ਅੱਜ ਤੋਂ 44 ਵਰ੍ਹੇ ਪਹਿਲਾਂ ਪੰਜਾਬੀ ਫ਼ਿਲਮ ‘ਬਲਵੀਰੋ ਭਾਬੀ’ ਰਿਲੀਜ਼ ਹੋਈ ਸੀ ਤੇ ਇਸ ਫ਼ਿਲਮ ‘ਚ ਕਾਫ਼ੀ ਵੱਡੇ ਨਾਮ ਸੀ ਤੇ ਖਲਨਾਇਕ ਦਾ ਰੋਲ ਅਦਾ ਕਰਨ ਵਾਲਾ ਅਦਾਕਾਰ ਅੱਜ ਕੱਲ੍ਹ ਗੁੰਮਨਾਮੀ ਦੇ ਦੌਰ ‘ਚ ਹੈ ਪਰ ਉਸ ਵੱਲੋਂ ਨਿਭਾਇਆ ‘ਘੁੱਕਰ’ ਦਾ ਰੋਲ ਹਮੇਸ਼ਾ ਲਈ ਹਮੇਸ਼ਾ ਅਮਰ ਹੋ ਗਿਆ ।
ਜਾਪਿਆ ਇਹ ਰੋਲ ਜਿਵੇਂ ਬਣਿਆ ਹੀ ਉਸ ਲਈ ਸੀ ,ਉਸ ਰੋਲ ‘ਚ ਇਕ ਮਿੱਕ ਹੋਇਆ ਅਦਾਕਾਰ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੱਖਰੀਆਂ ਪੈੜਾਂ ਪਾ ਗਿਆ ਤੇ ਉਸ ਅਦਾਕਾਰੀ ਦੇ ਪੱਧਰ ਤੱਕ ਪਹੁੰਚਣ ਦਾ ਬਹੁਤਿਆਂ ਲਈ ਸੁਪਨਾ ਹੀ ਰਿਹਾ ।
ਜਿੱਥੇ ਪੁਰਾਣੀ ਪੀੜੀ ਉਹਨਾਂ ਨੂੰ ਫਖਰ ਨਾਲ ਯਾਦ ਕਰਦੀ ਹੈ ,ਨਵੀਂ ਪੀੜੀ ਲਈ ਵੀ ਕੋਈ ਅਛੂਤਾ ਨਾਮ ਨਹੀਂ ਹੈ ਤੇ ਐਨਾ ਸਮਾਂ ਗੁਜ਼ਰਨ ਦੇ ਬਾਅਦ ਵੀ ਘੁੱਕਰ ਦੇ ਰੂਪ ਵਿੱਚ ਸਾਡੇ ਚਿੱਤ ਚੇਤਿਆ ਵਿੱਚ ਵਸੇ ਹੋਏ ਨੇ।
ਗੁਰਚਰਨ ਪੋਹਲੀ ਪੰਜਾਬ ਦਾ ਇਕ ਅਜਿਹਾ ਕਲਾਕਾਰ ਹੈ, ਜਿਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਦੇ ਕੱਦ ਨੂੰ ਹੋਰ ਉੱਚਾ ਕਰ ਦਿੱਤਾ। ਉਸ ਦਾ ਜਨਮ 24 ਜੂਨ 1942 ’ਚ ਪੰਜਾਬ ਦੇ ਮਿੰਟਗੁਮਰੀ ਜ਼ਿਲ੍ਹੇ (ਪਾਕਿਸਤਾਨ) ਦੇ ਪਿੰਡ ਚੱਕ ਨੰਬਰ 51, ਪਾਕਪਟਨ ਤਹਿਸੀਲ ’ਚ ਪਿਤਾ ਬੂੜ ਸਿੰਘ ਦੇ ਘਰ ਹੋਇਆ। ਵੰਡ ਕਾਰਨ ਉਸ ਦਾ ਪਰਿਵਾਰ ਪਾਕਿਸਤਾਨ ਛੱਡ ਕੇ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਤਲਵੰਡੀ ਭਾਈ ਨੇੜੇ ਪਿੰਡ ਕੋਟ ਕਰੋੜ ਕਲਾਂ ਆ ਕੇ ਵਸ ਗਿਆ।
ਸਕੂਲ ਸਮੇਂ ਤੋਂ ਹੀ ਉਸ ਨੂੰ ਗੀਤ ਗਾਉਣ, ਭੰਗੜੇ ਤੇ ਅਦਾਕਾਰੀ ਕਰਨ ਦਾ ਕਾਫ਼ੀ ਸ਼ੌਕ ਸੀ। ਪਰਿਵਾਰਿਕ ਮਤਭੇਦ ਦੇ ਚੱਲਦਿਆਂ ਤੇ ਅਦਾਕਾਰੀ ‘ਚ ਆਪਣਾ ਨਾਮ ਬਣਾਉਣ ਲਈ ਉਹ ਸਭ ਕੁਝ ਛੱਡ ਛੁਡਾ ਲੁਧਿਆਣੇ ਆ ਕੇ ਵੱਸ ਗਿਆ ਸੀ ਤੇ ਬਾਅਦ ‘ਚ ਆਪਣੀ ਮਾਂ ਨੂੰ ਨਾਲ ਲੈ ਕੇ ਗਿਆ ਸੀ । ਆਪਣੇ ਸ਼ੌਕ ਨੂੰ ਜਨੂੰਨ ‘ਚ ਬਦਲਣ ਲਈ ਲੁਧਿਆਣੇ ਮਜ਼ਦੂਰੀ ਵੀ ਕੀਤੀ ।
ਗੁਰਚਰਨ ਪੋਹਲੀ ਨੇ ਉਸਤਾਦ ਜਸਵੰਤ ਭੰਵਰਾ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਇਸ ਦੌਰਾਨ ਉਸ ਦੀ ਮੁਲਾਕਾਤ ਗਾਇਕਾ ਪ੍ਰੋਮਿਲਾ ਪੰਮੀ ਨਾਲ ਹੋਈ ਕਿਉਂਕਿ ਉਸ ਸਮੇਂ ਉਹ ਵੀ ਉਸਤਾਦ ਭੰਵਰਾ ਤੋਂ ਸੰਗੀਤ ਸਿੱਖ ਰਹੀ ਸੀ। ਉਸ ਨੇ ਪ੍ਰੋਮਿਲਾ ਨਾਲ ਜੋੜੀ ਬਣਾ ਕੇ ਗਾਉਣਾ ਸ਼ੁਰੂ ਕਰ ਦਿੱਤਾ। ਫਿਰ 1966 ’ਚ ਐੱਚਐੱਮਵੀ ਕੰਪਨੀ ਨਾਲ ਗੁਰਚਰਨ ਪੋਹਲੀ ਤੇ ਪ੍ਰੋਮਿਲਾ ਦਾ ਪਹਿਲਾ ਗੀਤ ਰਿਲੀਜ਼ ਹੋਇਆ, ਜਿਸ ਦੇ ਬੋਲ ਸਨ ,‘ਆਥਣ ਉੱਗਣ ਕਰੇਂ ਕਚੀਰਾ, ਲੜਦਾ ਉੱਠਦਾ ਬਹਿੰਦਾ, ਵੇ ਮੈਂ ਨਹੀਂ ਤੇਰੇ ਘਰ ਵੱਸਣਾ, ਵੇ ਤੂੰ ਨਿੱਤ ਦਾ ਸ਼ਰਾਬੀ ਰਹਿੰਦਾ’, ਜੋ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਇਸ ਤੋਂ ਬਾਅਦ ਇਸ ਜੋੜੀ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕੀਤਾ ।
ਦੋਵਾਂ ਨੇ ਵਿਆਹ ਵੀ ਕਰਵਾਇਆ। ਇਸ ਦੌਰਾਨ ਉਨ੍ਹਾਂ ਨੇ ‘ਤੀਵੀਆਂ ਦੋ ਬੁਰੀਆਂ’, ‘ਡੋਲੂ ਛੜੇ ਜੇਠ ਦਾ’, ‘ਮੈਨੂੰ ਜੇਠ ਭੂਤਨਾ ਚਿੰਬੜ ਗਿਆ’, ‘ਜੈ ਬਾਬੇ ਦੀ ਬੋਲ’, ‘ਫ਼ੌਜੀ ਚੱਲਿਆ’ , ‘ਹਾਲੇ ਚੜਿ੍ਹਆ ਸੋਲ੍ਹਵਾਂ ਸਾਲ’ , ‘ਭਜਨੋ ਕੀ ਹਾਲ ਐ’, ‘ਸੱਦ ਲੈ ਆਸ਼ਿਕ ਨੂੰ’, ‘ਪੱਤਣ ਉੱਤੇੇ ਸਿਰ ਰੱਖ ਕੇ’, ‘ਬਹਿਜਾ ਗੱਡੀ ’ਚ ਆ ਕੇ’, ‘ਫ਼ੌਜੀ ਜੰਗ ਜਿੱਤ ਕੇ ਆਇਆ’, ‘ਕੱਲੀ ਘਰ ਲਾਈ’, ‘ਜੱਟਾ ਬਦਨਾਮ ਹੋ ਗਈ’, ‘ਅੜਬ ਜੱਟ’, ‘ਦੁੱਖੜੇ ਛੜਿਆਂ ਦੇ’, ‘ਝੰਡੀਆਂ ਦਿਖਾਉਂਦੀ ਹਰੀਆਂ’, ‘ਪੁੱਤਰ ਸਰਦਾਰਾਂ ਦੇ’, ‘ਮਰ ਗਈ ਵੇ ਜੇਠਾ’, ‘ਗਿੱਦੜ ਕੜਿੱਕਾ’, ‘ਹਿੱਕ ’ਤੇ ਆਲ੍ਹਣਾ’, ‘ਉਮਰ ਨਿਆਣੀ ਅਜੇ’, ‘ਜੱਟ ਧਾਹਾਂ ਮਾਰੂਗਾ’, ‘ਮੁੰਡਾ ਨਹੀਂ ਚੁੱਕਣਾ’ ਆਦਿ ਕੀਤਾ ਨਾਲ ਸਰੋਤਿਆਂ ਦੇ ਦਿਲਾਂ ਉੱਤੇ ਰਾਜ ਕੀਤਾ।
ਉਹ 1960 ਤੋਂ ਲੈ ਕੇ 1980 ਦੇ ਦਹਾਕੇ ਦੇ ਅਖੀਰ ਤੱਕ ਪੰਜਾਬੀ ਫਿਲਮਾਂ ’ਚ ਬਤੌਰ ਗਾਇਕ ਤੇ ਅਦਾਕਾਰ ਬਹੁਤ ਸਰਗਰਮ ਰਹੇ ।ਡਿਊਟ ਗਾਉਂਦਿਆਂ ਹੀ ਉਨ੍ਹਾਂ ਨੇ ਦਿਲਾਂ ਦੇ ਸੁਰ ਸਾਂਝੇ ਕਰਦਿਆਂ ਆਪਣਾ ਜੀਵਨ ਸਾਥ ਆਪਣੀ ਸਹਿ ਗਾਇਕਾ ਪ੍ਰੇਮਿਲਾ ਪੰਮੀ ਨੂੰ ਬਣਾਇਆ । ਉਨ੍ਹਾਂ ਨੇ ਜਿੱਥੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹਿਆ, ਉੱਥੇ ਹੀ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਉਸ ਨੇ ਅੱਜ ਵੀ ਲੋਕਾਂ ਦੇ ਦਿਲਾਂ ’ਚ ਆਪਣੀ ਅਨੋਖੀ ਥਾਂ ਬਣਾਈ ਹੋਈ ਹੈ।
ਜਿਵੇਂ ਜਿਵੇਂ ਸੰਗੀਤਕ ਸਫ਼ਰ ਅੱਗੇ ਵੱਧਿਆ ਪੋਹਲ਼ੀ ਦੀ ਪ੍ਰਸਿੱਧੀ ਅਸਮਾਨ ਛੂਹਣ ਲੱਗੀ ਤੇ ਫਿਲਮਾਂ ‘ਚੋਂ ਵੀ ਆਫਰ ਆਉਣ ਲੱਗੇ ਤੇ 1969 ’ਚ ਗੁਰਚਰਨ ਪੋਹਲੀ ਦੇ ਫਿਲਮੀ ਸਫ਼ਰ ਦੀ ਸ਼ੁਰੂਆਤ ਬੂਟਾ ਸਿੰਘ ਸ਼ਾਦ ਦੀ ਫਿਲਮ ‘ਕੁੱਲੀ ਯਾਰ ਦੀ’ ਤੋਂ ਪਿੱਠਵਰਤੀ ਗਾਇਕ ਵਜੋਂ ਹੋਈ। ਉਸ ਨੂੰ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦਾ ਵੀ ਬਹੁਤ ਸ਼ੌਕ ਸੀ, ਇਸ ਲਈ ਉਹ ਆਪਣੀ ਕਿਸਮਤ ਅਜ਼ਮਾਉਣ ਲਈ ਬੰਬਈ ਚਲਿਆ ਗਿਆ। ਇਸ ਦੌਰਾਨ ਉਸ ਨੇ 1994 ’ਚ ਆਪਣੀ ਪਹਿਲੀ ਬਾਲੀਵੁੱਡ ਫਿਲਮ ‘ਕੋਰਾ ਬਦਨ’ ’ਚ ਅਦਾਕਾਰੀ ਕੀਤੀ। ਇਸ ਤੋਂ ਬਾਅਦ ਉਸ ਨੇ ਹੋਰ ਕਈ ਬਾਲੀਵੁੱਡ ਫਿਲਮਾਂ ਜਿਵੇਂ ‘ਚੱਟਾਨ ਸਿੰਘ’, ‘ਪਾਪ ਔਰ ਪੁੰਨ’, ‘ਸ਼ਰਾਫ਼ਤ ਛੋੜ ਦੀ ਮੈਨੇ’, ‘ਹਵਸ’, ‘ਦਿਲ ਔਰ ਪੱਥਰ’, ‘ਸੰਨਿਆਸੀ’ ਤੇ ‘ਹਮਰਾਹੀ’ ਆਦਿ ਫਿਲਮਾਂ ’ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਚੰਗਾ ਨਾਂ ਕਮਾ ਲਿਆ ।
ਪਰ ਪੰਜਾਬੀ ਫ਼ਿਲਮਾਂ ਦੀ ਭੁੱਖ ਹਾਲੇ ਵੀ ਅੰਦਰ ਸੀ ਤੇ ਏਸੇ ਨੂੰ ਸ਼ਾਂਤ ਕਰਨ ਲਈ ਸੱਤ-ਅੱਠ ਸਾਲ ਬਾਲੀਵੁੱਡ ਦੀਆਂ ਫਿਲਮਾਂ ਕਰਨ ਤੋਂ ਬਾਅਦ ਉਹ ਪੰਜਾਬ ਵਾਪਸ ਆ ਗਏ । ਇਸ ਤੋਂ ਬਾਅਦ ਉਸ ਨੇ ਇਕ ਵਾਰ ਫਿਰ ਗਾਇਕੀ ਦੇ ਖੇਤਰ ’ਚ ਪੈਰ ਰੱਖਿਆ। ਇਸ ਦੌਰਾਨ ਉਹ ਪੰਜਾਬ ਦੀ ਧਰਤੀ ਉੱਤੇ ਕਈ ਅਖਾੜੇ ਤਾਂ ਲਾ ਰਿਹਾ ਸੀ ਪਰ ਉਸ ਦੇ ਦਿਲ ’ਚ ਹਾਲੇ ਵੀ ਫਿਲਮਾਂ ’ਚ ਕੰਮ ਕਰਨ ਦੀ ਅੱਗ ਸੁਲਘ ਰਹੀ ਸੀ। ਫਿਰ ਉਸ ਨੇ 1981 ’ਚ ਵਰਿੰਦਰ, ਕੁਲਦੀਪ ਮਾਣਕ, ਦੇਵ ਥਰੀਕੇ ਵਾਲਾ, ਮਿਹਰ ਮਿੱਤਲ ਵਰਗੇ ਕਲਾਕਾਰਾਂ ਨਾਲ ਮਿਲ ਕੇ ‘ਬਲਬੀਰੋ ਭਾਬੀ’ ਨਾਂ ਦੀ ਫਿਲਮ ਬਣਾਈ, ਜਿਸ ’ਚ ਗੁਰਚਰਨ ਉਸ ਵੱਲੋਂ ਨਿਭਾਏ ਗਏ ਘੁੱਕਰ ਦੇ ਰੋਲ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਤੇ ਫਿਲਮ ਸੁਪਰਹਿੱਟ ਰਹੀ,ਘੁੱਕਰ ਦਾ ਰੋਲ ਅਮਰ ਹੋ ਗਿਆ ਤੇ ਪੰਜਾਬੀ ਇੰਡਸਟਰੀ ਨੇ ਪੋਹਲੀ ਨੂੰ ਹੱਥਾਂ ਤੇ ਚੁੱਕ ਲਿਆ ।
ਇਸ ਤੋਂ ਬਾਅਦ ਉਸ ਨੇ 1983 ’ਚ ‘ਰੂਪ ਸ਼ੌਕੀਨਨ ਦਾ’, 1984 ’ਚ ‘ਯਾਰੀ ਜੱਟ ਦੀ’ , 1986 ’ਚ ‘ਕੀ ਬਣੂ ਦੁਨੀਆ ਦਾ’, 1987 ’ਚ ‘ਪਟੋਲਾ’ ਤੇ 1988 ’ਚ ‘ਜੱਟ ਸੂਰਮੇ’ ਫਿਲਮ ’ਚ ਕੰਮ ਕੀਤਾ। ਇਨ੍ਹਾਂ ਫਿਲਮਾਂ ’ਚ ਨਿਭਾਏ ਕਿਰਦਾਰਾਂ ਕਰਕੇ ਉਹ ਖਲਨਾਇਕ ਦੇ ਤੌਰ ’ਤੇ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ ਸੀ।
ਪੰਜਾਬੀ ਇੰਡਸਟਰੀ ਨੂੰ ਮਿਲਿਆ ਸ਼ਾਨਦਾਰ ਖਲਨਾਇਕ ਪੰਜਾਬੀ ਫਿਲਮਾਂ ’ਚ ਜੇ ਨਾਂਹ-ਪੱਖੀ ਕਿਰਦਾਰਾਂ ਦੀ ਗੱਲ ਕੀਤੀ ਜਾਵੇ ਤਾਂ ‘ਬਲਬੀਰੋ ਭਾਬੀ’ ਫਿਲਮ ਦਾ ਘੁੱਕਰ ਪਹਿਲੇ ਸਥਾਨ ’ਤੇ ਆਉਂਦਾ ਹੈ। ਫਿਲਮ ’ਚ ਗੁਰਚਰਨ ਪੋਹਲੀ ਦੀ ਲੁੱਕ, ਚੱਲਣ ਤੇ ਬੋਲਣ ਦੇ ਤਰੀਕੇ ਤੇ ਅਦਾਕਾਰੀ ਨੇ ਫਿਲਮ ਨੂੰ ਚਾਰ ਚੰਨ ਲਾ ਦਿੱਤੇ।
ਵਰਿੰਦਰ, ਮਿਹਰ ਮਿੱਤਲ ਵਰਗੇ ਦਿੱਗਜ ਕਲਾਕਾਰਾਂ ਦੇ ਫਿਲਮ ’ਚ ਹੋਣ ਦੇ ਬਾਵਜੂਦ ਉਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਅਜਿਹੀ ਥਾਂ ਹਾਸਲ ਕੀਤੀ, ਜੋ ਅੱਜ ਵੀ ਕੋਈ ਹਾਸਲ ਨਹੀਂ ਕਰ ਸਕਿਆ। ‘ਬਲਬੀਰੋ ਭਾਬੀ’ ਤੋਂ ਇਲਾਵਾ ‘ਰੂਪ ਸ਼ੌਕੀਨਨ ਦਾ’ ’ਚ ਜ਼ੋਰਾ, ‘ਪਟੋਲਾ’ ’ਚ ਮੰਗਲ ਸਿੰਘ, ‘ਯਾਰੀ ਜੱਟ ਦੀ’ ’ਚ ਦੀਪਾ ਦੇ ਕਿਰਦਾਰ ਨੇ ਉਸ ਨੂੰ ਪੰਜਾਬੀ ਫਿਲਮ ਇੰਡਸਟਰੀ ’ਚ ਅਜਿਹੇ ਖਲਨਾਇਕ ਦਾ ਸਥਾਨ ਦਿੱਤਾ, ਜੋ ਫਿਲਮ ਦੀ ਸਫਲਤਾ ’ਚ ਮੁੱਖ ਭੂਮਿਕਾ ਨਿਭਾਉਂਦਾ ਸੀ । ਉੱਚੇ ਕੱਦ-ਕਾਠ, ਮਜ਼ਬੂਤ ਸਰੀਰ ਤੇ ਵਜ਼ਨਦਾਰ ਆਵਾਜ਼ ਕਾਰਨ ਉਸ ਨੇ ਨਾਂਹ-ਪੱਖੀ ਕਿਰਦਾਰ ਕਾਫ਼ੀ ਚੰਗੇ ਢੰਗ ਨਾਲ ਨਿਭਾਏ । ਉਸ ਦੇ ਕਈ ਡਾਇਲਾਗ ਅੱਜ ਵੀ ਦਰਸ਼ਕਾਂ ਨੂੰ ਜ਼ੁਬਾਨੀ ਯਾਦ ਹਨ ।
ਪੰਜਾਬ ’ਚ 1984 ਤੋਂ ਬਾਅਦ ਸ਼ੁਰੂ ਹੋਏ ਕਾਲੇ ਦੌਰ ਨੇ ਜਿੱਥੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਉੱਥੇ ਹੀ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੂੰ ਅਣਆਈ ਮੌਤ ਦੀ ਨੀਂਦ ਸੁਲਾ ਦਿੱਤਾ। ਇਸ ਦੌਰ ’ਚ ਪੰਜਾਬ ’ਚ ਫਿਲਮਾਂ ਬਣਨੀਆਂ ਲਗਭਗ ਖ਼ਤਮ ਹੋ ਗਈਆਂ ਸਨ ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ,ਨਿਰਦੇਸ਼ਕਾਂ ਤੇ ਹੋਰਨਾਂ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ । ਇਸ ਦੌਰਾਨ ਵਰਿੰਦਰ, ਅਵਤਾਰ ਸਿੰਘ ਪਾਸ਼, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਆਦਿ ਦੇ ਹੋਏ ਕਤਲ ਕਾਰਨ ਬਹੁਤੇ ਕਲਾਕਾਰ ਪੰਜਾਬ ਛੱਡ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਬਚਾਉਣ ਲਈ ਸੰਘਰਸ਼ ਕਰ ਰਹੇ ਸਨ। ਇਨ੍ਹਾਂ ’ਚੋਂ ਗੁਰਚਰਨ ਪੋਹਲੀ ਵੀ ਇਕ ਸੀ।
ਆਪਣੇ ਕੈਰੀਅਰ ਨੂੰ ਸਿਖਰ ਉੱਤੇ ਪਹੁੰਚਾ ਕੇ ਇਸ ਤਰ੍ਹਾਂ ਛੱਡ ਜਾਣਾ ਉਸ ਲਈ ਆਸਾਨ ਨਹੀਂ ਸੀ ਪਰ ਫਿਰ ਵੀ ਉਸ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪੰਜਾਬ ਛੱਡ ਦਿੱਤਾ ਤੇ ਬਚ ਬਚਾ ਕੇ ਅਮਰੀਕਾ ਪਹੁੰਚ ਕੇ ਕੈਲੀਫੋਰਨੀਆ ’ਚ ਜਾ ਕੇ ਸੈਟਲ ਹੋ ਗਿਆ।
ਉਸ ਤੋਂ ਬਾਅਦ ਵੀ ਧਮਕੀਆਂ ਦਾ ਦੌਰ ਜਦੋਂ ਲਗਾਤਾਰ ਜਾਰੀ ਰਿਹਾ ਤਾਂ ਗੁਰਚਰਨ ਪੋਹਲੀ ਨੇ ਸਭ ਕੁਝ ਨਾਲੋਂ ਨਾਤਾ ਤੋੜ ਲਿਆ ਤੇ ਆਫਰਾਂ ਮਿਲਣ ਦੇ ਬਾਅਦ ਵੀ ਕੰਮ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਤੇ ਗੁੰਮਨਾਮੀ ‘ਚ ਜਿਉਂਣਾ ਸ਼ੁਰੂ ਕਰ ਦਿੱਤਾ ਤੇ ਮੇਲਜੋਲ ਵੀ ਬਿਲਕੁਲ ਘਟਾ ਲਿਆ ।
ਵੱਧਦੀ ਉਮਰ ਨੇ ਸਿਹਤ ਨੂੰ ਵੀ ਢਾਹ ਲਈਂ ਏ ,ਪਰ ਇੱਛਾ ਸ਼ਕਤੀ ਸਦਕਾ ਅੱਜ ਵੀ ਟਹਿਕਰੇ ‘ਚ ਆ ਤੇ ਭਰੇ ਫੁੱਲੇ ਪਰਿਵਾਰ ਨਾਲ ਸੋਹਣੀ ਜ਼ਿੰਦਗੀ ਬਤੀਤ ਕਰ ਰਿਹਾ ਏ । ਪੰਜਾਬੀ ਇੰਡਸਟਰੀ ਦੇ ਸਦਾਬਹਾਰ ਸੁਪਰ ਸਟਾਰ ਦੀ ਲੰਬੀ ਉਮਰ ਦੀਆਂ ਦੁਆਵਾਂ ਨੇ।
ਲੇਖਕ ਲਈ ਮਾਣ ਵਾਲੀ ਗੱਲ ਇਸ ਲਈ ਵੀ ਆ ਕਿ ਦੋਵਾਂ ਦਾ ਪਿੰਡ ਇੱਕੋ ਆ ਤੇ ਪਿੰਡ ਦਾ ਪਹਿਲਾਂ ਸੁਪਰ ਸਟਾਰ ਗੁਰਚਰਨ ਪੋਹਲੀ ਉਰਫ ‘ਘੁੱਕਰ’ ਬਾਰੇ ਅੱਜ ਵੀ ਧੌਣ ਮਾਣ ਨਾਲ ਉੱਚੀ ਹੁੰਦੀ ਏ ।
ਗੁਰਚਰਨ ਪੋਹਲੀ ਦੇ ਭਰਾ-ਭਤੀਜੇ ਅੱਜ ਵੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੋਟ ਕਰੋੜ ਕਲ੍ਹਾਂ ‘ਚ ਵੱਸਦੇ ਨੇ ਤੇ ਉਹਨਾਂ ਦਾ ਚੰਗਾ ਕਾਰੋਬਾਰ ਹੈ । ਪਿੰਡ ਅੱਜ ਵੀ ਆਪਣੇ ਚਹੇਤੇ ਦੀਆਂ ਰਾਹਾਂ ਉਡੀਕ ਰਿਹਾ ਏ ਕਿ ਕਦੋਂ ਪਿੰਡ ਦੀ ਜੂਹ ਨੂੰ ਆਪਣੇ ਲਾਡਲੇ ਪੁੱਤ ਦਾ ਚਿਹਰਾ ਵੇਖਣ ਨੂੰ ਮਿਲੇ। ਅਲਫ਼ਾਜ਼
ਇਹ ਰਚਨਾ ਅਲਫ਼ਾਜ਼ ਦੀ ਹੈ, ਜੋ ਅਮਰੀਕਾ ਦੇ ਅਖ਼ਬਾਰ ‘ਪੰਜਾਬ ਉਜਾਲਾ’ ਅਤੇ ਆਨਲਾਈਨ ਅਖ਼ਬਾਰ ‘7Th River’ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ।