਿਲਾਂ ਰਹੇ ਕੋਆਰਡੀਨੇਟਰ ਰਘਬੀਰ ਖਾਰੇ ਦਾ ਰਿਸ਼ਤੇਦਾਰ ਅਤੇ ਜਲੰਧਰ ਦੂਰਦਰਸ਼ਨ ਦਾ ਸਾਬਕਾ ਟੀ.ਵੀ. ਐਂਕਰ ਸੀ। ਆਮ ਤੌਰ 'ਤੇ ਮੰਡੀਆਂ ਦੇ ਭਾਅ ਵੀ ਉਹੀ ਪੜ੍ਹਦਾ ਸੀ। ਅੱਜ-ਕੱਲ੍ਹ ਉਹ ਫ਼ਿਰੋਜ਼ਪੁਰ ਆਇਆ ਹੋਇਆ ਸੀ। ਸਟੇਜ ਸਕੱਤਰ ਵੀ ਕਮਾਲ ਦਾ ਰਿਹਾ ਹੋਣ ਕਰਕੇ ਉਸ ਵੇਲੇ ਦੇ ਕੋਆਰਡੀਨੇਟਰ ਬੇਦੀ ਸਾਹਿਬ ਨੇ ਉਸ ਨੂੰ ਰਾਸ਼ਟਰੀ ਏਕਤਾ ਕੈਂਪ ਲਈ ਬੁਲਾਇਆ ਸੀ।

ਕੰਵਲਜੀਤ ਸਿੱਧੂ ਕੋਲ ਲੱਛੇਦਾਰ ਗੱਲਾਂ ਹੁੰਦੀਆਂ ਸਨ ਅਤੇ ਅਸੀਂ ਅਠਾਰਾਂ-ਉੱਨੀ ਸਾਲ ਦੇ ਜਵਾਕ। ਮੇਰਾ ਪੱਕਾ ਆੜੀ ਇੰਦਰਜੀਤ ਅਤੇ ਗੁਰੂਹਰਸਹਾਏ ਵਾਲਾ ਹਰੀਸ਼—ਅਸੀਂ ਤਿੰਨੇ ਉਸ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ। ਰਾਸ਼ਟਰੀ ਏਕਤਾ ਕੈਂਪ ਦੌਰਾਨ ਉਸ ਦਾ ਪੱਤਰਕਾਰਾਂ ਨਾਲ ਮੇਲ-ਮਿਲਾਪ ਦੇਖ ਕੇ ਸਾਡੇ ਮਨ ਵਿੱਚ ਵੀ ਪੱਤਰਕਾਰ ਬਣਨ ਦੀ ਇੱਛਾ ਹੋਰ ਪੱਕੀ ਹੋ ਗਈ।

ਦਿਨ ਲੰਘਦੇ ਗਏ ਅਤੇ ਅਸੀਂ ਉਸ ਨੂੰ ਆਪਣਾ ਉਸਤਾਦ ਮੰਨ ਲਿਆ। ਇੱਕ ਦਿਨ ਅਸੀਂ ਆਪਣੀ ਇੱਛਾ ਉਸ ਨੂੰ ਦੱਸੀ ਕਿ ਅਸੀਂ ਪੱਤਰਕਾਰ ਬਣਨਾ ਚਾਹੁੰਦੇ ਹਾਂ। ਉਹ ਹੱਸ ਕੇ ਕਹਿੰਦਾ, "ਇਹ ਕਿਹੜੀ ਵੱਡੀ ਗੱਲ ਹੈ, ਮੈਂ ਤੁਹਾਨੂੰ ਅੱਜ ਹੀ ਪੱਤਰਕਾਰ ਬਣਾ ਦਿੰਦਾ ਹਾਂ।"

ਮਹੀਨਾ ਕੁ ਉਹ ਸਾਨੂੰ ਲਾਰੇ ਲਾਉਂਦਾ ਰਿਹਾ। ਫਿਰ ਇੱਕ ਦਿਨ ਫੋਨ ਕਰਕੇ ਕਹਿੰਦਾ ਕਿ ਫ਼ਿਰੋਜ਼ਪੁਰ ਤੋਂ ਇੱਕ ਨਵਾਂ ਅਖ਼ਬਾਰ ਸ਼ੁਰੂ ਹੋਣ ਲੱਗਾ ਹੈ। ਉਸ ਦਾ ਸੰਪਾਦਕ ਮੇਰਾ ਮਿੱਤਰ ਹੈ। ਮੈਂ ਉਹਨੂੰ ਕਹਿ ਕੇ ਤੁਹਾਨੂੰ ਸਟੇਸ਼ਨ ਅਲਾਟ ਕਰਵਾ ਦਿੰਦਾ ਹਾਂ।

ਮੈਂ ਤਾਂ ਖੁਸ਼ੀ ਨਾਲ ਚਾਂਗਰਾਂ ਮਾਰ ਰਿਹਾ ਸੀ। ਉਹ ਕਹਿੰਦਾ, "ਜਦੋਂ ਫ਼ਿਰੋਜ਼ਪੁਰ ਆਵੀਂ ਤਾਂ ਆਪਣੀ ਫੋਟੋ ਦੇ ਜਾਵੀਂ। ਤੇਰਾ ਆਈ-ਕਾਰਡ ਵੀ ਬਣਾ ਦੇਵਾਂਗੇ।" ਦੂਜੇ ਦੋਵਾਂ ਨੂੰ ਵੀ ਉਹਨਾਂ ਦੇ ਸ਼ਹਿਰਾਂ ਤੋਂ ਪੱਤਰਕਾਰ ਬਣਨ ਦਾ ਮੌਕਾ ਮਿਲ ਗਿਆ। ਅਸੀਂ ਤਿੰਨਾਂ ਨੇ ਇੱਕ-ਦੂਜੇ ਨੂੰ ਫੋਨ ਕਰਕੇ ਵਧਾਈਆਂ ਦਿੱਤੀਆਂ। ਮੈਂ ਤਾਂ ਘਰ ਵਿੱਚ ਵੀ ਡੋਂਡੀ ਪਿੱਟ ਦਿੱਤੀ ਕਿ ਮੈਂ ਪੱਤਰਕਾਰ ਬਣ ਗਿਆ ਹਾਂ।

ਉਸੇ ਸ਼ਾਮ ਕੰਵਲਜੀਤ ਦਾ ਫੋਨ ਆਇਆ। ਉਹ ਕਹਿੰਦਾ, "ਕੋਈ ਖ਼ਬਰ ਬਣਾ ਕੇ ਭੇਜ... ਕੱਲ੍ਹ ਛਪ ਜਾਵੇਗੀ।" ਹੁਣ ਮੈਂ ਸੋਚਾਂ ਕਿ ਖ਼ਬਰ ਕਿਹੜੀ ਭੇਜਾਂ।

ਹਾਲੇ ਮੈਂ ਸੋਚ ਹੀ ਰਿਹਾ ਸੀ ਕਿ ਪਤਾ ਲੱਗਾ ਸਾਡੇ ਪਿੰਡ ਦਾ ਇੱਕ ਸਾਬਕਾ ਫੌਜੀ, ਜੋ ਅੱਜ-ਕੱਲ੍ਹ ਗੁਆਂਢੀ ਪਿੰਡ ਦੇ ਬਿਜਲੀ ਘਰ ਵਿੱਚ ਸੁਰੱਖਿਆ ਗਾਰਡ ਸੀ, ਡਿਊਟੀ ਤੋਂ ਵਾਪਸ ਆਉਂਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਆਪਾਂ ਨੂੰ ਖ਼ਬਰ ਮਿਲ ਗਈ ਤੇ ਆਪਾਂ ਲਿਖਣੀ ਸ਼ੁਰੂ ਕਰ ਦਿੱਤੀ।

ਮੈਂ ਸਿਰਲੇਖ ਬਣਾਇਆ— “ਸਾਬਕਾ ਫੌਜੀ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ”। ਅੱਧੀ ਕੁ ਖ਼ਬਰ ਲਿਖੀ ਹੀ ਸੀ ਕਿ ਘਰ ਆਏ ਇੱਕ ਆੜੀ ਨੇ ਦੱਸਿਆ ਕਿ ਕਹਿਰ ਹੋ ਗਿਆ, ਫੌਜੀ ਦੀ ਬਜ਼ੁਰਗ ਮਾਂ ਵੀ ਪਿੱਛੇ ਹੀ ਵੱਲ ਵੱਸ ਗਈ ਹੈ।

ਮੈਂ ਸੋਚਿਆ, ਆਹ ਤਾਂ ਖ਼ਬਰ ਹੋਰ ਵੀ ਵਧੀਆ ਬਣ ਗਈ। ਮੈਂ ਨਾਲ ਸਬ-ਹੈਡਿੰਗ ਵੀ ਲਾ ਦਿੱਤੀ— “ਵਿੱਛੋੜੇ 'ਚ ਮਾਂ ਵੀ ਚੱਲ ਵਸੀ”। ਭਾਵੁਕ ਖ਼ਬਰ ਬਣਨੀ ਸੀ ਅਤੇ ਇਹੋ ਜਿਹੀਆਂ ਖ਼ਬਰਾਂ ਵੈਸੇ ਵੀ ਲੋਕਾਂ ਦਾ ਧਿਆਨ ਖਿੱਚ ਲੈਂਦੀਆਂ ਹਨ।

ਚਲੋ ਜੀ, ਸੋਹਣੀ ਜਿਹੀ ਖ਼ਬਰ ਬਣਾ ਕੇ ਚਾਈਂ-ਚਾਈਂ ਭੇਜ ਦਿੱਤੀ ਅਤੇ ਉਡੀਕਣ ਲੱਗਾ ਕਿ ਕੱਲ੍ਹ ਮੇਰੀ ਪਹਿਲੀ ਖ਼ਬਰ ਮੇਰੇ ਨਾਮ ਨਾਲ ਛਪ ਕੇ ਆਵੇਗੀ। ਕੰਵਲਜੀਤ ਰਾਹੀਂ ਅਖ਼ਬਾਰ ਵਾਲਿਆਂ ਨੂੰ ਵੀ ਕਹਿ ਦਿੱਤਾ ਕਿ ਸਾਡੇ ਪਿੰਡ ਏਜੰਸੀ ਵਾਲੇ ਕੋਲ ਅਖ਼ਬਾਰ ਪਹੁੰਚਾ ਦੇਣ।

ਮੇਰਾ ਚਿੱਤ ਬਾਗੋਂ-ਬਾਗ ਸੀ। ਮੈਂ ਸੋਚਦਾ ਰਿਹਾ ਕਿ ਜਦੋਂ ਮੇਰਾ ਨਾਮ ਛਪ ਕੇ ਆਵੇਗਾ ਤਾਂ ਕਿਵੇਂ ਲੱਗੇਗਾ। ਮੈਂ ਦਾਦੇ ਨੂੰ ਵੀ ਖੁਸ਼ੀ-ਖੁਸ਼ੀ ਦੱਸਿਆ ਕਿ ਮੈਂ ਪੱਤਰਕਾਰ ਬਣ ਗਿਆ ਹਾਂ ਅਤੇ ਕੱਲ੍ਹ ਮੇਰੀ ਪਹਿਲੀ ਖ਼ਬਰ ਛਪ ਰਹੀ ਹੈ।

ਮੈਂ ਮਨ ਹੀ ਮਨ ਸੋਚ ਲਿਆ ਸੀ ਕਿ ਹੁਣ ਆਪਾਂ ਸਮਾਜਿਕ ਮੁੱਦੇ ਚੁੱਕਿਆ ਕਰਾਂਗੇ, ਨਿਰਪੱਖ ਪੱਤਰਕਾਰ ਬਣਨਾ ਹੈ। ਮੇਰੇ ਲਈ ਕੰਵਲਜੀਤ ਰੱਬ ਵਰਗਾ ਸੀ, ਜਿਸ ਨੇ ਮੇਰੀ ਚਿਰੋਕਣੀ ਰੀਝ ਪੂਰੀ ਕਰ ਦਿੱਤੀ ਸੀ। ਮੈਨੂੰ ਲੱਗਦਾ ਸੀ ਕਿ ਹੁਣ ਮੇਰਾ ਨਾਮ ਹੋ ਜਾਵੇਗਾ। ਮੇਰੇ ਲਈ ਇਹ ਇਉਂ ਸੀ ਜਿਵੇਂ ਅਲਾਦੀਨ ਦਾ ਚਿਰਾਗ ਹੱਥ ਲੱਗ ਗਿਆ ਹੋਵੇ, ਜਿਸ ਨਾਲ ਸਾਰੇ ਮਸਲੇ ਚੁਟਕੀ ਵਿੱਚ ਹੱਲ ਹੋ ਜਾਣੇ ਹਨ।

ਰਾਤ ਨੂੰ ਜਦੋਂ ਸਾਰਾ ਟੱਬਰ ਰੋਟੀ ਖਾਣ ਬੈਠਾ ਤਾਂ ਬਾਪੂ ਬੇਬੇ ਨਾਲ ਫੌਜੀ ਦੀ ਮੌਤ ਦੀ ਗੱਲ ਕਰਨ ਲੱਗ ਪਿਆ। ਮੈਂ ਹੈਰਾਨ ਸੀ ਕਿ ਮਰੀ ਤਾਂ ਉਹਦੀ ਮਾਂ ਵੀ ਹੈ, ਪਰ ਘਰਦੇ ਉਸ ਦੀ ਗੱਲ ਹੀ ਨਹੀਂ ਕਰ ਰਹੇ।

ਆਖ਼ਰ ਮੈਂ ਪੁੱਛ ਹੀ ਲਿਆ, “ਮੰਮੀ, ਉਹਦੀ ਮਾਂ ਵੀ ਮਰ ਗਈ ਆ?”

ਮੰਮੀ ਕਹਿੰਦੀ, “ਕਿੱਥੇ... ਉਹ ਤਾਂ ਦੰਦਲਾਂ ਪੈਂਦੀਆਂ ਸੀ, ਬੇਹੋਸ਼ ਹੋਈ ਸੀ। ਲੋਕਾਂ ਨੇ ਅਫ਼ਵਾਹ ਉਡਾ ਦਿੱਤੀ ਸੀ ਕਿ ਫੌਜੀ ਦੀ ਮਾਂ ਮਰ ਗਈ ਆ।”

ਮੰਮੀ ਦੇ ਮੂੰਹੋਂ ਇਹ ਗੱਲ ਸੁਣਦਿਆਂ ਹੀ ਮੇਰੇ ਸੰਘ ਵਿੱਚ ਰੋਟੀ ਦੀ ਗਰਾਹੀ ਫਸ ਗਈ। ਮੇਰੇ ਚਿਹਰੇ ਦੇ ਰੰਗ ਉੱਡ ਗਏ। ਰੋਟੀ ਨਾ ਅੱਗੇ ਲੰਘੇ, ਨਾ ਪਿੱਛੇ। ਮੈਂ ਹਾਬੜ ਜਿਹਾ ਗਿਆ। ਮੈਂ ਝੱਟ ਫੋਨ ਵੱਲ ਅਹੁਲਿਆ ਪਰ ਮੈਨੂੰ ਫੋਨ ਨਾ ਲੱਭੇ। ਮੈਂ ਕਾਹਲੀ-ਕਾਹਲੀ ਫੋਨ ਲੱਭਿਆ ਅਤੇ ਕੰਵਲਜੀਤ ਨੂੰ ਫੋਨ ਲਾਇਆ ਕਿ ਖ਼ਬਰ ਰੁੱਕ ਸਕਦੀ ਤਾਂ ਰੋਕੋ... ਖ਼ਬਰ ਗਲਤ ਲੱਗ ਗਈ ਆ।

ਦੱਸਿਆ ਮੈਥੋਂ ਜਾਵੇ ਨਾ। ਫਿਰ ਥੁਲਥਲਾਉਂਦੀ ਜ਼ੁਬਾਨ ਨਾਲ ਸਾਰਾ ਸੱਚ ਉਹਨੂੰ ਦੱਸਿਆ। ਉਹ ਕਹਿੰਦਾ, "ਅਖ਼ਬਾਰ ਹੁਣ ਤਾਂ ਪ੍ਰੈੱਸ ਵਿੱਚ ਚਲਾ ਗਿਆ ਹੈ ਤੇ ਹੋ ਸਕਦਾ ਕਿ ਛਪ ਵੀ ਗਿਆ ਹੋਵੇ। ਹੁਣ ਖ਼ਬਰ ਰੁਕਣੀ ਅਸੰਭਵ ਹੈ।"

ਮੇਰੇ ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਉੱਭਰ ਆਈਆਂ। ਖੁਸ਼ੀ ਦੀ ਥਾਂ ਹੁਣ ਗ਼ਮ ਹਾਵੀ ਹੋ ਗਿਆ ਸੀ। ਘਰਦੇ ਪੁੱਛਣ, "ਹੋਇਆ ਕੀ?" ਪਰ ਮੇਰੇ ਮੂੰਹੋਂ ਗੱਲ ਨਾ ਨਿਕਲੇ। ਮੰਮੀ ਮੱਥੇ 'ਤੇ ਹੱਥ ਰੱਖ ਕੇ ਵੇਖੇ ਕਿ ਬੁਖ਼ਾਰ ਤਾਂ ਨਹੀਂ ਹੋ ਗਿਆ। ਘਰਦੇ ਹੋਰ ਹੀ ਸਟੇਸ਼ਨ ਫੜ੍ਹੀ ਫਿਰਨ ਤੇ ਮੈਂ ਹੋਰ ਹੀ ਦੁਨੀਆ ਵਿੱਚ ਗੁੰਮ ਸੀ।

ਮੈਂ ਵਾਰ-ਵਾਰ ਕੰਵਲਜੀਤ ਨੂੰ ਫੋਨ ਲਾਵਾਂ ਅਤੇ ਉਹ ਕਹੇ, "ਹੁਣ ਮੈਂ ਕੀ ਕਰਾਂ? ਪੱਤਰਕਾਰ ਦਾ ਮਤਲਬ ਕੱਲਾ ਖ਼ਬਰ ਲਾਉਣੀ ਨਹੀਂ ਹੁੰਦਾ, ਕਰਾਸ-ਚੈੱਕ ਵੀ ਕਰਨਾ ਹੁੰਦਾ ਹੈ।"

ਮੇਰੇ ਭਾਅ ਦੀ ਬਣ ਗਈ। ਚਾਅ ਤਾਂ ਪਤਾ ਨਹੀਂ ਕਿੱਧਰ ਚਲਾ ਗਿਆ ਸੀ। ਅੱਚਵੀ ਵਿੱਚ ਸਾਰੀ ਰਾਤ ਕੱਢੀ ਮੈਂ। ਸਵੇਰੇ ਤਿੰਨ ਵਜੇ ਹੀ ਰੋਡ 'ਤੇ ਜਾ ਖੜ੍ਹਾ ਹੋਇਆ ਕਿ ਕਦੋਂ ਅਖ਼ਬਾਰਾਂ ਵਾਲੀ ਗੱਡੀ ਆਵੇ। ਮੈਂ ਸੜਕ ਦੇ ਏਧਰ-ਓਧਰ ਚੱਕਰ ਲਾਵਾਂ। ਇੱਕ ਚੜ੍ਹੇ, ਇੱਕ ਉੱਤਰੇ। ਉਸ ਦਿਨ ਗੱਡੀ ਵੀ ਲੇਟ ਆਈ।

ਏਜੰਸੀ ਵਾਲੇ ਚਾਚੇ ਹੋਰੀਂ ਹੈਰਾਨ ਕਿ ਇਹ ਅੱਜ ਵੇਲੇ ਨਾਲ ਕਿਵੇਂ ਆਇਆ ਫਿਰਦਾ ਹੈ। ਮੈਂ ਤਾਂ ਇੱਕ ਚਾਚੇ ਕੋਲ ਆਥਣੇ ਹੀ ਫੜ੍ਹ ਮਾਰ ਬੈਠਾ ਸੀ ਕਿ ਮੇਰੀ ਖ਼ਬਰ ਆਉਣੀ ਆ। ਉਹ ਕਹੇ, "ਦਿਖਾ ਤਾਂ ਕਿਹੜੀ ਖ਼ਬਰ ਲਵਾਈ ਤੂੰ?"

ਪਰ ਜਿਵੇਂ ਹੀ ਅਖ਼ਬਾਰ ਆਏ, ਮੈਂ ਉਸ ਅਖ਼ਬਾਰ ਵਾਲਾ ਸਾਰਾ ਬੰਡਲ ਚੁੱਕਿਆ ਤੇ ਘਰ ਵੱਲ ਨੂੰ ਸ਼ੂਟ ਵੱਟ ਦਿੱਤੀ। ਹੈ ਤਾਂ ਪੰਜ-ਸੱਤ ਅਖ਼ਬਾਰ ਹੀ ਸਨ, ਪਰ ਮੈਂ ਉਹਨਾਂ ਨੂੰ ਚੁੱਕ ਕੇ ਹਨੇਰੀ ਬਣ ਗਿਆ। ਘਰ ਆਉਂਦਿਆਂ ਹੀ ਸਾਰੇ ਅਖ਼ਬਾਰ ਲੁਕੋ ਦਿੱਤੇ। ਉਸ ਵੇਲੇ ਮੈਨੂੰ ਇੰਝ ਲੱਗਾ ਜਿਵੇਂ ਮੈਂ ਕੋਈ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ।

ਅਖ਼ਬਾਰ ਲੁਕੋ ਕੇ ਚਾਅ ਚੜ੍ਹ ਗਿਆ। ‘ਜਾਨ ਬਚੀ ਤਾਂ ਲੱਖਾਂ ਪਾਏ।’ ਮਨ ਕੁਝ ਨਿਸ਼ਚਿੰਤ ਹੋਇਆ ਤੇ ਫਿਰ ਸੌਂਹ ਖਾ ਲਈ ਕਿ ਹੁਣ ਸਾਰੀ ਉਮਰ ਪੱਤਰਕਾਰ ਨਹੀਂ ਬਣਨਾ। ਮਨ ਵਿੱਚ ਇੱਕ ਗੱਲ ਪੱਕੀ ਵਸਾ ਲਈ ਕਿ ‘ਜਿਸਕਾ ਕਾਮ ਉਸੀ ਕੋ ਸਾਜੈ’ ਅਤੇ ਅੱਗੇ ਤੋਂ ਕਾਹਲੀ ਵਿੱਚ ਕੋਈ ਪੰਗਾ ਨਹੀਂ ਲੈਣਾ।


ਇਹ ਰਚਨਾ ਅਲਫ਼ਾਜ਼ ਦੀ ਹੈ, ਜੋ ਰਾਗ ਮੈਗਜ਼ੀਨ ਵਿੱਚ ਸਾਲ 2025 ਵਿੱਚ ਪ੍ਰਕਾਸ਼ਿਤ ਹੋਈ ਸੀ।