ਅਸਲੀ ਪਾਤਰ ਨਕਲੀ ਪਾਤਰ

ਲੇਖਕ : ਅਲਫ਼ਾਜ਼

ਗੱਲਾਂ ਕਰਨ ਕਹਾਣੀਆਂ, ਬੋਲਣ ਮੇਰੇ ਪਾਤਰ

ਕਹਾਣੀਆਂ ਜਦੋਂ ਗੱਲਾਂ ਕਰਦੀਆਂ ਨੇ ਤਾਂ ਲੱਗਦਾ ਗੱਲ ਤੇਰੀ ਮੇਰੀ ਹੋ ਰਹੀ ਤੇ ਉਹੀ ਚੰਗੀ ਲੱਗਦੀ ਗੱਲ ਕਹਾਣੀ ਨੂੰ ਸਮੇਂ ਤੋਂ ਪਾਰ ਪ੍ਰਤੀਨਿਧ ਬਣਾ ਦਿੰਦੀ ਹੈ। ਕਹਾਣੀ ਰਾਹੀਂ ਗੱਲਾਂ ਕਰਨ ਵਾਲੇ ਪਾਤਰ ਚੰਗੇ ਚੰਗੇ ਲੱਗਦੇ ਨੇ ਤਾਂ ਅਸੀਂ ਆਪਣਾ ਆਪ ਉਹਨਾਂ ਵਿੱਚੋਂ ਲੱਭਦੇ ਹਾਂ। ਨਿੱਜ ਤੋਂ ਸਮਾਜਿਕ ਹੋਈ ਕਹਾਣੀ ਇੱਕ ਪਾਤਰ ਰਾਹੀਂ ਕਈਆਂ ਦੀ ਬਣ ਜਾਂਦੀ ਹੈ। ਪਾਤਰ ਆਸੇ-ਪਾਸੇ ਤੁਰਦਾ ਮਹਿਸੂਸ ਹੁੰਦਾ ਹੈ, ਕਹਾਣੀ ਕਈ ਕਈ ਦਿਨ ਨਾਲੋ-ਨਾਲ ਚੱਲਦੀ ਹੈ, ਅਸਹਿਜ ਕਰਦੀ ਹੈ। ਕਲਾ ਵਰਤਦੀ ਹੈ, ਕਲਾਤਮਕ ਹੋ ਜਾਂਦੀ ਹੈ ਅਤੇ ਕਹਾਣੀ ਕਲਾਸੀਕਲ ਬਣ ਜਾਂਦੀ ਹੈ।

ਜਦੋਂ ਸੰਪਾਦਕ ਸਾਹਿਬ ਦਾ ਸੁਨੇਹਾ ਮਿਲਿਆ ਤਾਂ ਮੇਰੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠ ਖੜ੍ਹੇ ਹੋਏ। ਕਈ ਦਿਨ ਸੋਚਦਾ ਰਿਹਾ ਕਿ ਕਹਾਣੀ ਸਿਰਫ਼ ਕਹਾਣੀ ਹੁੰਦੀ ਹੈ? ਫਿਰ ਉਹਨਾਂ ਪਾਤਰਾਂ ਦਾ ਖਿਆਲ ਆਇਆ, ਜੋ ਕਹਾਣੀ ਦਾ ਹਿੱਸਾ ਬਣੇ, ਜਿਨ੍ਹਾਂ ਨਾਲ ਗੱਲ ਅੱਗੇ ਤੁਰੀ। ਸਭ ਤੋਂ ਪਹਿਲਾਂ ਮੈਂ ‘ਬੱਜੋਰੱਤਾ’ ਵਾਲੇ ਉਂਕਾਰਦੀਪ ਬਾਰੇ ਹੀ ਸੋਚਿਆ।

ਬਿਨਾਂ ਸ਼ੱਕ ਬਹੁਤ ਅਣਕਿਹਾ ਜਾਂ ਅਸਿੱਧਾ ਹੁੰਦਾ ਹੈ ਜੋ ਕਹਾਣੀ ਰਾਹੀਂ ਕਿਹਾ ਜਾਂਦਾ ਹੈ। ਜਦੋਂ ਮੈਂ ਕਹਾਣੀ ਲਿਖਣ ਦੀ ਸ਼ੁਰੂਆਤ ਕੀਤੀ ਤਾਂ ਕਹਾਣੀ ਮੈਨੂੰ ਇਸ ਕਰਕੇ ਵਧੀਆ ਲੱਗੀ ਕਿ ਜਿਸ ਮਸਲੇ ਬਾਰੇ ਮੈਂ ਕਦੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ, ਜਿਸ ਵਿਚਾਲੇ ਕੋਈ ਨਾ ਕੋਈ ਕੰਧ ਬਣ ਕੇ ਆ ਜਾਂਦੀ ਹੈ, ਉਸ ਸਭ ਦੇ ਵਿੱਚ ਕਹਾਣੀ ਆਪਣੀ ਗੱਲ ਰੱਖਣ ਦਾ ਸਭ ਤੋਂ ਵੱਡਾ ਤੇ ਵਧੀਆ ਜ਼ਰੀਆ ਹੈ।

ਇਸ ਰਾਹੀਂ ਬੇਬਾਕ ਤਰੀਕੇ ਨਾਲ ਬੋਲਿਆ ਜਾ ਸਕਦਾ ਹੈ ਅਤੇ ਇਸ ਸਭ ਰਾਹੀਂ ਮੇਰੇ ਪਾਤਰਾਂ ਨੇ ਮੇਰੀ ਮਦਦ ਕੀਤੀ। ਚਾਹੇ ਗਾਹੇ-ਬਗਾਹੇ ਮੈਂ ਉਹਨਾਂ ਵਿੱਚ ਖੜ੍ਹਾ ਸੀ ਅਤੇ ਬਹੁਤੇ ਥਾਂ ਪਾਤਰ ਆਪ ਬੋਲ ਗਏ। ਮੇਰੀ ਸਮਝ ਮੁਤਾਬਿਕ ਤਾਂ ਪਾਤਰ ਆਪ ਬੋਲਣ ਤਾਂ ਹੋਰ ਵੀ ਵਧੀਆ ਹੁੰਦਾ ਹੈ।

ਕਹਾਣੀ ਸਾਹਿਤ ਦੀ ਸਭ ਤੋਂ ਉੱਤਮ ਤੇ ਪ੍ਰਮਾਣਿਤ ਵਿਧਾ ਮੰਨੀ ਜਾਂਦੀ ਹੈ। ਇੱਕ ਨਿੱਕਾ ਜਿਹਾ ਅਨੁਭਵ ਜਾਂ ਵੱਖਰਾ ਵਿਸ਼ਾ ਕਹਾਣੀ ਬਣ ਕੇ ਸਾਡੇ ਸਾਹਮਣੇ ਆਉਂਦਾ ਹੈ ਤਾਂ ਇੱਕ ਪਾਠਕ ਵਜੋਂ ਅਸੀਂ ਅਸ਼-ਅਸ਼ ਕਰ ਉੱਠਦੇ ਹਾਂ। ਕਈ ਵਾਰ ਸੋਚਦੇ ਹਾਂ ਕਿ ਇਹ ਤਾਂ ਮੇਰੇ ਨਾਲ ਵੀ ਹੋਇਆ ਹੈ ਜਾਂ ਮੈਂ ਕਿਸੇ ਨਾਲ ਹੁੰਦਾ ਵੇਖਿਆ ਹੈ।

ਜਦੋਂ ਕਿਸੇ ਦੇ ਦਰਦ ਜਾਂ ਹਾਲਾਤ ਆਪਣੇ ਵਰਗੇ ਲੱਗਦੇ ਹਨ ਅਤੇ ਦ੍ਰਿਸ਼ ਹੂ-ਬ-ਹੂ ਸਾਡੇ ਸਾਹਮਣੇ ਸਿਰਜੇ ਜਾਂਦੇ ਹਨ ਤਾਂ ਉਹ ਕਹਾਣੀ ਦੀ ਅਸਲ ਪ੍ਰਾਪਤੀ ਹੁੰਦੀ ਹੈ। ਇਹ ਸਭ ਪਾਤਰ ਉਸਾਰੀ ਕਰਕੇ ਹੀ ਸੰਭਵ ਹੁੰਦਾ ਹੈ। ਕਿਸੇ ਵੀ ਪਾਤਰ ਦੀ ਸ਼ੈਲੀ ਅਤੇ ਬੋਲਚਾਲ ਕਹਾਣੀ ਨੂੰ ਅਮਰ ਬਣਾ ਦਿੰਦੀ ਹੈ। ਜਿਵੇਂ ‘ਬੱਜੋਰੱਤਾ’ ਪੜ੍ਹਨ ਵਾਲੇ ਬਹੁਤੇ ਪਾਠਕ ਉਂਕਾਰਦੀਪ ਨਾਲ ਆਪਣੀ ਤੁਲਨਾ ਕਰਦੇ ਹਨ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਡੇ ਨਾਲ ਹੀ ਵਾਪਰਿਆ ਹੋਇਆ ਹੈ।

ਕਹਾਣੀ ਦੇ ਪਾਤਰ ਕਦੇ ਵੀ ਨਕਲੀ ਨਹੀਂ ਹੁੰਦੇ। ਹਾਂ, ਸਿਰਜੇ ਜ਼ਰੂਰ ਜਾਂਦੇ ਹਨ—ਜ਼ਰੂਰਤ ਮੁਤਾਬਿਕ। ਮੇਰੇ ਹਿਸਾਬ ਨਾਲ ਕਈ ਵਾਰ ਸਾਨੂੰ ਅਨੁਭਵ ਹੀ ਨਹੀਂ ਹੋਇਆ ਹੁੰਦਾ ਜਾਂ ਯਥਾਰਥ ਬੋਧ ਨਹੀਂ ਹੁੰਦਾ। ਉਸ ਸਮੇਂ ਲੱਗਦਾ ਹੈ ਕਿ ਅਧਿਐਨ ਕਰ ਲਿਆ ਜਾਵੇ ਤਾਂ ਬਿਹਤਰ ਹੈ।

ਇਹ ਸਭ ਲਈ ਮੇਰਾ ਜ਼ੋਰ ਉਦੋਂ ਲੱਗਿਆ ਜਦੋਂ ਮੈਂ ‘ਇਨਫਲੂਏਂਸਰ’ ਕਹਾਣੀ ਲਿਖੀ। ਹਾਲਾਂਕਿ ਇਹ ਸਭ ਦਾ ਅਨੁਭਵ ਨਵਾਂ ਨਹੀਂ ਸੀ। ਇੱਕ ਮਾਡਲ ਜਾਂ ਨਿਰਦੇਸ਼ਕ ਵਜੋਂ ਭਾਵੇਂ ਬਹੁਤ ਕੁਝ ਸਿੱਖਿਆ ਸੀ, ਪਰ ‘ਬਿੱਲੀ’ ਇੱਕ ਔਰਤ ਪਾਤਰ ਸੀ ਤਾਂ ਮੇਰੇ ਲਈ ਔਖੇਪਣ ਦੀ ਗੱਲ ਇਹ ਸੀ ਕਿ ਉਹ ਕਿਹੜੀ ਗੱਲ ਸੀ ਜਿਸ ਕਰਕੇ ਨਿੱਜੀ ਪਲਾਂ ਦੀ ਵੀਡੀਓ ਲੀਕ ਹੋਣ ਦੇ ਬਾਵਜੂਦ ਵੀ ਉਹਦੇ ਅੰਦਰ ਨਮੋਸ਼ੀ ਵਰਗਾ ਕੁਝ ਨਹੀਂ ਸੀ।

ਇਹੋ ਜਿਹਾ ਕੀ ਸੀ ਕਿ ਸਾਡੇ ਸਮਾਜ ਵਿੱਚ ਵਿਚਰ ਰਹੀ ਲੜਕੀ ਲਈ ਹਾਲੇ ਵੀ ਨਿਸ਼ਾਨਾ ਉਹੀ ਹੈ ਜੋ ਉਹਦੇ ਨਾਲ ਇਹ ਸਭ ਹੋਣ ਤੋਂ ਪਹਿਲਾਂ ਸੀ ਅਤੇ ਉਹ ਤੇਜ਼ੀ ਨਾਲ ਸਭ ਤੋਂ ਉੱਭਰ ਕੇ ਟੀਚਾ ਪ੍ਰਾਪਤੀ ਵੱਲ ਵੱਧਦੀ ਹੈ। ਕਹਾਣੀ ਦੀ ਸਿਰਜਣਾ ਦੌਰਾਨ ਮੈਂ ‘ਰਿਵਰਸ ਮੋਡ’ ਵਿੱਚ ਚਲਾ ਗਿਆ। ਛੱਡ ਚੁੱਕੇ ਫਲੈਟ ਵਿੱਚ ਕਈ ਦਿਨ ਫਿਰ ਤੋਂ ਬਿਤਾਏ, ਇਹ ਜਾਣਨ ਲਈ ਕਿ ਸਾਲ-ਡੇਢ ਸਾਲ ਵਿੱਚ ਬਹੁਤ ਕੁਝ ਬਦਲਿਆ ਤਾਂ ਨਹੀਂ।

ਇੱਕ ਸੰਘਰਸ਼ ਕਰ ਰਹੇ ਕਲਾਕਾਰਾਂ ਦੀ ਮਾਨਸਿਕ ਅਵਸਥਾ ਕਿਵੇਂ ਹੈ, ਸੋਚਣ ਸ਼ਕਤੀ ਵਿੱਚ ਕੀ ਤਬਦੀਲੀ ਆਈ ਹੈ, ਤਕਨਾਲੋਜੀ ਵਿੱਚ ਨਵਾਂ ਕੀ ਹੈ, ਪੌਡਕਾਸਟ ਰੁਜ਼ਗਾਰ ਬਣਨ ਲੱਗਿਆ ਹੈ—ਇਹ ਸਭ ਸਮਝਣ ਦੀ ਕੋਸ਼ਿਸ਼ ਕੀਤੀ। ਜਦੋਂ ਸਭ ਸੋਚ ਲਿਆ ਤਾਂ ਅੱਗੇ ਮੁਸ਼ਕਿਲ ਸੀ ਕਿ ਬਿੱਲੀ ਦੀ ਕਹਾਣੀ ਸੁਣਾਵੇ ਕੌਣ? ਹਰ ਕੋਈ ਆਪਣੀ ਵਡਿਆਈ ਤਾਂ ਕਰ ਸਕਦਾ ਹੈ ਪਰ ਕਦੇ ਵੀ ਆਪਣੀ ਬੁਰਾਈ ਨਹੀਂ ਕਰਦਾ।

ਉਹਦੀ ਸੋਚ, ਅਨੁਭਵ ਅਤੇ ਸੰਗਤ ਉਹਨੂੰ ਹਮੇਸ਼ਾ ਠੀਕ ਹੀ ਕਹਿੰਦੀ ਹੈ। ਬਿੱਲੀ ਦੀ ਕਹਾਣੀ ਤਾਂ ਫਿਰ ਵੀ ਬਿੱਲੀ ਨੇ ਕਦੇ ਆਪਣੇ ਮੂੰਹ ਨਾਲ ਨਹੀਂ ਸੀ ਆਖ ਸਕਣੀ। ਉੱਥੇ ਮੈਂ ਖੁਦ ਵੀ ਕਿਸੇ ਨੇਮ ਜਾਂ ਜਾਪ ਵਿੱਚ ਬੱਝਿਆ ਹੋਇਆ ਮਹਿਸੂਸ ਕਰ ਰਿਹਾ ਸੀ। ਇਸ ਸਭ ਲਈ ਮੈਨੂੰ ‘ਮਨੀ’ ਪਾਤਰ ਚੁਣਨਾ ਪਿਆ।

‘ਮਨੀ’ ਵਰਗੇ ਕਈ ਪਾਤਰਾਂ ਨੂੰ ਮੈਂ ਮਿਲ ਚੁੱਕਿਆ ਸੀ ਅਤੇ ਇਸ ਨਾਮ ਦੇ ਕਈ ਮਿੱਤਰ ਵੀ ਸਨ। ਮਨੀ ਦੀ ਅਸਲ ਕਹਾਣੀ ਪਤਾ ਸੀ, ਹਾਲਾਂਕਿ ਉਹ ਵੱਖਰੀ ਸੀ, ਪਰ ਮੈਨੂੰ ਢੁਕਵੀਂ ਲੱਗੀ ਕਿ ਉਹ ਬਿੱਲੀ ਦੀ ਕਹਾਣੀ ਸੁਣਾ ਸਕੇ। ਹਾਲਾਂਕਿ ਦੋਵੇਂ ਪਾਤਰ ਮੈਨੂੰ ‘ਗਾਰਡੀਅਨ ਏਂਜਲ’ ਕਹਾਣੀ ਦੀਆਂ ਰੀਤ ਅਤੇ ਮੀਨੂੰ ਵਰਗੀਆਂ ਹੀ ਜਾਪ ਰਹੀਆਂ ਸਨ।

ਪਰ ਜਦੋਂ ਮੈਂ ਮਨੀ ਬਾਰੇ ਸੋਚ ਰਿਹਾ ਸੀ ਤਾਂ ਮੈਂ ਪਹਿਲਾਂ ਅਨੁਭਵ ਦੀ ਐਨਕ ਨਾਲ ਮਨੀ ਦੀਆਂ ਅੱਖਾਂ ਵਿੱਚੋਂ ਹੀ ਝਾਕਿਆ ਕਿ ਇੰਨਾ ਸਭ ਹੋਣ ਦੇ ਬਾਵਜੂਦ ਉਹ ਆਪਣੀ ਦੋਸਤ ਦਾ ਪੱਖ ਲਵੇਗੀ ਜਾਂ ਉਸ ਨੂੰ ਮਾੜਾ ਕਹੇਗੀ? ਬਿਲਕੁਲ ਉਵੇਂ ਜਿਵੇਂ ਰੀਤ ਅਤੇ ਮੀਨੂੰ ਇੱਕ-ਦੂਜੇ ਦੀਆਂ ਰਾਜ਼ਦਾਰ ਸਨ, ਕਿਤੇ ਨਾ ਕਿਤੇ ਇੱਕ ਸਾੜਾ ਵੀ ਰੱਖਦੀਆਂ ਸਨ ਜੋ ਬਾਹਰ ਨਹੀਂ ਸੀ ਆਉਣ ਦਿੰਦੀਆਂ।

ਉੱਥੇ ਮੈਂ ਦੋਵਾਂ ਕਹਾਣੀਆਂ ਵਿੱਚ ਕਿਤੇ ਨਾ ਕਿਤੇ ਅੰਦਰਲੇ ਲੇਖਕ ਤੋਂ ਪਹਿਲਾਂ ਖੁਦ ਉਸ ਥਾਂ ਖੜ੍ਹਾ ਸੀ। ਬਿੱਲੀ ਅਤੇ ਮਨੀ ਵਿੱਚ ਮੈਂ ਮਨੀ ਦੀ ਥਾਂ ਆ ਕੇ ਰੁਕ ਗਿਆ ਸੀ। ਕਹਾਣੀ ਸਿਰਜਣ ਦਾ ਪਹਿਲੂ ਵੀ ਦਿਮਾਗ ਵਿੱਚ ਸੀ ਅਤੇ ‘ਗਾਰਡੀਅਨ ਏਂਜਲ’ ਵਿੱਚ ਜੈ ਰਾਹੀਂ ਮੈਨੂੰ ਆਪਣੇ ਆਪ ਦਾ ਵੀ ਝਲਕਾਰਾ ਲੱਗਿਆ ਸੀ।

ਭਾਵੇਂ ਸਮਾਂ ਲਿਵ-ਇਨ ਦਾ ਹੈ, ਪਰ ਜੇ ਮਨੀ ਦੀ ਥਾਂ ਕੋਈ ਮਰਦ ਪਾਤਰ ਕਹਾਣੀ ਸੁਣਾਉਂਦਾ ਤਾਂ ਇੰਨੀ ਸੂਖਮਤਾ ਨਾਲ ਗੱਲ ਨਾ ਹੋ ਸਕਦੀ। ਮਨੀ ਨੂੰ ਵਿੱਚ ਲੈ ਕੇ ਆਉਣ ਨਾਲ ਹੀ ਕਹਾਣੀ ਮੁਕੰਮਲ ਹੋਈ। ਮਨੀ ਅਤੇ ਬਿੱਲੀ ਵਿਚਕਾਰ ਦੀ ਸਪੇਸ ਹੀ ਕਹਾਣੀ ਨੂੰ ਅੱਗੇ ਤੋਰਦੀ ਗਈ। ਹਾਂ, ਬਿੱਲੀ ਜਿਵੇਂ ਅਸਲ ਸੀ ਉਵੇਂ ਦੀ ਰਹੀ, ਪਰ ਮਨੀ ਦੇ ਕੁਝ ਗੁਣ ਹੋਰ ਦੋ-ਚਾਰ ਲੋਕਾਂ ਤੋਂ ਉਧਾਰੇ ਲੈਣੇ ਪਏ।

‘ਗਾਰਡੀਅਨ ਏਂਜਲ’ ਦੀ ਸਿਰਜਣਾ ਦੌਰਾਨ ਪਹਿਲੀ ਚੋਣ ਸਿੰਗਲੇ ਅਤੇ ਮੀਨੂੰ ਦੀ ਹੀ ਕਰ ਲਈ ਸੀ। ਪਰ ਫਿਰ ਲੱਗਿਆ ਕਿ ਇੰਨਾ ਕੁ ਕਾਫ਼ੀ ਨਹੀਂ। ਵੱਡੇ ਸ਼ਹਿਰਾਂ ਵਿੱਚ, ਜਿੱਥੇ ਪਦਾਰਥਵਾਦੀ ਕੀਮਤਾਂ ਭਾਰੀ ਪੈ ਰਹੀਆਂ ਹੋਣ, ਉੱਥੇ ਅਸਲ ਮਾਨਸਿਕਤਾ ਅਤੇ ਸੱਚ ਵਿਖਾਉਣ ਲਈ ਦੋਹਰੇ ਕਿਰਦਾਰ ਵਾਲੇ ਪਾਤਰਾਂ ਦੀ ਲੋੜ ਸੀ ਅਤੇ ਇਹਨਾਂ ਅੱਗੇ ਪੁਲ ਵਾਂਗ ਵਿਛਣ ਲਈ ਮਹਾਂਬੀਰ ਵਰਗੇ ਤੀਜੇ ਪਾਤਰ ਦੀ ਵੀ।

‘ਗਾਰਡੀਅਨ ਏਂਜਲ’ ਦਾ ਸ਼ੁਰੂਆਤੀ ਨਾਮ ‘ਸ਼ੂਗਰ ਡੈਡੀ’ ਸੀ। ਪਰ ਸੋਸ਼ਲ ਮੀਡੀਆ 'ਤੇ ਗੱਲ ਚੱਲਦਿਆਂ ਇੱਕ ਕਹਾਣੀਕਾਰ ਦਾ ਸੁਨੇਹਾ ਆਇਆ ਕਿ ਉਹ ਇਸੇ ਨਾਮ ਨਾਲ ਪਹਿਲਾਂ ਹੀ ਕਹਾਣੀ ਲਿਖ ਚੁੱਕੇ ਹਨ। ਫਿਰ ਮੈਂ ਪਹਿਲਾਂ ਨਾਮ ਬਦਲਿਆ ਅਤੇ ਬਾਅਦ ਵਿੱਚ ਕਹਾਣੀ ਵੀ ਪੜ੍ਹੀ ਕਿ ਕਿਤੇ ਕੁਝ ਮਿਲਦਾ-ਜੁਲਦਾ ਤਾਂ ਨਹੀਂ।

ਫਿਰ ਕਹਾਣੀ ਸਿਰਜਣ ਵੇਲੇ ਇਹੀ ਸੋਚਿਆ ਕਿ ਪਾਤਰਾਂ ਦੇ ਮਾੜੇ ਪਹਿਲੂ ਕਿਵੇਂ ਉਭਾਰੇ ਜਾਣ। ਨਾ ਤਾਂ ਸਿੰਗਲੇ ਨੇ ਖੁਦ ਨੂੰ ਮਾੜਾ ਕਹਿਣਾ ਸੀ ਅਤੇ ਨਾ ਹੀ ਮੀਨੂੰ ਨੇ ਆਪਣੀ ਮਨਸ਼ਾ ਸਾਫ਼ ਕਰਨੀ ਸੀ। ਦੋਵੇਂ ਪਾਤਰ ਯਥਾਰਥ ਦੇ ਬਹੁਤ ਨੇੜੇ ਸਨ, ਪਰ ਕਹਾਣੀ ਪੱਖ ਤੋਂ ਕਦੇ ਵੀ ਯਥਾਰਥ ਹੀ ਸਾਹਿਤ ਨਹੀਂ ਹੁੰਦਾ। ਚੰਗੇ ਗਹਿਣੇ ਲਈ ਵੀ ਖੋਟ ਮਿਲਾਉਣੀ ਪੈਂਦੀ ਹੈ ਅਤੇ ਇਹ ਵੀ ਕਿਸੇ ਸੁਨਿਆਰੇ ਦਾ ਹੁਨਰ ਹੁੰਦਾ ਹੈ ਕਿ ਖੋਟ ਕਿਵੇਂ ਅਤੇ ਕਿੰਨੀ ਮਿਲਾਉਣੀ ਹੈ।

ਇਹੀ ਖੋਟ ਭਰਨ ਲਈ ਜਾਂ ਕਹਾਣੀ ਦਾ ਸੰਤੁਲਨ ਰੱਖਣ ਲਈ ਮੈਂ ਜੈਇੰਦਰ ਜਾਂ ਰੀਤ ਦੀ ਸਿਰਜਣਾ ਕੀਤੀ। ‘ਦਿਮਾਗ ਵਿੱਚੋਂ ਕਾਹਲ ਤੇ ਫਿਰ ਵੀ ਸਹਿਜ ਹੋਣ ਦਾ ਯਤਨ’ ਅਤੇ ‘ਸੱਚ ਹੋਣ ਦੇ ਬਾਵਜੂਦ ਵੀ ਅਣਜਾਣੇ ਹੋਣ ਦਾ ਦਿਖਾਵਾ’—ਇਹੀ ਲੱਛਣ ਜੈਇੰਦਰ ਦੇ ਚਰਿੱਤਰ ਵਿੱਚ ਲਿਆਂਦੇ ਗਏ। ਸਵਾਲ ਇੱਥੇ ਵੀ ਪ੍ਰੇਸ਼ਾਨ ਕਰ ਗਿਆ, ਜਦੋਂ ਜੈਇੰਦਰ ਵਰਗੇ ਬਹੁਤ ਪਾਤਰ ਮੇਰੇ ਸਾਹਮਣੇ ਖੜ੍ਹੇ ਸਨ, ਪਰ ਜੇ ਇਹੋ ਜਿਹਾ ਜੈਇੰਦਰ ਮੈਂ ਭਾਲਦਾ ਸੀ ਤਾਂ ਮੈਨੂੰ ਲੱਗਿਆ ਕਿ ਮੇਰੇ ਵਿਅਕਤੀਤਵ ਵਿੱਚ ਵੱਧ ਹੈ। ਬਹੁਤ ਕੁਝ ਮੇਰੇ ਨਾਲੋਂ ਵੱਖ ਵੀ ਸੀ, ਪਰ ਉਹਦਾ ਸੁਭਾਅ ਅਤੇ ਬੋਲਚਾਲ ਆਪ ਮੁਹਾਰੇ ਉਸਨੂੰ ਉਵੇਂ ਦਾ ਸਿਰਜ ਗਏ।

ਹਾਲਾਂਕਿ ਕੁਝ ਕਹਾਣੀਆਂ ਵਿੱਚ ਗੱਲ ਮੇਰੇ ਆਪਣੇ ਉੱਤੇ ਲਾਗੂ ਨਹੀਂ ਹੋਈ। ਖਾਸ ਕਰ ਜਦੋਂ ਮੈਂ ‘ਬੱਜੋਰੱਤਾ’ ਅਤੇ ‘ਡੋਪਾਮਾਈਨ’ ਦੀ ਗੱਲ ਕਰਦਾ ਹਾਂ। ‘ਬੱਜੋਰੱਤਾ’ ਬਹੁਤ ਸਮੇਂ ਤੋਂ ਮੇਰੇ ਨਾਲ-ਨਾਲ ਚਲਦੀ ਰਹੀ ਹੈ ਅਤੇ ਮੈਂ ਕਈ ਵਾਰ ਕੋਸ਼ਿਸ਼ ਕੀਤੀ ਸੀ ਕਿ ਇਸ ਬਾਰੇ ਲਿਖਾਂ ਜਾਂ ਗੱਲ ਕਰਾਂ। ਪਰ ਜਦੋਂ ਸਿਰਜਣ ਦੀ ਵਾਰੀ ਆਈ ਤਾਂ ਮੈਨੂੰ ਖੁਦ ਹੀ ਨਹੀਂ ਸੀ ਪਤਾ ਕਿ ਉਹ ਯਥਾਰਥ ਦਾ ਉਹ ਰੂਪ ਸੀ, ਜੋ ਮੈਂ ਜਿਵੇਂ ਵੀ ਵੇਖਿਆ, ਉਵੇਂ ਹੀ ਲਿਖ ਦਿੱਤਾ।

ਮੈਨੂੰ ਕੁਝ ਵੀ ਸਮਝ ਨਹੀਂ ਸੀ ਕਿ ਉਂਕਾਰਦੀਪ ਬਾਰੇ ਅਜਿਹਾ ਵੀ ਕੀ ਹੈ ਜੋ ਮੈਂ ਲੁਕੋ ਸਕਾਂ। ਮੈਂ ਉਹਦੇ ਭਾਵ ਇਨ-ਬਿਨ ਹੀ ਉਤਾਰ ਦਿੱਤੇ ਸਨ। ਉਂਕਾਰਦੀਪ ਦੇ ਵਲਵਲੇ ਉਕੇਰਨ ਵੇਲੇ ਸ਼ਾਇਦ ਮੈਂ ਖੁਦ ਵੀ ਨਮੋਸ਼ੀ ਦੇ ਦੌਰ ਵਿੱਚ ਸੀ। ਕੁਝ ਚੀਜ਼ਾਂ ਉਸ ਮਾਹੌਲ ਦੀ ਅਵਸਥਾ ਨਾਲ ਹੀ ਸਮਝੀਆਂ ਜਾ ਸਕਦੀਆਂ ਹਨ। ‘ਬੱਜੋਰੱਤਾ’ ਵਿੱਚ ਐਨਾ ਡੂੰਘਾ ਉਤਰਨਾ ਮੇਰੇ ਆਪਣੇ ਦੁਖੀ ਹੋਣ ਦਾ ਵੀ ਕਾਰਨ ਸੀ ਅਤੇ ਉਸੇ ਆਲਮ ਵਿੱਚ ਮੇਰੇ ਕੋਲੋਂ ‘ਬੱਜੋਰੱਤਾ’ ਸਿਰਜ ਹੋਈ।

ਮੈਂ ਜਿਉਂ ਦਾ ਤਿਉਂ ਸਿਰਜ ਦਿੱਤਾ। ਹਾਲਾਂਕਿ ਜਿੱਥੇ ਉਂਕਾਰਦੀਪ ਦਾ ਪਿਓ ਉਸ ਨੂੰ ਸਿੱਧਾ ਹੀ ‘ਲੰਗੜਿਆ’ ਕਹਿ ਕੇ ਸੰਬੋਧਨ ਕਰਦਾ ਹੈ, ਉੱਥੇ ਅਕਸਰ ਹੀ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਕਿ ਕੀ ਇਹ ਸਭ ਸੋਚ-ਸਮਝ ਕੇ ਸੀ? ਜੇ ਦੁਨੀਆ ਵਿੱਚ ਅੱਠ ਅਰਬ ਲੋਕ ਮੌਜੂਦ ਹਨ ਤਾਂ ਦਿਮਾਗ ਵੀ ਉਨੇ ਹੀ ਹਨ। ਮਨੁੱਖ ਹੋਣ ਦੇ ਨਾਤੇ ਸਾਨੂੰ ਲੱਗਦਾ ਹੈ ਕਿ ਸਭ ਮੇਰੇ ਵਾਂਗ ਹੀ ਸੋਚਦੇ ਹੋਣਗੇ।

ਹਾਲਾਂਕਿ ਉਂਕਾਰਦੀਪ ਦਾ ਪਿਓ ਖਿੱਝ ਵਿੱਚ ਉਵੇਂ ਹੀ ਸਹਿਜ ਸੁਭਾਅ ਕਹਿ ਦਿੰਦਾ ਹੈ, ਜਿਵੇਂ ਆਖ਼ਰ ਵਿੱਚ ਉਹਦੀ ਮਾਂ ਆਖਦੀ ਹੈ। ਦੋਵਾਂ ਦੇ ਗੱਲ ਕਹਿਣ ਵਿੱਚ ਬੱਸ ਮੂਡ ਅਤੇ ਹਾਲਾਤ ਦਾ ਹੀ ਫ਼ਰਕ ਹੈ। ਕੋਈ ਵੀ ਮਾਂ-ਪਿਓ ਕਦੇ ਔਲਾਦ ਦਾ ਮਾੜਾ ਨਹੀਂ ਸੋਚਦਾ। ਮੇਰੇ ਦਿਮਾਗ ਵਿੱਚ ਪਿਓ ਦੀ ਛਵੀ ਇਹੋ ਜਿਹੀ ਹੈ ਕਿ ਉਹ ਆਪਣੀ ਔਲਾਦ ਤੋਂ ਹੀ ਸਭ ਤੋਂ ਵੱਧ ਉਮੀਦ ਰੱਖਦਾ ਹੈ ਅਤੇ ਕਈ ਵਾਰ ਖਿਝ ਵੀ ਜਾਂਦਾ ਹੈ। ਹੋਰ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਦਿਲ ਵਿੱਚ ਕੁਝ ਮਾੜਾ ਹੁੰਦਾ ਹੈ।

ਇਵੇਂ ਹੀ ‘ਡੋਪਾਮਾਈਨ’ ਲਿਖਣ ਵੇਲੇ ਦੋ ਪਾਤਰ ਮੇਰੇ ਦਿਮਾਗ ਵਿੱਚ ਸਨ—ਡੋਪਾਮਾਈਨ ਅਤੇ ਸਿਮਰ। ਹਾਲਾਂਕਿ ਇਹ ਅੱਤਕਥਨੀ ਲੱਗੇਗੀ ਕਿ ਡੋਪਾਮਾਈਨ, ਜੋ ਇੱਕ ਹਾਰਮੋਨ ਹੈ, ਉਹ ਵੀ ਕੋਈ ਪਾਤਰ ਹੋ ਸਕਦਾ ਹੈ, ਪਰ ਮੇਰੀ ਕਹਾਣੀ ਸਾਰੀ ਉਸੇ ਦੇ ਆਲੇ-ਦੁਆਲੇ ਸੀ। ਸਿਮਰ ਦੇ ਦਿਮਾਗ ਵਿੱਚ ਚੱਲਦਾ ਸੰਵਾਦ ਅਤੇ ਉਹਦੇ ਸੁਭਾਅ ਦੀ ਖਿਝ ਸਮੇਂ ਦੇ ਹਾਲਾਤਾਂ ਵਿੱਚੋਂ ਹੀ ਉਪਜੀ ਸੀ।

ਜਿਸ ਵੇਲੇ ਚੜ੍ਹਦੇ ਹੀ ਇੰਟਰਨੈੱਟ ਬੰਦ ਹੋਣ ਦਾ ਸੁਨੇਹਾ ਆਇਆ ਸੀ, ਇਹ ਸਭ ਸਹਿਜ ਰੂਪ ਦਾ ਹੀ ਹਿੱਸਾ ਸੀ। ਇੰਟਰਨੈੱਟ ਨਾ ਚੱਲਣ ਦਾ ਦੁੱਖ ਅਤੇ ਅੰਦਰਲਾ ਸੰਵਾਦ ਬਰਾਬਰ ਤੱਕ ਚੱਲ ਰਿਹਾ ਸੀ। ‘ਸਟਰੇਂਜਰ’ ਕਹਾਣੀ ਸਿਰਜਣ ਲੱਗਿਆਂ ਮੇਰੇ ਦਿਮਾਗ ਵਿੱਚ ਇਹ ਜ਼ਰੂਰ ਸੀ ਕਿ ਪਰਚਾਰੇ ਜਾ ਰਹੇ ਰਿਵਰਸ ਮਾਈਗ੍ਰੇਸ਼ਨ ਦੇ ਪਹਿਲੂਆਂ ਬਾਰੇ ਗੱਲ ਕੀਤੀ ਜਾਵੇ।

ਇੱਥੇ ਮੇਰੇ ਕੋਲ ਇੱਕ ਪੀੜ੍ਹੀ ਤੱਕ ਦੀ ਕਹਾਣੀ ਸੀ, ਜੋ ਪ੍ਰਵਾਸ ਦਾ ਦੁੱਖ ਹੰਢਾ ਚੁੱਕੀ ਸੀ ਅਤੇ ਇੱਕ ਪੀੜ੍ਹੀ ਸਾਡੀ ਸੀ, ਜੋ ਦੌੜ ਵੱਲ ਪਈ ਹੋਈ ਹੈ। ਮੇਰੇ ਦਿਮਾਗ ਵਿੱਚ ਪਿੰਡ ਤੋਂ ਵੱਡੇ ਸ਼ਹਿਰ ਵੱਲ ਪ੍ਰਵਾਸ ਦੀ ਇੱਕ ਅਸਲ ਕਹਾਣੀ ਜ਼ਰੂਰ ਸੀ। ਉਸ ਵੱਲ ਵੇਖ ਮੇਰੇ ਮਾਮੇ ਨੇ ਕਈ ਵਾਰ ਇਸ ਬਾਰੇ ਗੱਲ ਕੀਤੀ ਅਤੇ ਉੱਥੋਂ ਹੀ ‘ਸਟਰੇਂਜਰ’ ਦੀ ਸਿਰਜਣਾ ਹੁੰਦੀ ਹੈ।

ਇਸ ਕਹਾਣੀ ਬਾਰੇ ਗੱਲ ਕਰਦੇ ਹੋਏ ਇਹ ਵੀ ਮਹਿਸੂਸ ਕੀਤਾ ਕਿ ‘ਸਟਰੇਂਜਰ’ ਤਾਂ ਹਰ ਕੋਈ ਆਪਣੀ-ਆਪਣੀ ਥਾਂ ਹੈ। ਬੇਗਾਨਗੀ ਦਾ ਅਹਿਸਾਸ ਕਿਵੇਂ ਹੁੰਦਾ ਹੈ—ਇਹ ਸਭ ਉਸ ਦੀ ਸਿਰਜਣਾ ਵਿੱਚ ਵੱਡਾ ਰੋਲ ਅਦਾ ਕਰਦਾ ਹੈ। ਇੱਥੇ ਆ ਕੇ ਪਹਿਲਾਂ ਮੈਂ ਮਾਮੇ ਦੀ ਗੱਲ ਤੋਰਦਾ-ਤੋਰਦਾ ਕਿਸੇ ਹੋਰ ਵਿਦੇਸ਼ੀ ਰਿਸ਼ਤੇਦਾਰ ਦੇ ਗੁਣਾਂ ਨੂੰ ਰਲਗੱਡ ਕਰਕੇ ‘ਹਰਜੀਤ’ ਦੀ ਸਿਰਜਣਾ ਕਰਦਾ ਹਾਂ, ਜਿੱਥੇ ਉਹ ਆਪ ਆਪਣੀ ਕਹਾਣੀ ਬਿਆਨ ਕਰਦਾ ਹੈ।

ਹਾਲਾਂਕਿ ਪਹਿਲਾਂ ਮੈਂ ਕਿਸੇ ਔਰਤ ਪਾਤਰ ਰਾਹੀਂ ਕਹਾਣੀ ਬਿਆਨ ਕਰਨਾ ਚਾਹੁੰਦਾ ਸੀ, ਜੋ ਮੇਰੇ ਦਿਮਾਗ ਵਿੱਚ ਵੀ ਸੀ, ਪਰ ਕਹਾਣੀ ਦਾ ਕੈਨਵਸ ਵਿਸ਼ਾਲ ਕਰਨ ਲਈ ਅਤੇ ਦਵੰਦ ਨੂੰ ਵਧੀਆ ਤਰੀਕੇ ਨਾਲ ਵਿਖਾਉਣ ਲਈ ‘ਹਰਜੀਤ’ ਦੀ ਸਿਰਜਣਾ ਹੁੰਦੀ ਹੈ। ਇੱਥੇ ਕਲਪਨਾ ਨੇ ਕੰਮ ਕਰਕੇ ਤਿੰਨ ਪੀੜ੍ਹੀਆਂ ਦੇ ਟਕਰਾਅ ਨੂੰ ਸਮਤੋਲ ਕਰ ਲਿਆ।

‘ਕਹਾਣੀ ਧਾਰਾ’ ਦੇ ਪਿਛਲੇ ਅੰਕ ਵਿੱਚ ਛਪੀ ਕਹਾਣੀ ‘ਮੈਲ’ ਬਾਰੇ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਜਦੋਂ ਸਦੀਆਂ ਤੋਂ ਹਾਸ਼ੀਆ-ਗ੍ਰਸਤ ਲੋਕ ਮੁੱਖਧਾਰਾ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਫਿਰ ਵੀ ਉਹਨਾਂ ਨੂੰ ਬਦਲਦੇ ਸਮਾਜ ਵਿੱਚ ਕਿਤੇ ਨਾ ਕਿਤੇ ਮੱਲੋ-ਜ਼ੋਰੀ ਅਤੇ ਨਾ-ਚਾਹੁੰਦਿਆਂ ਵੀ ਤ੍ਰਿਸਕਾਰ ਦਾ ਪਾਤਰ ਬਣਨਾ ਹੀ ਪੈਂਦਾ ਹੈ, ਜਿਸ ਲਈ ਉਹ ਕਦੇ ਜ਼ਿੰਮੇਵਾਰ ਨਹੀਂ ਰਹੇ ਅਤੇ ਜਿਸ ਚੀਜ਼ ਨੂੰ ਉਹਨਾਂ 'ਤੇ ਮੱਲੋ-ਮੱਲੀ ਥੋਪਿਆ ਗਿਆ ਹੈ।

ਭੇਦਭਾਵ ਵੱਖੋ-ਵੱਖਰੇ ਰੂਪਾਂ ਵਿੱਚ ਦੁਨੀਆ ਵਿੱਚ ਮੌਜੂਦ ਹੈ ਅਤੇ ਅੱਜ ਵੀ ਚੱਲਦਾ ਹੈ। ਮੇਰੇ ਲਈ ‘ਮੈਲ’ ਕਹਾਣੀ ਵਿੱਚ ਸਭ ਤੋਂ ਅਹਿਮ ਕੈਨੇਡਾ ਦੀ ਅਬਓਰੀਜਨਲ ਕਮਿਊਨਿਟੀ ਨਾਲ ਸੰਬੰਧਿਤ ‘ਮਾਰਕ ਸਟੋਨੀ’ ਸੀ। ਹਾਲਾਂਕਿ ‘ਮਾਰਕ ਸਟੋਨੀ’ ਅਤੇ ਲਵਇੰਦਰ ਵੱਖ-ਵੱਖ ਸ਼ਹਿਰਾਂ ਅਤੇ ਭੂਗੋਲਿਕ ਖਿੱਤਿਆਂ ਨਾਲ ਸੰਬੰਧਿਤ ਸਨ, ਪਰ ਦੋਹਾਂ ਦੇ ਨੇੜੇ ਰਹਿਣ ਦਾ ਅਨੁਭਵ ਮੇਰੇ ਕੋਲ ਸੀ।

ਉੱਥੇ ਇੱਕ ਸੁਨੇਹਾ ਦੇਣ ਅਤੇ ਭੇਦਭਾਵ ਨੂੰ ਹੋਰ ਵੱਡੇ ਰੂਪ ਵਿੱਚ ਵਿਖਾਉਣ ਲਈ ਮਾਰਕ ਸਟੋਨੀ ਅਤੇ ਲਵਇੰਦਰ ਨੂੰ ਇੱਕ ਮੰਚ 'ਤੇ ਲਿਆਉਣਾ ਪਿਆ। ਕਹਾਣੀ ਤੋਂ ਬਾਅਦ ਆਏ ਫ਼ੋਨ ਅਤੇ ਸੁਨੇਹੇ ਹੌਸਲਾ ਵਧਾਉਣ ਵਾਲੇ ਸਨ। ਨਾਲ ਹੀ ਕਹਾਣੀ ਪੜ੍ਹਨ ਤੋਂ ਬਾਅਦ ਜੋ ਸਵਾਲ ਕੀਤੇ ਗਏ ਕਿ ਸਿੱਖ ਧਰਮ ਵਿੱਚ ਜਾਤ ਬਾਰੇ ਗੱਲ ਕਰਨਾ ਜ਼ਰੂਰੀ ਸੀ, ਤਾਂ ਮੈਨੂੰ ਲੱਗਿਆ ਕਿ ਇਹੀ ਤਾਂ ਕਹਿਣਾ ਸੀ।

ਜਿਸ ਚੀਜ਼ ਨੂੰ ਲੈ ਕੇ ਸਿੱਖ ਧਰਮ ਦੀ ਸਥਾਪਨਾ ਹੋਈ, ਉਹੀ ਚੀਜ਼ ਅੱਜ ਵੀ ਇਸ ਵਿੱਚ ਮੌਜੂਦ ਹੈ ਅਤੇ ਲੋਕ ਜਾਣ ਲੱਗੇ ਵੀ ਇਹਨੂੰ ਨਾਲ ਲਿਜਾਣਾ ਨਹੀਂ ਭੁੱਲਦੇ। ਫਿਰ ਮਾਰਕ ਸਟੋਨੀ ਹੋਰਾਂ ਲਈ ਤਾਂ ਅੱਜ ਵੀ ਸਾਡਾ ਧਰਮ ਸਰਬਉੱਚ ਹੈ, ਕਿਉਂਕਿ ਉਹਨਾਂ ਦੇ ਮੁਤਾਬਕ ਸਾਡੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੈ। ਇਸੇ ਕਰਕੇ ਮੇਰੇ ਲਈ ਲਵਇੰਦਰ ਨਾਲੋਂ ਮਾਰਕ ਸਟੋਨੀ ਦੀ ਸਿਰਜਣਾ ਵੱਧ ਮਹੱਤਵਪੂਰਨ ਸੀ।

‘ਮਰਡਰ’ ਕਹਾਣੀ ਦਾ ਤਾਰੀ ਮੇਰਾ ਕਲਾਸਮੇਟ ਸੀ ਅਤੇ ਇਸ ਵਿੱਚ ਦੱਸਣ ਵਿੱਚ ਕੋਈ ਝਿਜਕ ਨਹੀਂ ਕਿ ਉਹਦੀ ਮੌਤ ਬਿਲਕੁਲ ਉਵੇਂ ਹੀ ਹੁੰਦੀ ਹੈ ਜਿਵੇਂ ਕਹਾਣੀ ਵਿੱਚ ਵਿਖਾਇਆ ਹੈ। ਪਰ ਉਹਦੇ ਵਿੱਚ ਬਹੁਤ ਸਾਰੇ ਬਦਲਾਅ ਮੈਂ ਆਪ ਕੀਤੇ ਸਨ ਕਿ ਸਮਾਜਿਕ ਕਤਲ ਕਿਵੇਂ ਹੁੰਦਾ ਹੈ, ਸਿਆਸੀ ਮੌਤ ਕਿਵੇਂ ਮਾਰੀ ਜਾਂਦੀ ਹੈ ਅਤੇ ਕਾਤਲ ਹੋਣ ਦੇ ਬਾਵਜੂਦ ਵੀ ਸਿਸਟਮ ਸਭ ਕਾਸੇ ਤੋਂ ਸੁਰਖ਼ਰੂ ਕਿਵੇਂ ਹੋ ਜਾਂਦਾ ਹੈ।

ਤਾਰੀ ਦੀ ਆਰਥਿਕਤਾ ਜਾਂ ਸਮਾਜਿਕ ਸਥਿਤੀ ਬਾਰੇ ਬਹੁਤਾ ਪਤਾ ਨਾ ਹੋਣ ਦੇ ਬਾਵਜੂਦ, ਕਿਉਂਕਿ ਮੈਂ ਬਾਹਰ ਰਹਿਣ ਕਰਕੇ ਕੱਟ-ਆਫ਼ ਸੀ, ਉਸ ਸਭ ਵਿੱਚ ਬਹੁਤ ਕੁਝ ਮੇਰੀ ਕਲਪਨਾ ਦਾ ਹਿੱਸਾ ਬਣਦਾ ਹੈ। ਉਸੇ ਕਲਪਿਤ ਹਿੱਸੇ ਵਿੱਚ ਮੈਂ ਲਵਲੀ ਦੇ ਰਾਹੀਂ ਕਹਾਣੀ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ। ਇੱਕ ਆਰਥਿਕ ਪਾੜਾ, ਸਿੱਖਿਆ ਦਾ ਮਹੱਤਵ ਅਤੇ ਸਮਾਜਿਕ ਤ੍ਰਾਸਦੀ—ਇਹ ਸਭ ਰੰਗ ਭਰਨ ਲਈ ਦਿਮਾਗ ਨੇ ਜ਼ੋਰ ਲਾਇਆ ਅਤੇ ਯਥਾਰਥ ਤੋਂ ਪਰ੍ਹੇ ਇੱਕ ਕਿਰਤ ਦਾ ਰੂਪ ਧਾਰਿਆ।

ਕਹਾਣੀ ਦੀ ਸਿਰਜਣਾ ਵੇਲੇ ਬਹੁਤ ਕੁਝ ਅਚੇਤ ਰੂਪ ਵਿੱਚ ਹੀ ਹੁੰਦਾ ਹੈ ਅਤੇ ਬਣੀ-ਬਣਾਈ ਕਹਾਣੀ ਦਿਮਾਗ ਤੋਂ ਬਾਹਰ ਆ ਕੇ ਕਾਗਜ਼ਾਂ 'ਤੇ ਨੱਚਦੀ ਹੈ। ਪਰ ਇਸ ਸਭ ਵਿੱਚ ਮੇਰੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਕਿਰਦਾਰ ਘੜਨ ਲੱਗਿਆਂ ਮੈਂ ਇੱਕ ਵਾਰ ਖੁਦ ਉਸ ਥਾਂ ਖੜ੍ਹ ਕੇ ਵੇਖ ਲਵਾਂ। ਸਿਰਫ਼ ਉਹ ਪੱਖ ਉਭਾਰੇ ਜਾਣ ਜੋ ਜ਼ਰੂਰੀ ਹੋਣ।

ਜਿਵੇਂ ਉੱਪਰ ਦੱਸਿਆ ਹੈ ਕਿ ਯਥਾਰਥ ਪਹਿਲਾਂ ਹੁੰਦਾ ਹੈ ਅਤੇ ਉਸੇ ਦੇ ਸਹੀ ਤੇ ਸਾਹਿਤਕ ਰੂਪ ਨੂੰ ਵਿਖਾਉਣ ਲਈ ਕਲਪਨਾ ਦੀ ਵਰਤੋਂ ਕਰਨੀ ਪੈਂਦੀ ਹੈ। ‘ਬੁਝਾਰਤ’ ਕਹਾਣੀ ਤਾਂ ਨਿਰੀ-ਪੁਰੀ ਕਲਪਨਾ 'ਤੇ ਆਧਾਰਿਤ ਹੈ, ਜਿੱਥੇ ਮੈਂ ਅੱਜ ਦੇ ਚੱਲ ਰਹੇ ਹਾਲਾਤਾਂ ਦੇ ਭਵਿੱਖ 'ਤੇ ਪੈਣ ਵਾਲੇ ਪ੍ਰਭਾਵ ਦੀ ਗੱਲ ਕੀਤੀ ਹੈ।

ਬੜੇ ਵਾਰ ਹੋਇਆ ਕਿ ਕਹਾਣੀ ਸ਼ੁਰੂ ਕਿਸੇ ਹੋਰ ਤਰੀਕੇ ਨਾਲ ਕੀਤੀ ਜਾਂਦੀ ਹੈ ਅਤੇ ਤੁਰਦੀ-ਤੁਰਦੀ ਮੋੜ ਕੱਟ ਕੇ ਹੋਰ ਹੀ ਰੂਪ ਵਟਾ ਲੈਂਦੀ ਹੈ। ਕਈ ਵਾਰ ਤਾਂ ਕਲਪਨਾ ਤੋਂ ਪਰ੍ਹੇ ਪਾਤਰ ਹੋਰ ਨਿੱਖਰ ਜਾਂਦੇ ਹਨ ਜਾਂ ਆਪਣਾ ਮੂੰਹ-ਮੁਹਾਂਦਰਾ ਹੀ ਬਦਲ ਦਿੰਦੇ ਹਨ। ਪਰ ਕਹਾਣੀ ਨੂੰ ਲਿਖਣ ਤੋਂ ਬਾਅਦ ਹੀ ਸ਼ੇਡ ਦਿੱਤੀ ਜਾ ਸਕਦੀ ਹੈ। ਜ਼ਬਰਦਸਤੀ ਚਾਹ ਕੇ ਕੁਝ ਵੀ ਘੁਸੇੜਿਆ ਨਹੀਂ ਜਾ ਸਕਦਾ। ਉਹ ਫਿਰ ਕਹਾਣੀਕਾਰ ਦੀ ਥੋਪ ਹੀ ਰਹਿ ਜਾਵੇਗੀ ਅਤੇ ਮੂਲ ਤੱਤ ਗਵਾਚ ਜਾਣਗੇ।

ਕੋਸ਼ਿਸ਼ ਫਿਰ ਵੀ ਇਹੀ ਰਹਿੰਦੀ ਹੈ ਕਿ ਅਸਲੀਅਤ ਦੇ ਨੇੜੇ ਰਹਿ ਕੇ ਤਕਨੀਕੀ ਤੌਰ 'ਤੇ ਜਾਇਜ਼ ਗੱਲ ਕਹੀ ਜਾਵੇ। ਬਾਕੀ ਹਰ ਥਾਂ ਅਨੁਭਵ ਦਾ ਆਪਣਾ ਮਹੱਤਵ ਹੈ ਅਤੇ ਇੱਥੇ ਆ ਕੇ ਲੱਗਦਾ ਹੈ ਕਿ ਮੇਰਾ ਅਨੁਭਵ ਸਾਲ ਦਾ ਵੀ ਨਹੀਂ ਹੋਇਆ। ਪਰ ਜਿਵੇਂ-ਜਿਵੇਂ ਸਮਾਂ ਤੁਰ ਰਿਹਾ ਹੈ, ਕਹਾਣੀ ਦਾ ਅਧਿਐਨ ਇਸ ਸਭ ਲਈ ਮਦਦ ਕਰ ਰਿਹਾ ਹੈ ਅਤੇ ਹੋਰ ਵੀ ਸੁਚੇਤ ਰੂਪ ਨਾਲ ਪਾਤਰਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ।

ਮੈਂ ਅੰਤ ਵਿੱਚ ਵੱਡੇ ਵੀਰ ਭਗਵੰਤ ਰਸੂਲਪੁਰੀ ਹੋਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਪਾਤਰ ਅਤੇ ਪਾਤਰ-ਸਿਰਜਣਾ ਬਾਰੇ ਗੱਲਬਾਤ ਲਈ ਸੱਦਾ ਦਿੱਤਾ। ਮੈਨੂੰ ਇਹ ਨਹੀਂ ਪਤਾ ਕਿ ਮੈਂ ਕਿਵੇਂ ਲਿਖਿਆ ਜਾਂ ਕਿੱਦਾਂ ਲਿਖਿਆ, ਪਰ ਲਿਖਣਾ ਮੇਰੇ ਲਈ ਇੱਕ ਵੱਡੇ ਮੌਕੇ ਵਾਂਗ ਸੀ, ਜਿੱਥੇ ਮੈਂ ਆਪਣੀ ਅਤੇ ਆਪਣੇ ਪਾਤਰਾਂ ਬਾਰੇ ਗੱਲ ਕਰ ਸਕਿਆ।

ਭਗਵੰਤ ਬਾਈ ਦੀ ਕਹਾਣੀ ਕਲਾ ਮੈਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਹਨਾਂ ਦੀਆਂ ਰਚਨਾਵਾਂ ਮੈਂ ਹਮੇਸ਼ਾ ਚਾਹ ਨਾਲ ਪੜ੍ਹਦਾ ਹਾਂ। ਪਾਤਰਾਂ ਬਾਰੇ ਇਉਂ ਗੱਲ ਕਰਨਾ ਇੱਕ ਨਵੇਂ ਤਜਰਬੇ ਵਿੱਚੋਂ ਨਿਕਲਣ ਵਾਂਗ ਹੈ। ‘ਕਹਾਣੀ ਧਾਰਾ’ ਮੈਗਜ਼ੀਨ ਅਤੇ ਸਮੁੱਚੀ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਧੰਨਵਾਦ।


ਇਹ ਰਚਨਾ ਕਹਾਣੀ ਧਾਰਾ ਮੈਗਜ਼ੀਨ ਵਿੱਚ ਸਾਲ 2025 ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ।