ਬਾਪੂ ਦੇ ਬੂਟ

ਲੇਖਕ : ਅਲਫ਼ਾਜ਼

ਬਾਪੂ ਅਕਸਰ ਹੀ ਆਖਿਆ ਕਰਦਾ ਸੀ ਕਿ ਬਜ਼ੁਰਗ ਘਰ ਦੇ ਜਿੰਦੇ ਹੁੰਦੇ ਨੇ। ਉਹ ਉਸ ਰੁੱਖ ਵਰਗੇ ਹੁੰਦੇ ਨੇ ਜੋ ਫਲ ਚਾਹੇ ਦੇਵੇ ਨਾ, ਛਾਂ ਜ਼ਰੂਰ ਦਿੰਦੇ ਨੇ। ਇਹ ਗੱਲ ਦੀ ਸਹੀ ਵਿਆਖਿਆ ਮੈਨੂੰ ਬਾਪੂ ਦੇ ਜਾਣ ਤੋਂ ਬਾਅਦ ਸਮਝ ਆਈ।

ਬਾਪੂ ਨਾਲ ਮੇਰੇ ਵਿਚਾਰਕ ਵਖਰੇਵੇ ਭਾਵੇਂ ਅਕਸਰ ਹੀ ਰਹੇ, ਪਰ ਕੁਝ ਗੱਲਾਂ ਦਾ ਸਹੀ ਮਤਲਬ ਬਾਅਦ ਵਿੱਚ ਸਮਝ ਆਇਆ ਕਿ ਬਾਪੂ ਸਹੀ ਸੀ ਤੇ ਮੈਂ ਗਲਤ। ਹਾਲਾਂਕਿ ਕੁਝ ਗੱਲਾਂ ਵਿੱਚ ਬਾਪੂ ਖੁਦ ਨੂੰ ਝੁਕਾਉਂਦਾ ਨਹੀਂ ਸੀ ਤੇ ਮੈਂ ਵੀ ਆਕੜ ਕੇ ਰਹਿੰਦਾ ਸੀ।

ਨਿੱਕੇ ਹੁੰਦਿਆਂ ਉਹ ਬਹੁਤ ਸਖ਼ਤੀ ਵਿਖਾਉਂਦਾ ਸੀ। ਬਹੁਤ ਧੌੜੀ ਲੱਥਦੀ ਸੀ। ਬਾਹਰ ਰਹਿਣ ਦੇ ਬਾਵਜੂਦ ਵੀ ਉਸਦਾ ਨਾਮ ਹੀ ਦਹਿਸ਼ਤ ਸੀ। ਮੇਰੀ ਬੇਬੇ ਅਕਸਰ ਹੀ ਸ਼ਰਾਰਤ ਕਰਨ 'ਤੇ ਡਰਾਵਾ ਦਿੰਦੀ ਸੀ, "ਆ ਲੈਣ ਦੋ ਠੋਡੇ ਪਤੰਦਰ ਨੂੰ... ਦੱਸੂ ਪਤਾ।"

ਮੈਂ ਘਰ ਵਿੱਚ ਹਾਈਪਰ ਐਕਟਿਵ ਜ਼ਿਆਦਾ ਹੋਣ ਕਰਕੇ ਕੁਝ ਨਾ ਕੁਝ ਸ਼ਰਾਰਤ ਕਰ ਹੀ ਬੈਠਦਾ ਸੀ ਤੇ ਇਸ ਗੱਲੋਂ ਮੇਰੀ ਕੁੱਟ ਵੀ ਪੈਂਦੀ ਰਹਿੰਦੀ ਸੀ। ਮੈਂ ਹਮੇਸ਼ਾ ਹੀ ਪੜ੍ਹਾਈ ਵਿੱਚ ਅੱਵਲ ਰਿਹਾ। ਮੇਰਾ ਬਾਪ ਚਾਹੁੰਦਾ ਸੀ ਕਿ ਮੈਂ ਆਰਮੀ ਅਫ਼ਸਰ ਬਣਾਂ, ਪਰ ਮੇਰੀ ਕਿਸਮਤ ਵਿੱਚ ਉਹ ਨਹੀਂ ਸੀ।

ਬਾਪੂ ਨੇ ਬੀ.ਐੱਡ ਵੀ ਕਰਵਾਈ, ਪਰ ਮੈਂ ਟੈੱਟ ਪਾਸ ਕਰਕੇ ਵੀ ਮਾਸਟਰ ਨਾ ਲੱਗ ਸਕਿਆ। ਜਦੋਂ ਤੱਕ ਮੈਂ ਪੜ੍ਹਦਾ ਰਿਹਾ, ਬਾਪੂ ਨੇ ਕਦੇ ਧੁੱਪ-ਛਾਂ ਨਹੀਂ ਵੇਖੀ। ਜਦੋਂ ਮੈਂ ਦੇਰ ਰਾਤ ਘਰ ਆਉਂਦਾ ਤਾਂ ਉਹ ਜਾਗਦਾ ਮਿਲਦਾ। ਬਿੜਕ ਐਨੀ ਹੁੰਦੀ ਕਿ ਖੜਕਾਉਣ ਤੋਂ ਪਹਿਲਾਂ ਹੀ ਗੇਟ ਖੋਲ੍ਹ ਦੇਣਾ।

ਬਾਪੂ ਨੂੰ ਇਸ ਜਨਵਰੀ ਸਾਥ ਛੱਡਿਆ ਪੰਜ ਸਾਲ ਹੋ ਗਏ ਹਨ। ਬਾਪੂ ਕੀ ਸ਼ੈਅ ਸੀ, ਇਹ ਉਸਦੇ ਜਾਣ ਤੋਂ ਬਾਅਦ ਹੀ ਪਤਾ ਲੱਗਾ। ਉਹ ਪਿਆਰ ਕਿੰਨਾ ਕਰਦਾ ਸੀ, ਇਹ ਸ਼ਾਇਦ ਉਹਨੇ ਕਦੇ ਅਹਿਸਾਸ ਨਹੀਂ ਹੋਣ ਦਿੱਤਾ। ਜਦੋਂ ਪਤਾ ਲੱਗਾ ਤਾਂ ਬਾਪੂ ਬਹੁਤ ਦੂਰ ਜਾ ਚੁੱਕਾ ਸੀ।

ਮੈਂ ਬਾਹਰ ਸੀ ਜਦੋਂ ਬਾਪੂ ਦੀ ਮੌਤ ਹੋਈ। ਉਸੇ ਸ਼ਾਮ ਬਾਪੂ ਨੇ ਮੇਰੇ ਨਾਲ ਫੋਨ 'ਤੇ ਗੱਲ ਕੀਤੀ ਸੀ, ਭਾਵੇਂ ਉਹ ਉਨ੍ਹਾਂ ਦਿਨਾਂ ਵਿੱਚ ਮੇਰੇ ਨਾਲ ਨਾਰਾਜ਼ ਹੀ ਸੀ।

ਬਾਪੂ ਕਦੇ ਮੇਰੇ ਤੋਂ ਪੈਸਾ ਨਹੀਂ ਸੀ ਲੈਂਦਾ। ਉਹਦਾ ਇੱਕੋ ਜਵਾਬ ਹੁੰਦਾ ਸੀ, “ਤੂੰ ਆਪਣਾ ਸਾਰ… ਆਪਣਾ ਕਮਾ, ਆਪਣਾ ਖਾਹ।” ਪਰ ਹਾਂ, ਦੇ ਜ਼ਰੂਰ ਦਿੰਦਾ ਸੀ। ਇਸ ਕਰਕੇ ਮੈਂ ਆਪਣੀ ਮਰਜ਼ੀ ਨਾਲ ਉਹਦੇ ਲਈ ਕੱਪੜੇ ਜ਼ਰੂਰ ਬਣਾ ਦਿੰਦਾ ਸੀ।

ਗੱਲ 2018 ਦੀ ਹੈ। ਦੀਵਾਲੀ ਆਉਣ ਵਾਲੀ ਸੀ। ਮੈਂ ਬਾਪੂ ਨੂੰ ਕਿਹਾ ਕਿ ਇਸ ਵਾਰ ਆਪਾਂ ਦੋਵੇਂ ਇੱਕੋ ਜਿਹੇ ਪੇਪਰ ਕਾਟਨ ਦੇ ਕੁੜਤੇ-ਪਜਾਮੇ ਅਤੇ ਵਾਸਕਟ ਸਵਾਵਾਂਗੇ। ਪਰ ਬਾਪੂ ਨੇ ਮਨ੍ਹਾ ਕਰ ਦਿੱਤਾ। ਕਹਿੰਦਾ, “ਰਹਿਣ ਦੇ… ਮੈਂ ਸਵਾ ਲਏ ਆ।”

ਮੈਂ ਜ਼ੋਰ ਦੇ ਕੇ ਕਿਹਾ ਕਿ ਕੁਝ ਤਾਂ ਲੈਣਾ ਹੀ ਪੈਣਾ। ਫਿਰ ਬਾਪੂ ਕਹਿੰਦਾ, “ਫੋਨ ਤਾਂ ਮੇਰੇ ਕੋਲ ਨਵਾਂ ਹੀ ਆ… ਹਾਂ, ਜੇਕਰ ਤੂੰ ਲੈ ਕੇ ਹੀ ਦੇਣੇ ਆਂ ਤਾਂ ਇਸ ਵਾਰ ਮੈਨੂੰ ਬੂਟ ਲੈ ਦੇ।”

ਮੈਂ ਕਿਹਾ, “ਚੱਲ ਬਾਪੂ, ਕੱਲ੍ਹ ਆਪਾਂ ਮੋਗੇ ਚੱਲਾਂਗੇ। ਤਿਆਰ ਰਹੀਂ।”

ਅਗਲੇ ਦਿਨ ਬਾਪੂ ਜਿਹੜੇ ਬੂਟ ਲੈਣਾ ਚਾਹੁੰਦਾ ਸੀ, ਉਹ ਮੈਨੂੰ ਪਸੰਦ ਨਹੀਂ ਸਨ। ਆਖ਼ਰ ਬਾਪੂ ਨੇ ਮੇਰੀ ਪਸੰਦ ਦੇ ਡਾਰਕ ਬਲੂ ਰੰਗ ਦੇ ਸਨੀਕਰ ਲੈ ਲਏ। ਬੂਟ ਤਾਂ ਲੈ ਲਏ, ਪਰ ਸਾਰੇ ਰਾਹ ਉਹਨੂੰ ਇਸ ਗੱਲ ਦਾ ਝੋਰਾ ਰਿਹਾ ਕਿ ਮਹਿੰਗੇ ਬਹੁਤ ਨੇ। ਉਹ ਵਾਰ-ਵਾਰ ਕਹਿੰਦਾ ਰਿਹਾ ਕਿ ਮੈਂ ਤਾਂ ਥੋੜ੍ਹੇ ਪੈਸਿਆਂ ਵਾਲੇ ਲੈਣੇ ਸੀ।

ਘਰ ਆ ਕੇ ਬੇਬੇ ਨੂੰ ਵੀ ਕਹਿੰਦਾ ਰਿਹਾ, “ਇਹਨੇ ਮਹਿੰਗੇ ਲੈ ਦਿੱਤੇ।” ਜਦੋਂ ਬੇਬੇ ਨੇ ਕਿਹਾ, “ਕੋਈ ਨਾ, ਦਿਨ-ਦਿਹਾਰ ਆ।” ਤਾਂ ਕਿਤੇ ਜਾ ਕੇ ਉਹਦਾ ਮਨ ਠੰਡਾ ਹੋਇਆ। ਨਹੀਂ ਤਾਂ ਇਹੋ ਕਹਿੰਦਾ ਰਿਹਾ ਕਿ, “ਇਹਨੂੰ ਚੀਜ਼ ਲੈਣ ਦੀ ਅਕਲ ਨਹੀਂ, ਪੈਸੇ ਵੱਧ ਫੂਕ ਦਿੰਦਾ… ਮੈਂ ਮੰਡੀਓਂ ਐਨੇ ਦੇ ਲੈ ਆਉਣੇ ਸੀ।”

ਦੀਵਾਲੀ ਵਾਲੇ ਦਿਨ ਜਦੋਂ ਬਾਪੂ ਗੁਰਦੁਆਰਾ ਸਾਹਿਬ ਗਿਆ ਤਾਂ ਉਹ ਨਵੇਂ ਬੂਟ ਪਾ ਕੇ ਗਿਆ। ਮੈਂ ਹੱਸਦਿਆਂ ਕਿਹਾ, “ਬਾਪੂ, ਬੂਟ ਤਾਂ ਬੜੇ ਜੱਚਦੇ ਆ… ਭੱਜਿਆ ਹੀ ਜਾਂਦਾ ਸੀ।”

ਅੱਗੋਂ ਬਾਪੂ ਮੁਸਕਰਾ ਕੇ ਕਹਿੰਦਾ, “ਯਾਰ, ਆਰਾਮਦਾਇਕ ਬਹੁਤ ਆ।” ਉਸ ਤੋਂ ਬਾਅਦ ਮੈਂ ਬੂਟਾਂ ਬਾਰੇ ਭੁੱਲ ਗਿਆ ਅਤੇ ਕੁਝ ਸਮੇਂ ਬਾਅਦ ਬਾਹਰ ਚਲਾ ਗਿਆ।

ਬਾਪੂ ਦੇ ਭੋਗ ਤੋਂ ਬਾਅਦ ਅਸੀਂ ਉਹਦੇ ਕਮਰੇ ਵਿੱਚ ਬੈਠੇ ਸੀ। ਟਰੰਕ ਵਿੱਚ ਪਏ ਕਾਗਜ਼-ਪੱਤਰ ਵੇਖ ਰਹੇ ਸੀ ਕਿ ਟਰੰਕ ਦੇ ਇੱਕ ਕੋਨੇ ਵਿੱਚ ਉਹੀ ਨੀਲੇ ਸਨੀਕਰਾਂ ਦਾ ਜੋੜਾ ਡੱਬੇ ਸਮੇਤ ਪਿਆ ਸੀ। ਬੂਟਾਂ ਦੀ ਹਾਲਤ ਨਵੀਂ ਨਕੋਰ ਸੀ, ਜਿਵੇਂ ਵਰਤੇ ਹੀ ਨਾ ਹੋਣ। ਮੇਰੇ ਮਨ ਨੂੰ ਇੱਕ ਝਟਕਾ ਜਿਹਾ ਲੱਗਾ।

ਮੈਂ ਬੇਬੇ ਨੂੰ ਪੁੱਛਿਆ, “ਬਾਪੂ ਮੇਰੇ ਨਾਲ ਨਾਰਾਜ਼ ਕਰਕੇ ਉਹਨੇ ਬੂਟ ਨਹੀਂ ਸੀ ਪਾਏ?”

ਬੇਬੇ ਨੇ ਜਦੋਂ ਜਵਾਬ ਦਿੱਤਾ ਤਾਂ ਮੇਰੇ ਕਾਲਜੇ ਰੁੱਗ ਭਰਿਆ ਗਿਆ। ਮੈਂ ਤੜਫ ਕੇ ਰਹਿ ਗਿਆ। ਮੱਲੋ-ਮੱਲੀ ਅੱਖਾਂ ਵਿੱਚੋਂ ਪਾਣੀ ਦਾ ਸੈਲਾਬ ਵਹਿ ਤੁਰਿਆ। ਉਸ ਵਕਤ ਜੇ ਬਾਪੂ ਕੋਲ ਹੁੰਦਾ ਤਾਂ ਘੁੱਟ ਕੇ ਜੱਫੀ ਪਾ ਲੈਂਦਾ।

ਬੇਬੇ ਨੇ ਪਹਿਲਾਂ ਤਾਂ ਬਾਪੂ ਦੇ ਪਰਸ ਵਿੱਚੋਂ ਮੇਰੀ ਪਾਸਪੋਰਟ ਸਾਈਜ਼ ਫੋਟੋ ਕੱਢ ਕੇ ਵਿਖਾਈ ਤੇ ਕਹਿੰਦੀ, “ਆਹ ਵੇਖ... ਮੈਨੂੰ ਵੀ ਹੁਣ ਪਤਾ ਲੱਗਾ ਕਿ ਤੇਰਾ ਪਿਓ ਤੇਰੀ ਫੋਟੋ ਹਮੇਸ਼ਾ ਆਪਣੇ ਪਰਸ ਵਿੱਚ ਰੱਖਦਾ ਸੀ।”

ਫਿਰ ਬੇਬੇ ਨੇ ਬੂਟਾਂ ਵੱਲ ਇਸ਼ਾਰਾ ਕਰਦਿਆਂ ਕਿਹਾ, “ਬੂਟ ਉਹਨੇ ਇੱਕ-ਦੋ ਵਾਰ ਤਾਂ ਪਾਏ ਸਨ, ਪਰ ਫਿਰ ਟਾਕੀ ਮਾਰ ਕੇ ਸਾਫ਼ ਕਰਕੇ ਰੱਖ ਦਿੱਤੇ ਸੀ। ਕਹਿੰਦਾ ਸੀ, ‘ਮੇਰੇ ਪੁੱਤ ਨੇ ਲੈ ਕੇ ਦਿੱਤੇ ਆ ਐਨੇ ਮਹਿੰਗੇ ਬੂਟ... ਮੈਂ ਇਉਂ ਖਰਾਬ ਨਹੀਂ ਕਰਨੇ।’”

ਬੇਬੇ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਸਭ ਕੁਝ ਟੁੱਟਦਾ ਜਾ ਰਿਹਾ ਸੀ। ਉਹ ਅੱਗੇ ਕਹਿੰਦੀ, “ਤੇਰੇ ਜਾਣ ਤੋਂ ਮਗਰੋਂ ਰੋਜ਼ ਬੂਟ ਕੱਢ ਕੇ ਵੇਖਦਾ ਸੀ। ਬਥੇਰਾ ਕਿਹਾ ਕਿ ਪਾ ਲਿਆ ਕਰ, ਪਰ ਉਹ ਕਹਿੰਦਾ ਸੀ, ‘ਮੇਰੇ ਪੁੱਤ ਦੀ ਚੀਜ਼ ਮੈਂ ਖਰਾਬ ਨਹੀਂ ਕਰਨੀ।’ ਵੇਖ ਲੈ... ਉਹ ਆਪ ਤਾਂ ਤੁਰ ਗਿਆ, ਪਰ ਬੂਟਾਂ ਨੂੰ ਮਿੱਟੀ ਵੀ ਨਹੀਂ ਲੱਗਣ ਦਿੱਤੀ।”

ਮੈਂ ਭਰੀਆਂ ਅੱਖਾਂ ਨਾਲ ਉਹਨਾਂ ਬੂਟਾਂ ਨੂੰ ਉਵੇਂ ਹੀ ਨਿਹਾਰ ਰਿਹਾ ਸੀ, ਜਿਵੇਂ ਸ਼ਾਇਦ ਕਦੇ ਬਾਪੂ ਨਿਹਾਰਦਾ ਹੋਵੇ। ਮੇਰੀ ਜ਼ੁਬਾਨ ਠਾਕੀ ਜਿਹੀ ਗਈ ਸੀ। ਮੈਂ ਬਾਹਰ ਆ ਕੇ ਸੋਫ਼ੇ 'ਤੇ ਬੈਠ ਗਿਆ। ਸਾਹਮਣੇ ਕੰਧ 'ਤੇ ਟੰਗੀ ਬਾਪੂ ਦੀ ਤਸਵੀਰ ਮੇਰੇ ਵੱਲ ਵੇਖ ਰਹੀ ਸੀ। ਬੂਟਾਂ ਦਾ ਜੋੜਾ ਮੇਰੇ ਹੱਥਾਂ ਵਿੱਚ ਸੀ। ਕੁਝ ਪਲ ਉਹਨਾਂ ਨੂੰ ਤੱਕਦਾ ਰਿਹਾ ਤੇ ਫਿਰ ਭਰੇ ਮਨ ਨਾਲ ਉਵੇਂ ਹੀ ਟਰੰਕ ਵਿੱਚ ਰੱਖ ਦਿੱਤਾ।

ਤੇ ਉਹ ਦਿਨ ਗਿਆ… ਅੱਜ ਦਾ ਦਿਨ ਆ ਗਿਆ। ਬੂਟ ਤਾਂ ਅੱਜ ਵੀ ਉੱਥੇ ਹੀ ਪਏ ਨੇ… ਪਰ ਬਾਪੂ…


ਇਹ ਰਚਨਾ ਅਲਫ਼ਾਜ਼ ਦੀ ਹੈ, ਜੋ ਨਵਾਂ ਜ਼ਮਾਨਾ ਅਤੇ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ।