ਘੁਸਮੁਸੇ ਹੋ ਚੱਲੇ ਦਿਨ ‘ਚ ਸੂਰਜ ਦਾ ਗੁੱਸਾ ਅੰਗਾਰ ਤੋਂ ਰਾਖ ਬਣ ਠਰਦਾ ਜਾ ਰਿਹਾ ਸੀ। ਪੰਛੀ ਆਲਣਿਆਂ ਨੂੰ ਪਰਤਣ ਦੀ ਤਿਆਰੀ ‘ਚ ਅੰਬਰੋ ਉੱਤਰ ਰਹੇ ਸਨ। ਛੇਤੀ ਹੀ ਕਾਲੀ ਚਾਦਰ ਦਿਨ ਦੀ ਚਿੱਟੀ ਲੋਅ ਨੂੰ ਆਪਣੀ ਬੁੱਕਲ ‘ਚ ਸਮੇਟਣ ਦੀ ਤਿਆਰੀ ਵਿੱਚ ਸੀ।
ਮੈਂ ਅੱਜ ਆਮ ਨਾਲੋਂ ਪਹਿਲਾਂ ਵਿਹਲਾ ਹੋ ਘਰ ਦੀਆਂ ਬਰੂਹਾਂ ਤੇ ਪੱਬ ਹੀ ਟਿਕਾਏ ਸੀ। ਰੋਜ਼ ਦੀ ਮੂੰਗੀ ਖਾ ਕੇ ਅੱਕੀ ਮੇਰੀ ਜੈਸੀ ਬੇਗਮ ਨੂੰ ਕੁਝ ਕਰਾਰਾ ਖਵਾਉਣ ਤੇ ਸ਼ੌਪਿੰਗ ਦਾ ਲਾਰਾ ਲਾਈ ਬੈਠਾ ਸੀ।
ਮੈਂ ਗੱਡੀ ਬਾਹਰ ਹੀ ਖੜ੍ਹੀ ਕਰ ਬੈਗ ਚੁੱਕ ਟਾਈ ਦੀ ਗੰਢ ਢਿੱਲੀ ਕਰਦਾ ਹੋਇਆ ਪੌੜੀ ਚੜ੍ਹ ਹਾਲੇ ਡੋਰ ਬੈੱਲ ਮਾਰੀ ਹੀ ਸੀ ਕਿ ਏਨੇ ਨੂੰ ਪੁਲੀਸ ਦੀਆਂ ਗੱਡੀਆਂ ਨੇ ਰੌਲਾ ਪਾ ਕੇ ਜਿਵੇਂ ਆਸਮਾਨ ਸਿਰ ਤੇ ਚੁੱਕ ਲਿਆ ਤੇ ਗਰਦ ਉਠਾਉਂਦੀਆਂ ਰੰਗ-ਬਿਰੰਗੀਆਂ ਲਾਈਟਾਂ ਛੱਡਦੀਆਂ ਸਾਡੇ ਸਾਮ੍ਹਣੇ ਤੋਂ ਦੂਜੇ ਘਰ ਦੇ ਮੂਹਰੇ ਆਣ ਰੁਕੀਆਂ।
ਸਾਡੇ ਘਰ ਦਾ ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਵੀ ਮੇਰੀ ਨਿਗ੍ਹਾ ਸਾਮ੍ਹਣੇ ਵਾਪਰ ਰਹੇ ਨਜ਼ਾਰੇ ਵੱਲ ਗੱਡੀ ਗਈ। ਗੱਡੀ ‘ਚੋਂ ਨਿਕਲ ਕੁਝ ਸਿਪਾਹੀ ਘਰ ਦੀ ਬੈਕਸਾਇਡ ਵੱਲ ਨੂੰ ਗੋਲ਼ੀ ਵਾਂਗ ਭੱਜੇ ਤੇ ਬਾਕੀ ਵਰਦੀਧਾਰੀਆਂ ਨੇ ਘਰ ਨੂੰ ਘੇਰਾ ਪਾਉਂਦਿਆਂ ਸਰਕਲ ਬਣਾ ਕੇ ਗੰਨਾਂ ਅੱਖ ਦੀ ਸੇਧ ਨੂੰ ਤਾਣ ਲਈਆਂ। ਉਹ ਸਪੀਕਰ ਰਾਹੀਂ ਨਾ ਭੱਜਣ ਤੇ ਬਾਹਰ ਆਉਣ ਦੀ ਚਿਤਾਵਨੀ ਦੇਣ ਲੱਗੇ। ਮੈਂ ਸਾਰਾ ਕੁਝ ਹੈਰਾਨੀ ਨਾਲ ਵੇਖਦਿਆਂ ਪੌੜੀਆਂ ਉੱਤਰ ਕੇ ਦੁਬਾਰਾ ਕਾਰ ਕੋਲ ਆ ਗਿਆ।